ਰੂਸ ਨੇ ਪਾਕਿਸਤਾਨ ਨੂੰ ਭੇਜਿਆ ਤੇਲ, ਭਾਰਤ ਨੂੰ ਵੀ ਮੋਟੀ ਕਮਾਈ

06/20/2023 5:13:41 PM

ਕਰਾਚੀ (ਵਿਸ਼ੇਸ਼)- ਕਰਾਚੀ ਪਹੁੰਚੀ ਰੂਸੀ ਤੇਲ ਦੀ ਖੇਪ ਸਬੰਧੀ ਪਾਕਿਸਤਾਨ ਵਿਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਿਥੇ ਪਾਕਿਸਤਾਨ ਸਰਕਾਰ ਇਹ ਕਹਿ ਕੇ ਆਪਣੀ ਪਿੱਠ ਥਪਥਪਾਉਂਦੀ ਹੈ ਕਿ ਹੁਣ ਉਸ ਨੂੰ ਵੀ ਭਾਰਤ ਵਾਂਗ ਰੂਸ ਤੋਂ ਸਸਤਾ ਤੇਲ ਮਿਲਣਾ ਸ਼ੁਰੂ ਹੋ ਗਿਆ ਹੈ, ਉਥੇ ਹੀ ਸਥਾਨਕ ਮੀਡੀਆ ਰਿਪੋਰਟਾਂ ਕੁਝ ਹੋਰ ਹੀ ਖੁਲਾਸਾ ਕਰ ਰਹੀਆਂ ਹਨ। ਪਾਕਿਸਤਾਨੀ ਮੀਡੀਆ ’ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਾਚੀ ਬੰਦਰਗਾਹ ’ਤੇ ਮਿਲਿਆ ਰੂਸੀ ਤੇਲ ਕੱਚਾ ਤੇਲ ਨਹੀਂ ਹੈ। ਇਸ ਨੂੰ ਭਾਰਤ ਵਿਚ ਰਿਫਾਈਨ ਕੀਤਾ ਗਿਆ ਹੈ ਅਤੇ ਯੂ. ਏ. ਈ. ਰਾਹੀਂ ਪਾਕਿਸਤਾਨ ਪਹੁੰਚਾਇਆ ਜਾਂਦਾ ਹੈ। ਭਾਰਤ ਨੇ ਇਸ ’ਤੇ ਚੰਗੀ ਕਮਾਈ ਕੀਤੀ ਹੈ। 

ਬੀਤੀ 11 ਜੂਨ ਨੂੰ ਹੀ ਰੂਸ ਦਾ ਇਕ ਕਾਰਗੋ ਜਹਾਜ਼ ਇਹ ਤੇਲ ਲੈ ਕੇ ਆਇਆ ਸੀ। ਜਦੋਂ 45 ਹਜ਼ਾਰ ਟਨ ਦੀ ਇਹ ਖੇਪ ਪਹੁੰਚੀ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਘੱਟ ਕੀਮਤ ’ਤੇ ਮਿਲਣ ਵਾਲਾ ਰੂਸੀ ਕੱਚਾ ਤੇਲ ਕਰਾਚੀ ਪਹੁੰਚ ਗਿਆ ਹੈ। ਇਹ ਬਦਲਾਅ ਦਾ ਦਿਨ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕਈ ਵਾਰ ਰੂਸ ਤੋਂ ਸਸਤਾ ਤੇਲ ਲੈਣ ਲਈ ਭਾਰਤ ਦੀ ਉਦਾਹਰਣ ਦੇ ਕੇ ਸਰਕਾਰ ਨੂੰ ਘੇਰ ਚੁੱਕੇ ਸਨ।ਚੀਨੀ ਕਰੰਸੀ ਵਿਚ ਭੁਗਤਾਨ : ਜਿਥੇ ਭਾਰਤ ਤੇਲ ਦੇ ਸੌਦਿਆਂ ਲਈ ਰੂਸ ਨੂੰ ਆਪਣੀ ਕਰੰਸੀ ਵਿਚ ਭੁਗਤਾਨ ਕਰ ਰਿਹਾ ਹੈ, ਉਥੇ ਪਾਕਿਸਤਾਨ ਨੇ ਚੀਨ ਦੀ ਕਰੰਸੀ ਯੁਆਨ ਵਿਚ ਭੁਗਤਾਨ ਕੀਤਾ ਹੈ। ਰੂਸ ਦੇ ਊਰਜਾ ਮੰਤਰੀ ਨਿਕੋਲ ਸ਼ੁਲਗਿਨੋਵ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਤੇਲ ਨਿਰਯਾਤ ਸ਼ੁਰੂ ਹੋ ਗਿਆ ਹੈ ਪਰ ਪਾਕਿਸਤਾਨ ਲਈ ਕੋਈ ਵਿਸ਼ੇਸ਼ ਛੋਟ ਨਹੀਂ ਹੈ।

ਭਾਰਤ ਦਾ ਵੀ ਖਿਆਲ

ਰੂਸ ਨਹੀਂ ਚਾਹੁੰਦਾ ਕਿ ਪਾਕਿਸਤਾਨ ਨੂੰ ਤੇਲ ਦੇਣ ਤੋਂ ਭਾਰਤ ਨਾਰਾਜ਼ ਹੋ ਜਾਵੇ। ਇਸੇ ਲਈ ਰੂਸ ਨੇ ਜੋ ਤੇਲ ਕਰਾਚੀ ਭੇਜਿਆ ਹੈ, ਉਸ ਨੂੰ ਗੁਜਰਾਤ ਦੀ ਇਕ ਰਿਫਾਈਨਰੀ ਵਿਚ ਰਿਫਾਈਨ ਕੀਤਾ ਗਿਆ ਹੈ। ਇਹ ਖਬਰ ਭਾਰਤੀ ਮੀਡੀਆ ਵਿਚ ਪ੍ਰਕਾਸ਼ਿਤ ਹੋਈ ਹੈ। ਸ਼ਿਪਿੰਗ ਇਨਵੈਸਟਰ ਏ.ਐੱਫ. ਰਿਚਰਡਸਨ ਨੇ ਤਾਂ ਪਾਕਿਸਤਾਨ ਨੂੰ ਭੇਜੇ ਗਏ ਰੂਸੀ ਤੇਲ ਦੇ ਪੂਰੇ ਰੂਟ ਮੈਪ ਨੂੰ ਟਵਿੱਟਰ ’ਤੇ ਵੀ ਸ਼ੇਅਰ ਕੀਤਾ ਹੈ। ਇਸ ਵਿਚ ਲਿਖਿਆ ਹੈ ਕਿ ਪਹਿਲਾਂ ਰੂਸ ਤੋਂ ਤੇਲ ਭਾਰਤ ਆਇਆ, ਫਿਰ ਭਾਰਤ ਤੋਂ ਯੂ.ਏ.ਈ. ਅਤੇ ਫਿਰ ਉਥੋਂ ਪਾਕਿਸਤਾਨ ਆਇਆ। ਜਿਸ ਜਹਾਜ਼ ਤੋਂ ਇਹ ਤੇਲ ਆਇਆ ਹੈ, ਉਹ ਕੰਪਨੀ ਵੀ ਯੂ.ਏ.ਈ. ਵਿਚ ਰਜਿਸਟਰਡ ਹੈ।

ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ 'ਚ PM ਮੋਦੀ ਦੇ ਨਿੱਘੇ ਸਵਾਗਤ ਲਈ ਪ੍ਰਸ਼ੰਸਕਾਂ ਨੇ 'ਤਿਰੰਗਾ' ਥੀਮ 'ਤੇ ਫੁੱਲਾਂ ਦੀ ਮਾਲਾ ਕੀਤੀ ਤਿਆਰ

ਭਾਰਤ-ਯੂ.ਏ.ਈ. ਨੇ 17 ਡਾਲਰ ਪ੍ਰਤੀ ਬੈਰਲ ਦੀ ਕੀਤੀ ਕਮਾਈ

ਪਾਕਿਸਤਾਨੀ ਮੀਡੀਆ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਅਤੇ ਯੂ.ਏ.ਈ. ਨੇ ਰੂਸ ਤੋਂ ਆਏ ਤੇਲ ਵਿਚ ਘੱਟੋ-ਘੱਟ 17 ਡਾਲਰ ਪ੍ਰਤੀ ਬੈਰਲ ਦੀ ਕਮਾਈ ਕੀਤੀ ਹੈ। ਰੂਸ ਨੇ ਇਹ ਤੇਲ ਭਾਰਤ ਨੂੰ 52 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਵੇਚਿਆ ਸੀ। ਫਿਰ ਭਾਰਤ ਅਤੇ ਯੂ.ਏ.ਈ. ਵਿਚਾਲੇ ਉਸੇ ਪਾਰਟੀ ਨੇ ਇਹ ਤੇਲ ਇਕ ਕੀਮਤ ’ਤੇ ਖਰੀਦਿਆ ਅਤੇ ਫਿਰ ਪਾਕਿਸਤਾਨ ਨੂੰ 69 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਵੇਚ ਦਿੱਤਾ।

ਪਾਕਿ-ਰੂਸ ਦੋਸਤੀ ਦਾ ਕੋਈ ਭਵਿੱਖ ਨਹੀਂ

ਪਿਛਲੇ ਅਪ੍ਰੈਲ ਵਿਚ ਪਾਕਿਸਤਾਨ ਨੇ ਇਕ ਲੱਖ ਮੀਟ੍ਰਿਕ ਟਨ ਤੇਲ ਲਈ ਰੂਸ ਨਾਲ ਸਮਝੌਤਾ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਅਤੇ ਰੂਸ ਵਿਚਾਲੇ ਸਹਿਯੋਗ ਵਧ ਰਿਹਾ ਹੈ, ਹਾਲਾਂਕਿ ਦੋਵਾਂ ਵਿਚਾਲੇ ਦੋਸਤੀ ਦਾ ਕੋਈ ਭਵਿੱਖ ਨਹੀਂ ਦਿਸਦਾ। ਪਾਕਿਸਤਾਨ ਸ਼ੀਤ ਯੁੱਧ ਦੇ ਸਮੇਂ ਤੋਂ ਹੀ ਅਮਰੀਕੀ ਕੈਂਪ ਵਿਚ ਹੈ। ਉਹ ਅਜੇ ਵੀ ਅਮਰੀਕਾ ਨੂੰ ਨਾਰਾਜ਼ ਨਹੀਂ ਕਰ ਸਕਦਾ। ਇਸ ਨੂੰ ਗਲੋਬਲ ਵਿੱਤੀ ਸੰਸਥਾਵਾਂ ਤੋਂ ਕਰਜ਼ੇ ਲਈ ਅਮਰੀਕਾ ਦੀ ਮਦਦ ਦੀ ਲੋੜ ਹੈ। ਇਸ ਤੋਂ ਇਲਾਵਾ ਪਾਕਿਸਤਾਨ ਰੂਸ ਤੋਂ ਲੰਬੇ ਸਮੇਂ ਤੱਕ ਤੇਲ ਨਹੀਂ ਖਰੀਦ ਸਕਦਾ ਕਿਉਂਕਿ ਉਸ ਕੋਲ ਇਸ ਨੂੰ ਰਿਫਾਈਨ ਕਰਨ ਦੀ ਕੋਈ ਪ੍ਰਣਾਲੀ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News