ਪੁਲਸ ਨੇ ਸਰਚ ਆਪ੍ਰੇਸ਼ਨ ਦੌਰਾਨ ਕਈ ਪਿੰਡਾਂ ’ਚ ਘਰ-ਘਰ ਜਾ ਕੇ ਲਈ ਤਲਾਸ਼ੀ
Monday, Jul 01, 2024 - 06:30 PM (IST)
ਪਾਤੜਾਂ (ਸਨੇਹੀ) : ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜਰ ਸੀਨੀਅਰ ਪੁਲਸ ਅਧਿਕਾਰੀਆਂ ਦੇ ਦਿੱਤੇ ਦਿਸ਼ਾ- ਨਿਰਦੇਸ਼ਾਂ ’ਤੇ ਚਲਦਿਆਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪਾਤੜਾਂ ਪੁਲਸ ਨੇ ਪਾਤੜਾਂ ਅਤੇ ਇਸ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿਚ ਅੱਜ ਸਵੇਰੇ ਰੇਡ ਕਰਕੇ ਘਰਾਂ ਦੀ ਤਲਾਸ਼ੀ ਕੀਤੀ। ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਹ ਆਪਰੇਸ਼ਨ ਪਾਤੜਾਂ ਦੇ ਹਰਮਨ ਨਗਰ ਤੋਂ ਇਲਾਵਾ ਪਿੰਡ ਕਾਹਨਗੜ੍ਹ, ਖਸਪੁਰ, ਦੁਤਾਲ ਮੌਲਵੀਵਾਲਾ ਵਿਖੇ ਅੱਜ ਸਵੇਰੇ 5 ਵਜੇ ਰੇਡ ਕੀਤੀ ਗਈ ਹੈ ਜਦੋਂ ਕਿ ਘਰਾਂ ਵਿਚ ਲੋਕ ਸੁੱਤੇ ਪਏ ਸੀ ਉਸ ਵਕਤ ਪੁਲਸ ਦੇ ਅਧਿਕਾਰੀਆਂ ਨੇ ਪਿੰਡਾਂ ਵਿਚ ਘਰ -ਘਰ ਤਲਾਸ਼ੀ ਲੈ ਕੇ ਡਰੱਗ ਰੋਕੋ ਮੁਹਿੰਮ ਚਲਾਈ । ਇਸ ਮੁਹਿੰਮ ਤਹਿਤ ਭਾਵੇਂ ਕੁਝ ਨਹੀਂ ਮਿਲਿਆ ਪਰ ਲੋਕਾਂ ਨੂੰ ਇਸ ਸਬੰਧੀ ਇੱਕ ਖੌਫ ਜ਼ਰੂਰ ਦੇਖਣ ਨੂੰ ਮਿਲਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਾਤੜਾਂ ਥਾਣਾ ਮੁਖੀ ਸਬ ਇੰਸਪੈਕਟਰ ਯਸਪਾਲ ਸ਼ਰਮਾਂ ਨੇ ਦੱਸਿਆ ਕਿ ਪਾਤੜਾਂ ਇਲਾਕੇ ਅੰਦਰ ਨਸ਼ਿਆ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਅੱਜ ਸਵੇਰ ਸਮੇਂ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਸ਼ੱਕੀ ਘਰਾਂ ਦੇ ਤਲਾਸ਼ੀ ਲਈ ਗਈ ਹੈ ਤਾਂ ਜੋ ਕੋਈ ਵੀ ਵਿਅਕਤੀ ਨਸ਼ਿਆਂ ਦੀ ਸਮੱਗਲਿੰਗ ਨਾ ਕਰ ਸਕੇ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੁਲਸ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਕਿਸੇ ਵੀ ਮਾੜੇ ਅਨਸਰ ਨੂੰ ਨੱਥ ਪਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪੁਲਸ ਫੋਰਸ ਦੇ ਜਵਾਨਾਂ ਤੋਂ ਇਲਾਵਾ ਲੇਡੀਜ਼ ਪੁਲਸ ਫੋਰਸ ਵੀ ਮੌਜੂਦ ਸੀ।