ਰੂਸ ਨੇ ਯੂਕ੍ਰੇਨ ’ਤੇ 595 ਡਰੋਨਾਂ ਤੇ 48 ਮਿਜ਼ਾਈਲਾਂ ਨਾਲ ਕੀਤਾ ਹਮਲਾ ; 4 ਦੀ ਮੌਤ, 67 ਜ਼ਖਮੀ

Monday, Sep 29, 2025 - 12:19 PM (IST)

ਰੂਸ ਨੇ ਯੂਕ੍ਰੇਨ ’ਤੇ 595 ਡਰੋਨਾਂ ਤੇ 48 ਮਿਜ਼ਾਈਲਾਂ ਨਾਲ ਕੀਤਾ ਹਮਲਾ ; 4 ਦੀ ਮੌਤ, 67 ਜ਼ਖਮੀ

ਕੀਵ- ਰੂਸ ਨੇ ਯੂਕ੍ਰੇਨ ’ਤੇ ਐਤਵਾਰ 595 ਡਰੋਨਾਂ ਤੇ 48 ਮਿਜ਼ਾਈਲਾਂ ਨਾਲ ਘਾਤਕ ਹਮਲਾ ਕੀਤਾ, ਜਿਸ ਦੌਰਾਨ 4 ਵਿਅਕਤੀ ਮਾਰੇ ਗਏ ਤੇ ਘੱਟੋ-ਘੱਟ 67 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਸਭ ਤੋਂ ਵੱਧ ਨੁਕਸਾਨ ਰਾਜਧਾਨੀ ਕੀਵ ’ਚ ਹੋਇਆ। ਪਿਛਲੇ ਮਹੀਨੇ ਇਕ ਹਵਾਈ ਹਮਲੇ ’ਚ 21 ਵਿਅਕਤੀਆਂ ਦੀ ਮੌਤ ਤੋਂ ਬਾਅਦ ਇਹ ਪਹਿਲਾ ਵੱਡਾ ਹਮਲਾ ਸੀ। ਕੀਵ ਦੇ ਸ਼ਹਿਰੀ ਪ੍ਰਸ਼ਾਸਨ ਦੇ ਮੁਖੀ ਟਿਮੂਰ ਟਾਕਾਚੇਂਕੋ ਨੇ ਸੋਸ਼ਲ ਮੀਡੀਆ ’ਤੇ ਜਾਨੀ ਨੁਕਸਾਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਸਿਵਲ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ’ਚ 10 ਹੋਰ ਵਿਅਕਤੀ ਵੀ ਜ਼ਖਮੀ ਹੋਏ ਹਨ। ਮਰਨ ਵਾਲਿਆਂ ’ਚ 12 ਸਾਲ ਦੀ ਇਕ ਕੁੜੀ ਵੀ ਸ਼ਾਮਲ ਹੈ।

ਸ਼ਹਿਰ ਦੇ ਕੇਂਦਰ ’ਚ ਹੋਏ ਧਮਾਕਿਆਂ ਕਾਰਨ ਸੰਘਣਾ ਕਾਲਾ ਧੂੰਆਂ ਫੈਲ ਗਿਆ। ਇਹ ਇਕ ਭਿਆਨਕ ਦ੍ਰਿਸ਼ ਸੀ। ਯੂਕ੍ਰੇਨੀ ਹਥਿਆਰਬੰਦ ਫੋਰਸਾਂ ਨੇ ਦਾਅਵਾ ਕੀਤਾ ਕਿ ਰੂਸ ਨੇ ਰਾਤੋ-ਰਾਤ 595 ਡਰੋਨਾਂ ਤੇ 48 ਮਿਜ਼ਾਈਲਾਂ ਨਾਲ ਇਹ ਹਮਲਾ ਕੀਤਾ ਜਦੋਂ ਕਿ ਇਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ 568 ਡਰੋਨਾਂ ਤੇ 43 ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ। ਫੌਜ ਅਨੁਸਾਰ ਹਮਲੇ ਦਾ ਮੁੱਖ ਨਿਸ਼ਾਨਾ ਰਾਜਧਾਨੀ ਕੀਵ ਹੀ ਸੀ। ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ 12 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਹਮਲੇ ਦੌਰਾਨ ਇਕ ਕਾਰਡੀਓਲੋਜੀ ਕਲੀਨਿਕ, ਕਈ ਫੈਕਟਰੀਆਂ ਤੇ ਰਿਹਾਇਸ਼ੀ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਦੂਜੇ ਪਾਸੇ ਰੂਸੀ ਰੱਖਿਆ ਮੰਤਰਾਲਾ ਨੇ ਐਤਵਾਰ ਐਲਾਨ ਕੀਤਾ ਕਿ ਉਸ ਨੇ ਹਵਾਈ ਅੱਡਿਆਂ ਸਮੇਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੰਬੀ ਦੂਰੀ ਦੇ ਹਵਾਈ ਤੇ ਸਮੁੰਦਰੀ ਹਥਿਆਰਾਂ ਨਾਲ ਯੂਕ੍ਰੇਨ ’ਤੇ ਹਮਲਾ ਕੀਤਾ। ਮਾਸਕੋ ਨੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਸਪੱਸ਼ਟ ਰੂਪ ’ਚ ਇਨਕਾਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News