ਅਮਰੀਕਾ ਦੀ ਚਿਤਾਵਨੀ, ਰੂਸ ਨੇ ਯੂਕਰੇਨ ਦੀ ਸਰਹੱਦ ''ਤੇ ਸੈਨਿਕਾਂ ਦੀ ਗਿਣਤੀ 1.30 ਲੱਖ ਤੋਂ ਵਧਾਈ
Monday, Feb 14, 2022 - 12:27 PM (IST)
ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਰੂਸ ਨੇ ਯੂਕਰੇਨ ਸਰਹੱਦ 'ਤੇ ਤਾਇਨਾਤ ਆਪਣੇ ਸੈਨਿਕਾਂ ਦੀ ਗਿਣਤੀ ਵਧਾ ਕੇ 1.30 ਲੱਖ ਤੋਂ ਜ਼ਿਆਦਾ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਰੂਸ ਨੇ ਸਰਹੱਦ 'ਤੇ ਇਕ ਲੱਖ ਤੋਂ ਵੱਧ ਸੈਨਿਕ ਤਾਇਨਾਤ ਕੀਤੇ ਹੋਏ ਸਨ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਇਸ ਹਫ਼ਤੇ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਐਤਵਾਰ ਨੂੰ ਕੁਝ ਹਵਾਬਾਜ਼ੀ ਕੰਪਨੀਆਂ ਨੇ ਯੂਕਰੇਨ ਦੀ ਰਾਜਧਾਨੀ ਲਈ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ। ਉੱਥੇ ਨਾਟੋ ਦੇ ਮੈਂਬਰਾਂ ਵੱਲੋਂ ਹਥਿਆਰਾਂ ਦੀ ਨਵੀਂ ਖੇਪ ਭੇਜੀ ਗਈ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਕਰੀਬ ਇੱਕ ਘੰਟੇ ਤੱਕ ਗੱਲਬਾਤ ਕੀਤੀ। ਉਨ੍ਹਾਂ ਦੇ ਸਹਿਯੋਗੀਆਂ ਨੇ ਬਾਅਦ ਵਿਚ ਦੱਸਿਆ ਕਿ ਜ਼ੇਲੈਂਸਕੀ ਨੇ ਬਾਈਡੇਨ ਨੂੰ ਕਿਹਾ ਕਿ ਯੂਕਰੇਨ ਦੇ ਲੋਕ ਰੂਸ ਦੀ ਮਜ਼ਬੂਤ ਸੈਨਾ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਭਰੋਸਵੰਦ ਸੁਰੱਖਿਆ ਵਿਚ ਹਨ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਦੋਵੇਂ ਦੇਸ਼ ਇਸ ਗੱਲ 'ਤੇ ਸਹਿਮਤ ਹੋਏ ਕਿ ਰੂਸ ਦੇ ਹਮਲੇ ਨੂੰ ਰੋਕਣ ਲਈ ਕੂਟਨੀਤੀ ਅਤੇ ਨਿਵਾਰਣ, ਦੋਵੇਂ ਉਪਾਅ ਕੀਤੇ ਜਾਣ। ਗੌਰਤਲਬ ਹੈ ਕਿ ਬਾਈਡੇਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਰੂਸ ਕਿਸੇ ਘਟਨਾ ਦਾ ਬਹਾਨਾ ਬਣਾ ਕੇ ਯੂਕਰੇਨ 'ਤੇ ਹਮਲਾ ਕਰ ਦੇਵੇਗਾ। ਅਮਰੀਕਾ ਅਤੇ ਯੂਰਪ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ਦੇ ਦਿਨਾਂ ਦੀ ਖੁਫੀਆ ਪੜਤਾਲਾਂ ਨੇ ਚਿੰਤਾ ਵਧਾਈ ਹੈ। ਉਹਨਾਂ ਮੁਤਾਬਕ ਰੂਸ ਪੂਰਬੀ ਯੂਕਰੇਨ ਵਿੱਚ ਮੰਗਲਵਾਰ ਨੂੰ ਹੋਣ ਵਾਲੇ ਫ਼ੌਜੀ ਅਭਿਆਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਅਤੇ ਇਸੇ ਬਹਾਨੇ ਦੇਸ਼ 'ਤੇ ਹਮਲਾ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪ੍ਰਦਰਸ਼ਨਕਾਰੀਆਂ ਨੇ ਪੈਰ ਪਿਛਾਂਹ ਖਿੱਚੇ,ਅਮਰੀਕਾ-ਕੈਨੇਡਾ ਸੀਮਾ 'ਤੇ ਬਣਿਆ ਪੁਲ ਮੁੜ ਖੁੱਲ੍ਹਿਆ
ਰੂਸ ਦੀ ਸੈਨਾ ਨੇ ਯੂਕਰੇਨ ਨੂੰ ਉੱਤਰੀ, ਪੂਰਬੀ ਅਤੇ ਦੱਖਣੀ ਪਾਸੇ ਤੋਂ ਘੇਰਿਆ ਹੋਇਆ ਹੈ। ਉੱਥੇ ਕ੍ਰੇਮਲਿਨ ਦਾ ਕਹਿਣਾ ਹੈ ਕਿ ਸੈਨਿਕਾਂ ਦੀ ਤਾਇਨਾਤੀ ਫ਼ੌਜੀ ਅਭਿਆਸ ਲਈ ਕੀਤੀ ਗਈ ਹੈ। ਅਮਰੀਕਾ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਬਾਈਡੇਨ ਪ੍ਰਸ਼ਾਸਨ ਦੇ ਅਨੁਮਾਨ ਮੁਤਾਬਕ ਯੂਕਰੇਨ ਦੀ ਸਰਹੱਦ ਨੇੜੇ ਤਾਇਨਾਤ ਰੂਸ ਦੇ ਸੈਨਿਕਾਂ ਦੀ ਗਿਣਤੀ ਹੁਣ ਵਧ ਕੇ 1.30 ਲੱਖ ਤੋਂ ਜ਼ਿਆਦਾ ਹੋ ਗਈ ਹੈ ਜੋ ਪਹਿਲਾਂ ਇੱਕ ਲੱਖ ਤੋਂ ਜ਼ਿਆਦਾ ਸੀ। ਜ਼ੇਲੈਂਸਕੀ ਨੇ ਅਮਰੀਕੀ ਚਿਤਾਵਨੀਆਂ ਵੱਲ ਧਿਆਨ ਨਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਸਾਰੇ ਖਤਰਿਆਂ ਨੂੰ ਸਮਝਦੇ ਹਾਂ। ਸਾਨੂੰ ਪਤਾ ਹੈ ਕਿ ਖਤਰਾ ਹੈ। ਉਹਨਾਂ ਨੇ ਕਿਹਾ ਕਿ ਕਿਸੇ ਕੋਲ ਇਸ ਸਬੰਧੀ ਵਾਧੂ ਜਾਣਕਾਰੀ ਹੈ ਕਿ ਰੂਸ 16 ਫਰਵਰੀ ਤੋਂ ਹਮਲਾ ਕਰ ਸਕਦਾ ਹੈ ਤਾਂ ਉਹ ਸੂਚਨਾ ਭੇਜੇ। ਜ਼ੇਲੈਂਸਕੀ ਹਫ਼ਤੇ ਦੇ ਅਖੀਰ 'ਤੇ ਕ੍ਰੀਮੀਆ ਨਾਲ ਲੱਗਦੀ ਸਰਹੱਦ ਨੇੜੇ ਟੈਂਕ ਅਤੇ ਹੈਲੀਕਾਪਟਰ ਤੋਂ ਅਭਿਆਸ ਦੌਰਾਨ ਮਿਲਟਰੀ ਵਰਦੀ ਪਹਿਨੇ ਹੋਏ ਸਨ।
ਕ੍ਰੀਮੀਆ 'ਤੇ ਰੂਸ ਨੇ ਕਬਜ਼ਾ ਕਰ ਲਿਆ ਹੈ। ਇਸ ਵਿਚਕਾਰ ਇਕ ਫ਼ੌਜੀ ਜਹਾਜ਼ ਐਤਵਾਰ ਨੂੰ ਯੂਕਰੇਨ ਪਹੁੰਚਿਆ, ਜਿਸ ਵਿਚ ਅਮਰੀਕਾ ਵਿਚ ਬਣੀਆਂ ਜਹਾਜ਼ ਰੋਧੀ ਮਿਜ਼ਾਈਲਾਂ ਅਤੇ ਉੱਤਰ ਅਟਲਾਂਟਿਕ ਸੰਧੀ (ਨਾਟੋ) ਦੇ ਮੈਂਬਰ ਲਿਥੁਆਨੀਆ ਤੋਂ ਲਿਆਂਦਾ ਗਿਆ ਗੋਲਾ-ਬਾਰੂਦ ਸੀ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਐਤਵਾਰ ਨੂੰ ਸੀ.ਐੱਨ.ਐੱਨ ਨੂੰ ਕਿਹਾ ਕਿ ਉਹ ਰੂਸ ਨੂੰ ਕਿਸੇ ਵੀ ਕਿਸਮ ਦੀ ਅਪ੍ਰਤਿਆਸ਼ਿਤ ਘਟਨਾ ਨੂੰ ਅੰਜਾਮ ਦੇਣ ਦਾ ਕੋਈ ਮੌਕਾ ਨਹੀਂ ਦੇਣਗੇ। ਫਿਲਹਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ 'ਤੇ ਹਮਲਾ ਕਰਨ ਦੀ ਇਰਾਦੇ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਨਾ ਕੀਤਾ ਜਾਵੇ, ਨਾਟੋ ਉਸ ਦੀ ਸਰਹੱਦ ਨੇੜੇ ਆਪਣੇ ਸੈਨਿਕਾਂ ਦੀ ਤਾਇਨਾਤੀ ਤੋਂ ਬਚੇ ਅਤੇ ਪੂਰਬੀ ਯੂਰਪ ਤੋਂ ਆਪਣੇ ਬਲ ਹਟਾਏ। ਇਹਨਾਂ ਮੰਗਾਂ ਨੂੰ ਪੱਛਮੀ ਦੇਸ਼ ਨੇ ਖਾਰਜ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ: ਕਰਾਚੀ 'ਚ ਖਾਲੀ ਪਲਾਟ ਤੋਂ 1.4 ਬਿਲੀਅਨ ਅਮਰੀਕੀ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ
ਬਾਈਡੇਨ ਅਤੇ ਪੁਤਿਨ ਨੇ ਸ਼ਨੀਵਾਰ ਨੂੰ ਇੱਕ ਘੰਟੇ ਤੋਂ ਜ਼ਿਆਦਾ ਦੇਰ ਤੱਕ ਗੱਲਬਾਤ ਕੀਤੀ ਪਰ ਵਾਈਟ ਹਾਊਸ ਨੇ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਖਤਰਾ ਘੱਟ ਹੋਇਆ ਹੈ। ਇਸ ਵਿਚਕਾਰ ਡਿਚ ਜਹਾਜ਼ ਕੰਪਨੀ ਕੇ.ਐਲ.ਐਮ ਨੇ ਕਿਹਾ ਕਿ ਉਸ ਨੇ ਅਗਲੇ ਨੋਟਿਸ ਤੱਕ ਯੂਕਰੇਨ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਯੂਕਰੇਨ ਦੀ ਚਾਰਟਰ ਏਅਰਲਾਈਨ ਸਕਾਈਅਪ ਨੇ ਐਤਵਾਰ ਨੂੰ ਕਿਹਾ ਕਿ ਪੁਰਤਗਾਲ ਦੇ ਮੈਡੀਏਰਾ ਤੋਂ ਕੀਵ ਜਾਣ ਵਾਲੀ ਉਡਾਣ ਦਾ ਰਸਤਾ ਬਦਲ ਗਿਆ ਹੈ ਅਤੇ ਉਸ ਨੂੰ ਮੋਲਦੋਵਾ ਦੀ ਰਾਜਧਾਨੀ ਭੇਜਿਆ ਗਿਆ ਹੈ। ਯੂਕਰੇਨ ਦੀ ਹਵਾਈ ਆਵਾਜਾਈ ਸੁਰੱਖਿਆ ਏਜੇਂਸੀ ਨੇ ਇੱਕ ਬਿਆਨ ਜਾਰੀ ਕਰ ਕੇ ਕਾਲਾ ਸਾਗਰ ਦੇ ਹਵਾਈ ਖੇਤਰ ਨੂੰ ਜੋਖਮ ਭਰਿਆ ਖੇਤਰ ਐਲਾਨਿਆ ਹੈ ਅਤੇ 14 ਤੋਂ 19 ਫਰਵਰੀ ਤੱਕ ਹਵਾਈ ਜਹਾਜ਼ਾਂ ਨੂੰ ਇਸ ਖੇਤਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। ਇੱਥੇ ਦੱਸ ਦਈਏ ਕਿ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਸੋਮਵਾਰ ਨੂੰ ਕੀਵ ਅਤੇ ਮੰਗਲਵਾਰ ਨੂੰ ਮਾਸਕੋ ਜਾਣਗੇ ਜਿੱਥੇ ਉਹ ਯੂਕਰੇਨ ਅਤੇ ਰੂਸ ਦੇ ਰਾਸ਼ਟਰਪਤੀਆਂ ਨਾਲ ਮੁਲਾਕਾਤ ਕਰਨਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।