ਰੂਸ ਨੇ ਕੀਤਾ ਨਵੀਂ ਬੈਲਿਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ

03/30/2018 9:01:07 PM

ਮਾਸਕੋ— ਰੂਸੀ ਫੌਜ ਨੇ ਕਿਹਾ ਹੈ ਕਿ ਉਸ ਨੇ ਆਪਣੀ ਨਵੀਂ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਉੱਤਰੀ-ਪੱਛਮੀ ਰੂਸ ਦੇ ਪਲੇਸੇਟਸਕ ਤੋਂ 'ਸਰਮਤ' ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ। 'ਸਰਮਤ' ਮਿਜ਼ਾਇਲ ਸੋਵੀਅਤ ਯੁੱਗ 'ਚ ਡਿਜਾਇਨ ਕੀਤੇ ਗਏ 'ਵੋਏਨੋਡਾ' ਦੀ ਥਾਂ ਲਵੇਗੀ। 'ਵੋਏਵੋਡਾ' ਦੁਨੀਆ ਦਾ ਸਭ ਤੋਂ ਭਾਰੀ ਆਈ.ਸੀ.ਬੀ.ਐੱਮ. ਹੈ, ਜਿਸ ਨੂੰ ਪੱਛਮੀ ਦੇਸ਼ਾਂ 'ਚ 'ਸ਼ੈਤਾਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ 'ਸਰਮਤ' ਦਾ ਭਾਰ 200 ਮੀਟ੍ਰਿਕ ਟਨ ਹੈ ਤੇ ਇਹ 'ਵੋਏਵੋਡਾ' ਨਾਲੋਂ ਜ਼ਿਆਦਾ ਲੰਬੀ ਦੂਰੀ ਤਕ ਮਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਸੀ ਕਿ 'ਸਰਮਤ' ਉੱਤਰੀ ਜਾਂ ਦੱਖਣੀ ਧਰੁੱਵਾਂ 'ਤੇ ਉਡਾਣ ਭਰ ਸਕਦੀ ਹੈ ਤੇ ਦੁਨੀਆ 'ਚ ਕਿਸੇ ਵੀ ਥਾਂ 'ਤੇ ਆਪਣੇ ਟੀਚੇ ਨੂੰ ਮਾਰ ਸਕਦੀ ਹੈ। ਪੁਤਿਨ ਨੇ ਇਹ ਵੀ ਕਿਹਾ ਸੀ ਕਿ 'ਸਰਮਤ' 'ਵੋਏਵੋਡਾ' ਦੀ ਤੁਲਨਾ 'ਚ ਆਪਣੇ ਨਾਲ ਜ਼ਿਆਦਾ ਵੱਡੀ ਮਾਤਰਾ 'ਚ ਜੰਗੀ ਸਾਜੋ ਸਾਮਾਨ ਲੈ ਜਾ ਸਕਦੀ ਹੈ।


Related News