Russia Ukraine Meeting : ਜੰਗ ਵਿਚਾਲੇ ਰੂਸ ਤੇ ਯੂਕ੍ਰੇਨ ਵਿਚਾਲੇ ਹੋਈ ਗੱਲਬਾਤ ਖ਼ਤਮ, ਜਾਣੋ ਕੀ ਹੋਇਆ
Monday, Feb 28, 2022 - 11:17 PM (IST)
ਇੰਟਰਨੈਸ਼ਨਲ ਡੈਸਕ : ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਰੋਕਣ ਲਈ ਦੋਹਾਂ ਦੇਸ਼ਾਂ ਵਿਚਾਲੇ ਬੇਲਾਰੂਸ ’ਚ ਹੋ ਰਹੀ ਗੱਲਬਾਤ ਖ਼ਤਮ ਹੋ ਗਈ ਹੈ। ਦੋਹਾਂ ਦੇਸ਼ਾਂ ਦੇ ਨੁਮਾਇੰਦੇ ਆਪਣੀ ਦੁਸ਼ਮਣੀ ਖ਼ਤਮ ਕਰਨ ਅਤੇ ਸ਼ਾਂਤੀ ਬਹਾਲ ਕਰਨ ਲਈ ਗੱਲਬਾਤ ਕਰ ਰਹੇ ਸਨ। ਮੀਟਿੰਗ ਕਈ ਘੰਟੇ ਚੱਲੀ, ਹਾਲਾਂਕਿ ਇਸ ਦੇ ਬਾਵਜੂਦ ਇਹ ਕੋਈ ਨਿਸ਼ਚਿਤ ਫ਼ੈਸਲੇ ’ਤੇ ਨਹੀਂ ਪਹੁੰਚੀ। ਖਬਰਾਂ ਮੁਤਾਬਕ ਗੱਲਬਾਤ ’ਚ ਯੂਕ੍ਰੇਨ ਨੇ ਕ੍ਰੀਮੀਆ ਅਤੇ ਡੋਨਬਾਸ ਸਮੇਤ ਪੂਰੇ ਦੇਸ਼ ਤੋਂ ਰੂਸੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ। ਪਹਿਲੇ ਦੌਰ ਦੀ ਗੱਲਬਾਤ ਤੋਂ ਬਾਅਦ ਹੁਣ ਜਲਦ ਹੀ ਦੂਜੇ ਦੌਰ ਦੀ ਗੱਲਬਾਤ ਦੀ ਵੀ ਗੱਲ ਚੱਲ ਰਹੀ ਹੈ।
ਇਹ ਵੀ ਪੜ੍ਹੋ : Russia Ukraine War : ਜੰਗ ਦਾ ਤਜਰਬਾ ਰੱਖਣ ਵਾਲੇ ਕੈਦੀਆਂ ਨੂੰ ਰਿਹਾਅ ਕਰੇਗਾ ਯੂਕ੍ਰੇਨ
ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਵਫ਼ਦ ਸਲਾਹ-ਮਸ਼ਵਰੇ ਲਈ ਕੀਵ ਅਤੇ ਮਾਸਕੋ ਵਾਪਸ ਪਰਤਣਗੇ। ਦੂਜੇ ਦੌਰ ਦੀ ਗੱਲਬਾਤ ਪੋਲਿਸ਼-ਬੇਲਾਰੂਸ ਸਰਹੱਦ ’ਤੇ ਹੋਵੇਗੀ। ਇਸ ਤੋਂ ਪਹਿਲਾਂ ਯੂਕ੍ਰੇਨ ਨੇ ਤੁਰੰਤ ਜੰਗਬੰਦੀ ਲਾਗੂ ਕਰਨ ਅਤੇ ਆਪਣੀ ਜ਼ਮੀਨ ਤੋਂ ਰੂਸੀ ਸੈਨਿਕਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਸੀ। ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਇਸ ਮੀਟਿੰਗ ਤੋਂ ਕਾਫ਼ੀ ਉਮੀਦਾਂ ਜਤਾਈਆਂ ਜਾ ਰਹੀਆਂ ਹਨ। ਇਸ ਜੰਗ ’ਚ ਹੁਣ ਤੱਕ ਰੂਸ ਅਤੇ ਯੂਕ੍ਰੇਨ ਦੋਵਾਂ ਦਾ ਵੱਡਾ ਨੁਕਸਾਨ ਹੋਇਆ ਹੈ। ਵੱਡੀ ਗਿਣਤੀ ’ਚ ਲੋਕ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ ਵਿਚ ਸ਼ਰਨ ਲੈ ਚੁੱਕੇ ਹਨ।