ਹਾਈਟੈਂਸ਼ਨ ਲਾਈਨ ਦੀ ਤਾਰ ਟੁੱਟ ਕੇ ਟਰੈਕਟਰ 'ਤੇ ਡਿੱਗੀ, ਜ਼ਿੰਦਾ ਸੜ ਗਿਆ ਮੁੰਡਾ
Tuesday, Jul 02, 2024 - 12:18 AM (IST)

ਨੈਸ਼ਨਲ ਡੈਸਕ : ਰਾਜਸਥਾਨ ਦੇ ਸ਼ਾਹਪੁਰਾ ਜ਼ਿਲ੍ਹੇ ਦੇ ਬਿਲੇਠਾ ਇਲਾਕੇ ਵਿਚ ਹਾਈਟੈਂਸ਼ਨ ਬਿਜਲੀ ਲਾਈਨ ਦੀ ਤਾਰ ਟੁੱਟ ਕੇ ਟਰੈਕਟਰ 'ਤੇ ਜਾ ਡਿੱਗੀ ਜਿਸ ਨਾਲ ਟਰੈਕਟਰ-ਟਰਾਲੀ ਤੋਂ ਖਾਦ ਖਾਲੀ ਕਰ ਰਹੇ ਇਕ ਨਾਬਾਲਗ ਲੜਕੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਘਟਨਾ ਵਿਚ ਟਰੈਕਟਰ-ਟਰਾਲੀ ਵੀ ਸੜ ਗਈ। ਇਸ ਘਟਨਾ ਨਾਲ ਪਿੰਡ ਵਾਸੀਆਂ 'ਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਬਿਜਲੀ ਨਿਗਮ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ।
ਪੁਲਸ ਨੇ ਦੱਸਿਆ ਕਿ ਬਿਲੇਠਾ ਵਾਸੀ ਨੰਦਲਾਲ ਗੁਰਜਰ ਅਤੇ ਉਨ੍ਹਾਂ ਦਾ 17 ਸਾਲਾਂ ਦਾ ਪੁੱਤਰ ਦੇਵਰਾਜ ਟਰੈਕਟਰ-ਟਰਾਲੀ ਵਿਚ ਖਾਦ ਭਰ ਕੇ ਖੇਤਾਂ 'ਚ ਗਏ ਸਨ, ਜਿੱਥੇ ਡਰਾਈਵਰ ਟਰੈਕਟਰ-ਟਰਾਲੀ ਖੜ੍ਹੀ ਕਰਕੇ ਜਾ ਕੇ ਬੈਠ ਗਿਆ, ਜਦਕਿ ਨੰਦਲਾਲ ਗੁਰਜਰ ਵੀ ਨੇੜੇ ਹੀ ਸੀ। ਦੇਵਰਾਜ ਟਰੈਕਟਰ-ਟਰਾਲੀ ਵਿਚੋਂ ਖੇਤ 'ਚ ਖਾਦ ਪਾ ਰਿਹਾ ਸੀ ਕਿ ਹਾਈਟੈਂਸ਼ਨ ਲਾਈਨ ਦੀ ਤਾਰ ਟੁੱਟ ਕੇ ਟਰੈਕਟਰ-ਟਰਾਲੀ 'ਤੇ ਡਿੱਗ ਗਈ। ਬਿਜਲੀ ਦਾ ਝਟਕਾ ਲੱਗਣ ਕਾਰਨ ਦੇਵਰਾਜ ਦੀ ਮੌਤ ਹੋ ਗਈ। ਇਸ ਦੌਰਾਨ ਟਰੈਕਟਰ-ਟਰਾਲੀ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਟਰੈਕਟਰ-ਟਰਾਲੀ ਵੀ ਸੜ ਗਈ।
ਇਸ ਘਟਨਾ ਨਾਲ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਹਾਜ਼ਪੁਰ ਹਸਪਤਾਲ ਭੇਜ ਦਿੱਤਾ ਹੈ। ਇਸ ਦੌਰਾਨ ਪਿੰਡ ਵਾਸੀ ਹਸਪਤਾਲ ਵਿਖੇ ਇਕੱਠੇ ਹੋ ਗਏ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।