ਰੂਸ, ਨਾਟੋ ਨੇ ਕੀਤਾ ਪ੍ਰਮਾਣੂ ਅਭਿਆਸ, ਪੁਤਿਨ ਨੇ ਦੁਹਰਾਇਆ 'ਡਰਟੀ ਬੰਬ' ਦਾ ਦਾਅਵਾ
Thursday, Oct 27, 2022 - 11:19 AM (IST)
ਕੀਵ (ਭਾਸ਼ਾ): ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਅਤੇ ਰੂਸ ਦੀ ਫ਼ੌਜ ਨੇ ਬੁੱਧਵਾਰ ਨੂੰ ਸਾਲਾਨਾ ਪ੍ਰਮਾਣੂ ਅਭਿਆਸ ਕੀਤਾ। ਉਸੇ ਸਮੇਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੇਡੀਓ ਐਕਟਿਵ "ਡਰਟੀ ਬੰਬ" ਦੀ ਵਰਤੋਂ ਕਰਨ ਦੀ ਯੋਜਨਾ ਦੇ ਯੂਕ੍ਰੇਨ ਦੇ ਦਾਅਵੇ ਨੂੰ ਦੁਹਰਾਇਆ। ਇਸ ਦੇ ਨਾਲ ਹੀ ਰੂਸੀ ਫ਼ੌਜ ਨੇ ਬੁੱਧਵਾਰ ਨੂੰ ਯੂਕ੍ਰੇਨ ਦੇ 40 ਤੋਂ ਜ਼ਿਆਦਾ ਪਿੰਡਾਂ 'ਤੇ ਹਮਲਾ ਕੀਤਾ। ਪੁਤਿਨ ਨੇ ਆਪਣੇ ਰਣਨੀਤਕ ਪ੍ਰਮਾਣੂ ਬਲਾਂ ਦੇ ਅਭਿਆਸਾਂ ਦੀ ਨਿਗਰਾਨੀ ਕੀਤੀ। ਇਨ੍ਹਾਂ ਅਭਿਆਸਾਂ ਵਿੱਚ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦਾ ਪ੍ਰੀਖਣ ਸ਼ਾਮਲ ਹੈ।
ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਪੁਤਿਨ ਨੂੰ ਕਿਹਾ ਕਿ ਇਹ ਅਭਿਆਸ ਵਿਚ ਰੂਸ 'ਤੇ ਪ੍ਰਮਾਣੂ ਹਮਲੇ ਦੀ ਸਥਿਤੀ ਵਿੱਚ ਇੱਕ "ਵੱਡਾ ਪ੍ਰਮਾਣੂ ਹਮਲਾ" ਕਰਨ ਦਾ ਅਭਿਾਸ ਕੀਤਾ ਗਿਆ। ਇਸ ਦੌਰਾਨ ਨਾਟੋ ਉੱਤਰ-ਪੱਛਮੀ ਯੂਰਪ ਵਿੱਚ ਆਪਣੀਆਂ ਸਾਲਾਨਾ ਪਰਮਾਣੂ ਅਭਿਆਸਾਂ ਦਾ ਆਯੋਜਨ ਕਰ ਰਿਹਾ ਹੈ ਜਿਸ ਦੀ ਉਸਨੇ ਲੰਬੇ ਸਮੇਂ ਤੋਂ ਯੋਜਨਾ ਬਣਾਈ ਸੀ। ਪੁਤਿਨ ਨੇ ਬਿਨਾਂ ਸਬੂਤਾਂ ਦੇ ਰੂਸੀ ਟੈਲੀਵਿਜ਼ਨ 'ਤੇ ਕਿਹਾ ਕਿ ਯੂਕ੍ਰੇਨ "ਉਕਸਾਵੇ ਵਜੋਂ ਤਥਾਕਥਿਤ ਡਰਟੀ ਬੰਬ ਦੀ ਵਰਤੋਂ" ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸਨੇ ਇਹ ਵੀ ਦਲੀਲ ਦਿੱਤੀ ਕਿ ਅਮਰੀਕਾ, ਰੂਸ ਅਤੇ ਇਸਦੇ ਖੇਤਰੀ ਸਹਿਯੋਗੀਆਂ ਦੇ ਵਿਰੁੱਧ ਯੂਕ੍ਰੇਨ ਦੀ ਵਰਤੋਂ ਕਰ ਰਿਹਾ ਹੈ ਅਤੇ ਯੂਕ੍ਰੇਨ ਨੂੰ "ਫੌਜੀ-ਜੀਵ-ਵਿਗਿਆਨਕ ਪ੍ਰਯੋਗਾਂ ਲਈ ਇੱਕ ਟੈਸਟਿੰਗ ਮੈਦਾਨ" ਵਿੱਚ ਬਦਲ ਦਿੱਤਾ ਹੈ।
ਇਹ ਪਹਿਲੀ ਵਾਰ ਹੈ ਜਦੋਂ ਪੁਤਿਨ ਨੇ ਖੁਦ 'ਡਰਟੀ ਬੰਬ' ਦੇ ਦੋਸ਼ ਲਾਏ ਹਨ, ਜਿਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਯੂਕ੍ਰੇਨ ਅਤੇ ਇਸਦੇ ਪੱਛਮੀ ਸਹਿਯੋਗੀਆਂ ਨੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਅਤੇ ਦਲੀਲ ਦਿੱਤੀ ਹੈ ਕਿ ਰੂਸ, ਜੋ ਕਿ ਯੁੱਧ ਖੇਤਰ ਵਿੱਚ ਝਟਕਿਆਂ ਦਾ ਸਾਹਮਣਾ ਕਰ ਰਿਹਾ ਹੈ, ਖੁਦ ਇੱਕ "ਡਰਟੀ ਬੰਬ" ਨੂੰ ਵਿਸਫੋਟ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਸ਼ੋਇਗੂ ਨੇ ਬੁੱਧਵਾਰ ਨੂੰ ਭਾਰਤ ਅਤੇ ਚੀਨ ਦੇ ਆਪਣੇ ਹਮਰੁਤਬਾ ਨੂੰ "ਯੂਕ੍ਰੇਨ ਦੁਆਰਾ ਸੰਭਾਵਿਤ ਡਰਟੀ ਬੰਬ ਦੀ ਵਰਤੋਂ" 'ਤੇ ਮਾਸਕੋ ਦੀ ਚਿੰਤਾ ਤੋਂ ਜਾਣੂ ਕਰਵਾਇਆ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਨੇ ਰੂਸ ਦੇ ਅਪੁਸ਼ਟ ਬਿਆਨਾਂ ਨੂੰ "ਬੇਤੁਕਾ" ਕਿਹਾ ਹੈ। ਉਸ ਨੇ ਬੁੱਧਵਾਰ ਨੂੰ ਬ੍ਰਸੇਲਜ਼ ਵਿੱਚ ਨਾਟੋ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਨਾਟੋ ਦੇ ਸਹਿਯੋਗੀ ਇਨ੍ਹਾਂ ਬੇਬੁਨਿਆਦ ਝੂਠੇ ਦੋਸ਼ਾਂ ਨੂੰ ਰੱਦ ਕਰਦੇ ਹਨ ਅਤੇ ਰੂਸ ਨੂੰ ਯੁੱਧ ਨੂੰ ਅੱਗੇ ਵਧਾਉਣ ਲਈ ਝੂਠੀ ਆੜ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ
ਪੱਛਮੀ ਦੇਸ਼ਾਂ ਦੇ ਇਨਕਾਰ ਕਰਨ ਦੇ ਬਾਵਜੂਦ ਕ੍ਰੇਮਿਲਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਜ਼ੋਰ ਦੇ ਕੇ ਕਿਹਾ ਕਿ ਮਾਸਕੋ ਕੋਲ "ਯੂਕ੍ਰੇਨ ਵਿੱਚ ਅਜਿਹੇ ਅੱਤਵਾਦੀ ਹਮਲੇ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਹੈ। ਉੱਥੇ ਸਲੋਵੇਨੀਅਨ ਸਰਕਾਰ ਨੇ ਕਿਹਾ ਕਿ ਰੂਸ "ਡਰਟੀ ਬੰਬ" ਬਾਰੇ ਗ਼ਲਤ ਜਾਣਕਾਰੀ ਫੈਲਾਉਣ ਲਈ 2010 ਦੀ ਫੋਟੋ ਦੀ ਵਰਤੋਂ ਕਰ ਰਿਹਾ ਹੈ। ਆਪਣੇ ਅਪੁਸ਼ਟ ਦਾਅਵਿਆਂ ਨੂੰ ਦੁਹਰਾਉਣ ਤੋਂ ਇਲਾਵਾ ਪੁਤਿਨ ਨੇ ਸੰਕੇਤ ਦਿੱਤਾ ਹੈ ਕਿ ਉਹ ਕੀਵ ਨਾਲ ਗੱਲਬਾਤ ਲਈ ਤਿਆਰ ਹਨ। ਇਸ ਸਬੰਧ ਵਿਚ ਤਾਜ਼ਾ ਸੰਦੇਸ਼ ਗਿਨੀ ਬਾਸਾਓ ਦੇ ਰਾਸ਼ਟਰਪਤੀ ਉਮਾਰੋ ਮੁਖਤਾਰ ਸਿਸੋਕੋ ਐਮਬਾਲੋ ਦੁਆਰਾ ਆਇਆ ਹੈ ਜੋ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਮਿਲਣ ਲਈ ਕੀਵ ਗਏ ਸਨ।
ਗਿਨੀ-ਬਾਸਾਉ ਦੇ ਨੇਤਾ ਨੇ ਕਿਹਾ ਕਿ "ਮੈਂ ਰੂਸ ਵਿੱਚ ਰਾਸ਼ਟਰਪਤੀ ਪੁਤਿਨ ਨੂੰ ਮਿਲਿਆ, ਜਿਸ ਨੇ ਮੈਨੂੰ ਤੁਹਾਡੇ ਨਾਲ ਕੁਝ ਸਾਂਝਾ ਕਰਨ ਲਈ ਕਿਹਾ ਜੋ ਉਹ ਸੋਚਦੇ ਹਨ ਕਿ ਬਹੁਤ ਮਹੱਤਵਪੂਰਨ ਹੈ। ਉਹ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਚਾਹੁੰਦਾ ਹੈ। ਜ਼ੇਲੇਂਸਕੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਗੱਲਬਾਤ ਦੀ ਪਹਿਲੀ ਸ਼ਰਤ ਇਹ ਹੋਵੇਗੀ ਕਿ ਰੂਸ, ਯੂਕ੍ਰੇਨੀ ਖੇਤਰ, ਸਰਹੱਦਾਂ ਅਤੇ ਪ੍ਰਭੂਸੱਤਾ ਨੂੰ ਪਛਾਣ ਦੇਵੇ।ਦੋਵਾਂ ਦੇਸ਼ਾਂ ਵਿਚਾਲੇ ਜੰਗੀ ਕੈਦੀਆਂ ਦੀ ਅਦਲਾ-ਬਦਲੀ ਵਰਗੇ ਕੁਝ ਮੁੱਦਿਆਂ 'ਤੇ ਸੀਮਤ ਸਹਿਯੋਗ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਦਫਤਰ ਦੇ ਮੁਖੀ ਆਂਦਰੇ ਯਰਮਾਕ ਨੇ ਬੁੱਧਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਨੇ 10 ਜੰਗੀ ਕੈਦੀਆਂ ਨੂੰ ਯੂਕ੍ਰੇਨ ਦੇ ਹਵਾਲੇ ਕਰ ਦਿੱਤਾ ਹੈ। ਉਸਨੇ ਯੂਕ੍ਰੇਨ ਲਈ ਲੜਨ ਵਾਲੇ ਇੱਕ ਅਮਰੀਕੀ ਵਲੰਟੀਅਰ ਦੀ ਲਾਸ਼ ਵੀ ਵਾਪਸ ਕਰ ਦਿੱਤੀ ਹੈ। ਅਮਰੀਕਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।