ਲਾਲ ਗੇਂਦ ਦੀ ਟਰਾਫੀ ਵੀ ਹਾਸਲ ਕਰੋ : ਦ੍ਰਾਵਿੜ ਨੇ ਕੋਹਲੀ ਨੂੰ ਕਿਹਾ

Monday, Jul 01, 2024 - 07:21 PM (IST)

ਲਾਲ ਗੇਂਦ ਦੀ ਟਰਾਫੀ ਵੀ ਹਾਸਲ ਕਰੋ : ਦ੍ਰਾਵਿੜ ਨੇ ਕੋਹਲੀ ਨੂੰ ਕਿਹਾ

ਬ੍ਰਿਜਟਾਊਨ, (ਭਾਸ਼ਾ)– ਭਾਰਤੀ ਕ੍ਰਿਕਟ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਟੀ-20 ਵਿਸ਼ਵ ਕੱਪ ਜਿੱਤਣ ਦੇ ਕੁਝ ਘੰਟੇ ਬਾਅਦ ਤੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਵੀ ਕੰਮ ਸੌਂਪਿਆ ਹੈ। ਦ੍ਰਾਵਿੜ ਨੇ ਭਾਰਤੀ ਡ੍ਰੈਸਿੰਗ ਰੂਮ ਵਿਚ ਜਸ਼ਨ ਦੀ ਵੀਡੀਓ ਵਿਚ ਕੋਹਲੀ ਨੂੰ ਕਿਹਾ, ‘‘ਤਿੰਨੇ ਸਫੈਦ ਤਾਂ ਹਾਸਲ ਕਰ ਲਏ, ਇਕ ਲਾਲ ਬਾਕੀ ਹੈ। ਉਸ ਨੂੰ ਵੀ ਹਾਸਲ ਕਰ ਲਓ।’’

ਤਿੰਨੇ ਸਫੈਦ ਅਰਥਾਤ ਟੀ-20 ਵਿਸ਼ਵ ਕੱਪ, ਵਨ ਡੇ ਵਿਸ਼ਵ ਕੱਪ ਤੇ ਚੈਂਪੀਅਨਸ ਟਰਾਫੀ ਹਨ ਜਿਹੜੀਆਂ ਕੋਹਲੀ ਨੇ ਜਿੱਤ ਲਈਆਂ ਹਨ। ਹੁਣ ਸਿਰਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਜਿੱਤਣਾ ਬਾਕੀ ਹੈ। ਭਾਰਤ ਦੋ ਵਾਰ ਡਬਲਯੂ. ਟੀ. ਸੀ. ਫਾਈਨਲ (2021 ਵਿਚ ਨਿਊਜ਼ੀਲੈਂਡ ਹੱਥੋਂ ਤੇ 2023 ਵਿਚ ਆਸਟ੍ਰੇਲੀਆ ਹੱਥੋਂ) ਹਾਰ ਚੁੱਕਾ ਹੈ। 35 ਸਾਲਾ ਕੋਹਲੀ ਨੇ ਵਿਸ਼ਵ ਕੱਪ ਜਿੱਤਣ ਦੇ ਨਾਲ ਹੀ ਟੀ-20 ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਦ੍ਰਾਵਿੜ ਦੇ ਇਸ ਬਿਆਨ ’ਤੇ ਮੁਸਕਰਾ ਰਿਹਾ ਹੈ। ਇਸ ਵੀਡੀਓ ਵਿਚ ਸੂਰਯਕੁਮਾਰ ਯਾਦਵ ਵੀ ਹੈ, ਜਿਸ ਨੇ ਫਾਈਨਲ ਵਿਚ ਡੇਵਿਡ ਮਿਲਰ ਦਾ ਸ਼ਾਨਦਾਰ ਕੈਚ ਫੜਿਆ ਸੀ।

ਭਾਰਤੀ ਟੀਮ ਫਿਲਹਾਲ ਬਾਰਬਾਡੋਸ ਵਿਚ ਹੀ ਹੈ ਕਿਉਂਕਿ ਤੂਫਾਨ ਬੇਰਿਲ ਦੀ ਚੇਤਾਵਨੀ ਕਾਰਨ ਉਢਾਣ ਸੇਵਾਵਾਂ ਬੰਦ ਹਨ। ਭਾਰਤੀ ਟੀਮ ਨੂੰ ਦੁਬਈ ਦੇ ਰਸਤੇ ਨਿਊਯਾਰਕ ਤੋਂ ਅਮੀਰਾਤ ਦੀ ਉਢਾਣ ਲੈਣੀ ਸੀ। ਭਾਰਤੀ ਦਲ ਵਿਚ ਸਹਿਯੋਗੀ ਸਟਾਫ, ਪਰਿਵਾਰਕ ਮੈਂਬਰ ਤੇ ਅਧਿਕਾਰੀਆਂ ਸਮੇਤ 70 ਮੈਂਬਰ ਹਨ।


author

Tarsem Singh

Content Editor

Related News