ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਭਿਆਨਕ ਹਮਲੇ ਜਾਰੀ, ਪੂਰੇ ਘਟਨਾਕ੍ਰਮ ਦੀ ਜਾਣੋ Live Updates

Friday, Feb 25, 2022 - 06:26 PM (IST)

ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼  ਭਿਆਨਕ ਹਮਲੇ ਜਾਰੀ, ਪੂਰੇ ਘਟਨਾਕ੍ਰਮ ਦੀ ਜਾਣੋ Live Updates

ਇੰਟਰਨੈਸ਼ਨਲ ਡੈਸਕ (ਬਿਊਰੋ):ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਰਾਂਸ ਯੂਕ੍ਰੇਨ ਨੂੰ ਫ਼ੌਜੀ ਉਪਕਰਨ ਅਤੇ 33 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਇੱਕ ਵਿਸ਼ੇਸ਼ ਯੂਰਪੀਅਨ ਸਿਖਰ ਸੰਮੇਲਨ ਤੋਂ ਬਾਅਦ ਮੈਕਰੋਨ ਨੇ ਕਿਹਾ ਕਿ ਫਰਾਂਸ ਇੱਕ ਵਾਧੂ ਯਤਨ ਵਜੋਂ ਯੂਕ੍ਰੇਨ ਦੇ ਨਾਗਰਿਕਾਂ ਲਈ 33 ਕਰੋੜ ਡਾਲਰ ਅਤੇ ਫ਼ੌਜੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੇਰੀ ਸੰਖੇਪ ਗੱਲਬਾਤ ਹੋਈ ਸੀ।

PunjabKesari

ਯੂਕ੍ਰੇਨ ਨੇ ਸਾਰੇ ਬੰਦਰਗਾਹ, ਹਵਾਈ ਖੇਤਰ ਕੀਤੇ ਬੰਦ

ਯੂਕ੍ਰੇਨ ਵਿੱਚ ਸੜਕਾਂ 'ਤੇ ਆਮ ਵਾਹਨਾਂ ਦੀ ਆਵਾਜਾਈ ਚਾਲੂ ਹੈ, ਜਦੋਂ ਕਿ ਦੇਸ਼ ਵਿੱਚ ਬੰਦਰਗਾਹਾਂ ਅਤੇ ਹਵਾਈ ਖੇਤਰ ਬੰਦ ਕਰ ਦਿੱਤੇ ਗਏ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਦਫਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਰਾਸ਼ਟਰਪਤੀ ਵੋਲੋਡੀਮਰ ਜ਼ੇਲੇਨਸਕੀ ਦੇ ਪ੍ਰਮੁੱਖ ਸਲਾਹਕਾਰ ਮਿਖਾਇਲ ਪੋਡੋਲਿਆਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਸੜਕਾਂ ਅਤੇ ਮੁੱਖ ਹਾਈਵੇਅ ਸੁਚਾਰੂ ਢੰਗ ਨਾਲ ਖੁੱਲ੍ਹੇ ਹੋਏ ਹਨ। 

PunjabKesari
ਬਿਨਾਂ ਸ਼ੱਕ ਕੁਝ ਮਾਰਗਾਂ 'ਤੇ ਟ੍ਰੈਫਿਕ ਜਾਮ ਹੈ ਕਿਉਂਕਿ ਬਦਕਿਸਮਤੀ ਨਾਲ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ, ਹਵਾਈ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਸਕੌਟ ਮੌਰੀਸਨ ਦਾ ਵੱਡਾ ਕਦਮ, ਰੂਸ ਵਿਰੁੱਧ ਪਾਬੰਦੀਆਂ 'ਚ ਕੀਤਾ ਵਾਧਾ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਆਪਣੇ ਪੱਛਮੀ ਭਾਈਵਾਲਾਂ ਕੈਨੇਡਾ, ਸੰਯੁਕਤ ਰਾਜ, ਯੂਰਪੀਅਨ ਯੂਨੀਅਨ ਦੀ ਉਦਾਹਰਣ ਦੀ ਪਾਲਣਾ ਕਰਦਿਆਂ ਯੂਕ੍ਰੇਨ ਵਿੱਚ ਰੂਸੀ ਫ਼ੌਜੀ ਕਾਰਵਾਈ ਦੇ ਮੱਦੇਨਜ਼ਰ ਰੂਸ ਵਿਰੁੱਧ ਪਾਬੰਦੀਆਂ ਦਾ ਹੋਰ ਵਿਸਥਾਰ ਕੀਤਾ। ਸਕੌਟ ਮੌਰੀਸਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅੱਜ ਆਸਟ੍ਰੇਲੀਆ ਕੁਲੀਨ ਵਰਗਾਂ 'ਤੇ ਹੋਰ ਪਾਬੰਦੀਆਂ ਲਗਾਏਗਾ, ਜਿਨ੍ਹਾਂ ਦਾ ਆਰਥਿਕ ਭਾਰ ਮਾਸਕੋ ਲਈ ਰਣਨੀਤਕ ਮਹੱਤਵ ਰੱਖਦਾ ਹੈ।

PunjabKesari

ਇਸ ਦੇ ਨਾਲ ਹੀ ਰੂਸੀ ਡੂਮਾ ਦੇ 300 ਤੋਂ ਵੱਧ ਮੈਂਬਰਾਂ, ਉਨ੍ਹਾਂ ਦੀ ਸੰਸਦ, ਜਿਨ੍ਹਾਂ ਨੇ ਯੂਕ੍ਰੇਨ ਵਿੱਚ ਗੈਰ-ਕਾਨੂੰਨੀ ਤੌਰ 'ਤੇ ਹਮਲਾ ਕਰਨ ਲਈ ਯੂਕ੍ਰੇਨ ਵਿੱਚ ਰੂਸੀ ਸੈਨਿਕਾਂ ਦੀ ਵਰਤੋਂ ਨੂੰ ਅਧਿਕਾਰਤ ਕਰਨ ਲਈ ਵੋਟ ਦਿੱਤੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਬੇਲਾਰੂਸੀ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਪਾਬੰਦੀਆਂ ਦਾ ਤਾਲਮੇਲ ਕਰਨ ਅਮਰੀਕਾ ਨਾਲ ਵੀ ਕੰਮ ਕਰ ਰਿਹਾ ਹੈ ਜਿਨ੍ਹਾਂ ਦੀ ਕਥਿਤ ਤੌਰ 'ਤੇ ਕਾਰਵਾਈ ਵਿੱਚ ਭੂਮਿਕਾ ਸੀ।

 

ਰਾਸ਼ਟਰਪਤੀ ਜ਼ੇਲੇਨਸਕੀ ਦਾ ਬਿਆਨ, ਜਲਦੀ ਜਾਂ ਥੋੜ੍ਹੀ ਦੇਰ ਤੋਂ ਸਹੀ ਪਰ ਯੁੱਧ ਰੋਕਣ ਲਈ ਰੂਸ ਨਾਲ ਹੋਵੇਗੀ ਵਾਰਤਾ

ਯੂਕ੍ਰੇਨ ਖ਼ਿਲਾਫ਼ ਚੱਲ ਰਹੇ ਰੂਸੀ ਹਮਲੇ ਦੇ ਵਿਚਕਾਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ੁੱਕਰਵਾਰ ਨੂੰ  ਜੰਗ ਦੇ ਖ਼ਾਤਮੇ ਲਈ ਗੱਲਬਾਤ ਹੋਣ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਜਲਦੀ ਜਾਂ ਦੇਰ ਤੋਂ ਹੀ ਸਹੀ ਪਰ ਯੁੱਧ ਰੋਕਣ ਲਈ ਵਾਰਤਾ ਸ਼ੁਰੂ ਹੋਵੇਗੀ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਜਾਰੀ ਇੱਕ ਸੰਦੇਸ਼ ਵਿੱਚ ਕਿਹਾ ਕਿ ਰੂਸ ਨੂੰ ਸਾਡੇ ਨਾਲ ਗੱਲ ਕਰਨੀ ਪਵੇਗੀ ਅਤੇ ਸਾਨੂੰ ਦੱਸਣਾ ਹੋਵੇਗਾ ਕਿ ਯੁੱਧ ਨੂੰ ਕਿਵੇਂ ਖ਼ਤਮ ਕਰਨਾ ਹੈ ਪਰ ਜਿੰਨੀ ਜਲਦੀ ਗੱਲਬਾਤ ਸ਼ੁਰੂ ਹੋਵੇਗੀ, ਨੁਕਸਾਨ ਓਨਾ ਹੀ ਘੱਟ ਹੋਵੇਗਾ। 

PunjabKesari

ਉਹਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਰੂਸ ਵਿਰੁੱਧ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉਹ ਨਾਕਾਫੀ ਹਨ। ਇਸ ਵਿਚਕਾਰ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਰੂਸ ਖ਼ਿਲਾਫ਼ ਫ਼ੌਜੀ ਸਹਾਇਤਾ ਅਤੇ ਪਾਬੰਦੀਆਂ ਲਈ ਬੁਖਾਰੈਸਟ ਨੌ ਸਮੂਹ ਨੂੰ ਅਪੀਲ ਕੀਤੀ ਹੈ। 

ਸੰਯੁਕਤ ਰਾਸ਼ਟਰ ਨੇ ਯੂਕ੍ਰੇਨ ਨੂੰ ਮਾਨਵਤਾਵਾਦੀ ਸਹਾਇਤਾ ਲਈ 2 ਕਰੋੜ ਡਾਲਰ ਦੇਣ ਦੀ ਕੀਤੀ ਘੋਸ਼ਣਾ


PunjabKesari

ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਯੁੱਧ ਪ੍ਰਭਾਵਿਤ ਦੇਸ਼ ਵਿੱਚ ਵਿਸ਼ਵ ਸੰਸਥਾ ਦੇ ਮਾਨਵਤਾਵਾਦੀ ਕਾਰਜਾਂ ਨੂੰ ਤੇਜ਼ ਕਰਨ ਲਈ ਤੁਰੰਤ 2 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਵੀਰਵਾਰ ਨੂੰ ਇਸ ਸਬੰਧ ਵਿੱਚ ਘੋਸ਼ਣਾ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਇਸਦੇ ਮਾਨਵਤਾਵਾਦੀ ਸਹਿਯੋਗੀ "ਲੋੜ ਦੇ ਸਮੇਂ ਵਿੱਚ ਯੂਕ੍ਰੇਨ ਵਿੱਚ ਲੋਕਾਂ ਦੀ ਸਹਾਇਤਾ ਲਈ ਮੌਜੂਦ ਰਹਿਣ ਲਈ ਵਚਨਬੱਧ ਹਨ। ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਉਹ ਕੌਣ ਹਨ ਅਤੇ ਕਿੱਥੇ ਹਨ।

ਬਾਈਡੇਨ ਦਾ ਵੱਡਾ ਬਿਆਨ, ਜੇਕਰ ਪੁਤਿਨ ਨਾਟੋ ਦੇਸ਼ਾਂ 'ਚ ਦਾਖਲ ਹੁੰਦੇ ਹਨ ਤਾਂ ਅਮਰੀਕਾ ਦੇਵੇਗਾ ਦਖਲ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇਸ਼ਾਂ ਵਿੱਚ ਸ਼ਾਮਲ ਹੁੰਦੇ ਹਨ ਤਾਂ ਅਮਰੀਕਾ ਦਖਲ ਦੇਵੇਗਾ। ਬਾਈਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਉਸਦੇ ਰੂਸੀ ਹਮਰੁਤਬਾ ਨੂੰ ਹੁਣ ਨਹੀਂ ਰੋਕਿਆ ਗਿਆ ਤਾਂ ਉਸ ਦਾ ਹੌਂਸਲਾ ਹੋਰ ਜ਼ਿਆਦਾ ਵਧਦਾ ਜਾਵੇਗਾ। ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦੀ ਪੁਤਿਨ ਨਾਲ ਗੱਲ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਉਨ੍ਹਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਨਸਕੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਯੂਕ੍ਰੇਨ ਦੇ ਲੋਕਾਂ ਦੇ ਦੁੱਖਾਂ ਨੂੰ ਘੱਟ ਕਰਨ ਲਈ ਅਮਰੀਕਾ ਮਾਨਵਤਾਵਾਦੀ ਰਾਹਤ ਪ੍ਰਦਾਨ ਕਰੇਗਾ। 

PunjabKesari
ਬਾਈਡੇਨ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ 'ਚ ਇਕ ਨਿਊਜ਼ ਕਾਨਫਰੰਸ ਨੂੰ ਕਿਹਾ ਕਿ ਜੇਕਰ ਪੁਤਿਨ ਨਾਟੋ ਦੇਸ਼ਾਂ 'ਚ ਦਾਖਲ ਹੁੰਦਾ ਹੈ ਤਾਂ ਅਸੀਂ ਦਖਲ ਦੇਵਾਂਗੇ। ਮੈਨੂੰ ਸਿਰਫ਼ ਇੱਕ ਗੱਲ ਦਾ ਯਕੀਨ ਹੈ ਕਿ ਜੇਕਰ ਅਸੀਂ ਹੁਣ ਉਨ੍ਹਾਂ ਨੂੰ ਨਾ ਰੋਕਿਆ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਪਾਬੰਦੀਆਂ ਨਾ ਲਗਾਈਆਂ ਤਾਂ ਉਨ੍ਹਾਂ ਦਾ ਹੌਂਸਲਾ ਵਧਦਾ ਜਾਵੇਗਾ। ਇਸ ਸਮੇਂ ਦੌਰਾਨ ਬਾਈਡੇਨ ਨੇ ਰੂਸ ਵਿਰੁੱਧ ਕਈ ਵੱਡੀਆਂ ਪਾਬੰਦੀਆਂ ਦਾ ਐਲਾਨ ਵੀ ਕੀਤਾ। 

PunjabKesari

ਯੂਕ੍ਰੇਨ 'ਚ ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ 'ਚ ਲਈ ਸ਼ਰਨ, ਕਿਹਾ- ਭਾਰਤ ਸਰਕਾਰ ਸਾਡੀ ਆਖ਼ਰੀ ਉਮੀਦ

ਯੂਕ੍ਰੇਨ ਵਿਚ ਰੂਸ ਦੀ ਸਰਹੱਦ ਨਾਲ ਲੱਗਦੇ ਸੂਮੀ ਸ਼ਹਿਰ ਉੱਤੇ ਰੂਸੀ ਫੌਜੀਆਂ ਵੱਲੋਂ ਕਬਜ਼ਾ ਕਰਨ ਤੋਂ ਬਾਅਦ ਘੱਟੋ-ਘੱਟ 400 ਭਾਰਤੀ ਵਿਦਿਆਰਥੀਆਂ ਨੇ ਇਕ ਤਹਿਖਾਨੇ ਵਿਚ ਸ਼ਰਨ ਲਈ ਹੈ ਅਤੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਕੱਢਣ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸੁਮੀ ਸਟੇਟ ਮੈਡੀਕਲ ਕਾਲਜ ਦੇ ਵਿਦਿਆਰਥੀ ਹਨ। ਉਨ੍ਹਾਂ ਨੇ ਕਿਹਾ ਕਿ ਬਾਹਰ ਗੋਲੀਆਂ ਦੀ ਆਵਾਜ਼ ਸੁਣਾਈ ਦੇਣ ਕਾਰਨ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਵਿਦਿਆਰਥੀ ਲਲਿਤ ਕੁਮਾਰ ਨੇ ਪੀ.ਟੀ.ਆਈ. ਨੂੰ ਦੱਸਿਆ, 'ਇਸ ਸਮੇਂ ਅਸੀਂ ਆਪਣੇ ਹੋਸਟਲ ਦੇ ਤਹਿਖਾਨੇ ਵਿਚ ਲੁਕੇ ਹੋਏ ਹਾਂ ਅਤੇ ਸਾਨੂੰ ਨਹੀਂ ਪਤਾ ਕਿ ਅਸੀਂ ਇੱਥੇ ਕਿੰਨਾ ਸਮਾਂ ਸੁਰੱਖਿਅਤ ਰਹਿ ਸਕਾਂਗੇ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਯੂਕ੍ਰੇਨ ਦੇ ਪੂਰਬੀ ਖੇਤਰ ਤੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ।' 

PunjabKesari

ਰੂਸੀ ਹਮਲੇ ਮਗਰੋਂ ਯੂਕ੍ਰੇਨ 'ਚ ਭਿਆਨਕ ਤਬਾਹੀ, ਹੁਣ ਤੱਕ ਮਾਰੇ ਗਏ 137 ਨਾਗਰਿਕ ਅਤੇ ਫ਼ੌਜੀ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੱਸਿਆ ਕਿ ਰੂਸੀ ਹਮਲਿਆਂ ਵਿਚ ਹੁਣ ਤੱਕ 137 ਨਾਗਰਿਕ ਅਤੇ ਫ਼ੌਜੀ ਜਵਾਨ ਮਾਰੇ ਗਏ ਹਨ। ਜ਼ੇਲੇਂਸਕੀ ਨੇ ਸ਼ੁੱਕਰਵਾਰ ਸਵੇਰੇ ਇਕ ਵੀਡੀਓ ਸੰਦੇਸ਼ ਵਿਚ ਪੁਰਸ਼ਾਂ ਨੂੰ "ਯੋਧਾ" ਦੱਸਿਆ। ਉਨ੍ਹਾਂ ਕਿਹਾ ਕਿ ਹਮਲੇ 'ਚ ਸੈਂਕੜੇ ਲੋਕ ਜ਼ਖ਼ਮੀ ਵੀ ਹੋਏ ਹਨ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦਾ ਦਾਅਵਾ ਹੈ ਕਿ ਉਹ ਸਿਰਫ਼ ਫੌਜੀ ਟਿਕਾਣਿਆਂ 'ਤੇ ਹਮਲਾ ਕਰ ਰਿਹਾ ਹੈ ਪਰ ਰਿਹਾਇਸ਼ੀ ਇਲਾਕਿਆਂ 'ਤੇ ਵੀ ਹਮਲੇ ਕਰ ਰਿਹਾ ਹੈ। ਉਨ੍ਹਾਂ ਕਿਹਾ, 'ਉਹ ਲੋਕਾਂ ਨੂੰ ਮਾਰ ਰਹੇ ਹਨ ਅਤੇ ਸ਼ਹਿਰੀ ਖੇਤਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਹ ਗ਼ਲਤ ਹੈ ਅਤੇ ਇਸ ਦੀ ਕਦੇ ਵੀ ਮੁਆਫੀ ਨਹੀਂ ਮਿਲੇਗੀ।'

PunjabKesari

ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਪੋਲੈਂਡ ਦੇ ਰਸਤੇ ਕੱਢੇਗੀ ਸਰਕਾਰ : MEA
ਯੂਕ੍ਰੇਨ ਸੰਕਟ 'ਤੇ ਅੱਜ ਵੀਰਵਾਰ ਨੂੰ ਵਿਦੇਸ਼ ਮੰਤਰਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਉਥੋ ਸੁਰੱਖਿਅਤ ਲੈ ਕੇ ਆਉਣਾ ਹੈ। ਭਾਰਤੀ ਦੂਤਘਰ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਜਿਸ 'ਚ ਪੋਲੈਂਡ ਤੇ ਹੰਗਰੀ ਦੇ ਰਸਤੇ ਭਾਰਤੀ ਕੱਢੇ ਜਾਣਗੇ।

PunjabKesari

ਰੂਸ ਵੱਲੋਂ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ NATO ਨੇ ਸੁਰੱਖਿਆ ਬਲਾਂ ਦੀ ਤਾਇਨਾਤੀ ਨੂੰ ਹੋਰ ਮਜ਼ਬੂਤ ਕਰਨ 'ਤੇ ਜਤਾਈ ਸਹਿਮਤੀ
ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਵੱਲੋਂ ਯੂਕ੍ਰੇਨ 'ਚ ਫੌਜੀ ਹਮਲੇ 'ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਜ਼ਖਮੀ ਹੋ ਗਏ। ਉਥੇ, ਹਮਲੇ ਤੋਂ ਬਾਅਦ ਨਾਟੋ ਨੇ ਯੂਕ੍ਰੇਨ ਅਤੇ ਰੂਸ ਦੇ ਕੋਲ ਸਥਿਤ ਆਪਣੇ ਪੂਰਬੀ ਕਿਨਾਰੇ 'ਚ ਆਪਣੀ ਜ਼ਮੀਨੀ, ਸਮੁੰਦਰੀ ਬਲਾਂ ਅਤੇ ਹਵਾਈ ਫੌਜ ਦੀ ਤਾਇਨਾਤੀ ਨੂੰ ਮਜ਼ਬੂਤ ਕਰਨ 'ਤੇ ਸਹਿਮੀਤ ਜਤਾਈ। ਨਾਟੋ ਦੇ ਦੂਤਾਂ ਨੇ ਐਮਰਜੈਂਸੀ ਗੱਲਬਾਤ ਤੋਂ ਬਾਅਦ ਇਕ ਬਿਆਨ 'ਚ ਕਿਹਾ ਕਿ ਅਸੀਂ ਗਠਜੋੜ ਦੇ ਪੂਰਬੀ ਹਿੱਸੇ 'ਚ ਵਾਧੂ ਰੱਖਿਆਤਮਕ ਜ਼ਮੀਨੀ ਅਤੇ ਹਵਾਈ ਫੌਜ, ਨਾਲ ਹੀ ਵਾਧੂ ਸਮੁੰਦਰੀ ਸੰਪਤੀਆਂ ਤਾਇਨਾਤ ਕਰ ਰਹੇ ਹਾਂ। ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਸਾਰੇ ਹੰਗਾਮੀ ਸਥਿਤੀਆਂ ਦਾ ਜਵਾਬ ਦੇਣ ਲਈ ਆਪਣੇ ਬਲਾਂ ਦੀ ਤਿਆਰੀ ਵਧਾ ਦਿੱਤੀ ਹੈ। 

PunjabKesari
ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧੀ ਇਕ ਟਵੀਟ ਕਰ ਕੇ ਰੂਸ ਦੇ ਹਮਲੇ ਦੀ ਨਿਖੇਧੀ ਕੀਤੀ। ਟਰੂਡੋ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਕੈਨੇਡਾ ਯੂਕ੍ਰੇਨ 'ਤੇ ਰੂਸ ਦੇ ਜ਼ਬਰਦਸਤ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਇਹ ਬਿਨਾਂ ਭੜਕਾਊ ਕਾਰਵਾਈਆਂ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਅਧੀਨ ਰੂਸ ਦੀਆਂ ਜ਼ਿੰਮੇਵਾਰੀਆਂ ਦੀ ਸਪੱਸ਼ਟ ਉਲੰਘਣਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕ੍ਰੇਨ 'ਤੇ ਬਿਨਾਂ ਭੜਕਾਹਟ ਦੇ ਹਮਲਾ ਕਰਨ ਦੇ ਰੂਸ ਦੇ ਇਰਾਦੇ ਦੀ ਨਿੰਦਾ ਕੀਤੀ ਹੈ। ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀ "ਰੂਸ ਦੀ ਜਵਾਬਦੇਹੀ ਤੈਅ ਕਰਨਗੇ।" ਬਾਈਡੇਨ ਨੇ ਕਿਹਾ ਕਿ ਉਹਨਾਂ ਦੀ ਸੱਤ ਨੇਤਾਵਾਂ ਦੇ ਸਮੂਹ ਦੀ ਬੈਠਕ ਤੋਂ ਬਾਅਦ ਵੀਰਵਾਰ ਨੂੰ ਅਮਰੀਕੀ ਲੋਕਾਂ ਨਾਲ ਗੱਲ ਕਰਨ ਦੀ ਯੋਜਨਾ ਹੈ। ਵੀਰਵਾਰ ਨੂੰ ਰੂਸ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। 

ਬਾਈਡੇਨ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਪੂਰਵ-ਯੋਜਨਾਬੱਧ ਯੁੱਧ ਚੁਣਿਆ ਹੈ ਜਿਸਦਾ ਲੋਕਾਂ ਦੇ ਜੀਵਨ 'ਤੇ ਵਿਨਾਸ਼ਕਾਰੀ ਪ੍ਰਭਾਵ ਪਵੇਗਾ। ਇਸ ਹਮਲੇ ਵਿੱਚ ਹੋਏ ਜਾਨੀ-ਮਾਲੀ ਨੁਕਸਾਨ ਅਤੇ ਤਬਾਹੀ ਲਈ ਸਿਰਫ਼ ਰੂਸ ਹੀ ਜ਼ਿੰਮੇਵਾਰ ਹੋਵੇਗਾ। ਅਮਰੀਕਾ ਅਤੇ ਉਸ ਦੇ ਸਹਿਯੋਗੀ ਅਤੇ ਭਾਈਵਾਲ ਇੱਕਜੁੱਟ ਅਤੇ ਨਿਰਣਾਇਕ ਢੰਗ ਨਾਲ ਜਵਾਬ ਦੇਣਗੇ। ਦੁਨੀਆ ਰੂਸ ਦੀ ਜਵਾਬਦੇਹੀ ਤੈਅ ਕਰੇਗੀ।

ਨਾਟੋ ਦੀ ਰੂਸ ਨੂੰ ਚਿਤਾਵਨੀ, ਯੂਕ੍ਰੇਨ ਤੋਂ ਤੁਰੰਤ ਹਟਾਏ ਫ਼ੌਜ, ਅੰਤਰਰਾਸ਼ਟਰੀ ਨਿਯਮਾਂ ਦਾ ਕਰੇ ਸਨਮਾਨ

ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO) ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਹੈ ਕਿ ਰੂਸ ਨੂੰ ਆਪਣੀ ਮਿਲਟਰੀ ਕਾਰਵਾਈ ਨੂੰ ਰੋਕਦੇ ਹੋਏ ਤੁਰੰਤ ਯੂਕ੍ਰੇਨ ਤੋਂ ਹਟ ਜਾਣਾ ਚਾਹੀਦਾ ਹੈ। ਰੂਸ ਨੂੰ ਅੰਤਰਰਾਸ਼ਟਰੀ ਨਿਯਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਰੂਸ ਦੀ ਨੀਅਤ ਦੁਨੀਆ ਦੇਖ ਰਹੀ ਹੈ।ਉਹ ਯੂਕ੍ਰੇਨ 'ਤੇ ਆਪਣੀ ਤਾਕਤ ਦੀ ਵਰਤੋਂ ਕਰ ਰਿਹਾ ਹੈ। ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਯੂਕ੍ਰੇਨ 'ਤੇ ਰੂਸ ਦੀ ਕਾਰਵਾਈ ਨੂੰ ਗੈਰ-ਵਾਜਬ ਅਤੇ ਗਲਤ ਕਰਾਰ ਦਿੱਤਾ। 

PunjabKesari
ਉੱਤਰੀ ਅਟਲਾਂਟਿਕ ਪਰੀਸ਼ਦ ਦੀ ਇਕ ਅਸਧਾਰਨ ਬੈਠਕ ਦੇ ਬਾਅਦ ਬ੍ਰਸੇਲਸ (ਬੈਲਜੀਅਮ) ਸਥਿਤ ਨਾਟੋ ਹੈੱਡਕੁਆਰਟਰ ਨੇ ਮੀਡੀਆ ਨੂੰ ਸਟੋਲਟੇਨਬਰਗ ਨੇ ਕਿਹਾ ਕਿ ਸਾਡੇ ਕੋਲ ਆਪਣੇ ਹਵਾਈ ਖੇਤਰ ਦੀ ਰੱਖਿਆ ਕਰਨ ਵਾਲੇ 100 ਤੋ ਵੱਧ ਜੈੱਟ ਅਤੇ ਉੱਤਰ ਤੋਂ ਭੂਮੱਧਸਾਗਰ ਤੱਕ ਸਮੁੰਦਰ ਵਿਚ 120 ਤੋਂ ਵੱਧ ਜੰਗੀ ਜਹਾਜ਼ਾਂ ਦਾ ਬੇੜਾ ਹੈ। ਅਸੀਂ ਆਪਣੇ ਸਹਿਯੋਗੀ ਨੂੰ ਹਮਲੇ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁੱਕਾਂਗੇ। ਸਟੋਲਟੇਨਬਰਗ ਨੇ ਅੱਗੇ ਕਿਹਾ ਕਿ ਅਸੀਂ ਰੂਸ ਨੂੰ ਆਪਣੀ ਮਿਲਟਰੀ ਕਾਰਵਾਈ ਨੂੰ ਤੁਰੰਤ ਰੋਕਣ ਅਤੇ ਯੂਕ੍ਰੇਨ ਸਮੇਤ ਉਸ ਦੇ ਆਲੇ-ਦੁਆਲੇ ਤੋਂ ਆਪਣੇ ਸਾਰੇ ਬਲਾਂ ਨੂੰ ਵਾਪਸ ਲੈਣ ਲਈ ਕਿਹਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਅਸੀਂ ਵਾਸ਼ਿੰਗਟਨ ਸੰਧੀ ਦੀ ਧਾਰਾ 4 ਦੇ ਤਹਿਤ ਸਲਾਹ ਮਸ਼ਵਰਾ ਕੀਤਾ ਹੈ।

ਰੂਸੀ ਹਮਲੇ 'ਚ ਹੁਣ ਤੱਕ 40 ਦੇ ਕਰੀਬ ਲੋਕਾਂ ਦੀ ਮੌਤ : ਯੂਕ੍ਰੇਨ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ‘ਤੇ ਰੂਸੀ ਹਮਲਿਆਂ ‘ਚ ਹੁਣ ਤੱਕ ਕਰੀਬ 40 ਲੋਕ ਮਾਰੇ ਗਏ ਹਨ। ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਨੇ ਕਿਹਾ ਕਿ ਹਮਲੇ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਉਹਨਾਂ ਨੇ ਇਹ ਨਹੀਂ ਦੱਸਿਆ ਕੀ ਮਾਰੇ ਗਏ ਲੋਕਾਂ ਵਿੱਚ ਆਮ ਨਾਗਰਿਕ ਸ਼ਾਮਲ ਹਨ ਜਾਂ ਨਹੀਂ।

PunjabKesari

ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨੀ ਅਧਿਕਾਰੀ ਦੇਸ਼ ਦੀ ਰੱਖਿਆ ਲਈ ਤਿਆਰ ਸਾਰੇ ਲੋਕਾਂ ਨੂੰ ਹਥਿਆਰ ਸੌਂਪਣਗੇ। ਰਾਸ਼ਟਰਪਤੀ ਨੇ ਕਿਹਾ ਕਿ ਯੂਕ੍ਰੇਨ ਦੇ ਲੋਕਾਂ ਦਾ ਭਵਿੱਖ ਹਰੇਕ ਯੂਕ੍ਰੇਨੀ 'ਤੇ ਨਿਰਭਰ ਕਰਦਾ ਹੈ। ਰਾਸ਼ਟਰਪਤੀ ਨੇ ਉਹਨਾਂ ਸਾਰੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜੋ ਦੇਸ਼ ਦੀ ਰੱਖਿਆ ਕਰ ਸਕਦੇ ਹਨ। 

PunjabKesari

 

ਲਗਾਤਾਰ ਹਮਲਾਵਰ ਹੋ ਰਿਹੈ ਰੂਸ, ਯੂਕ੍ਰੇਨ ਨੇ PM ਮੋਦੀ ਨੂੰ ਕੀਤੀ ਦਖਲ ਅੰਦਾਜ਼ੀ ਦੀ ਅਪੀਲ

PunjabKesari

ਰੂਸ ਦੇ ਹਮਲੇ ਦੇ ਵਿਚਕਾਰ ਯੂਕ੍ਰੇਨ ਨੇ ਭਾਰਤ ਤੋਂ ਮਦਦ ਮੰਗੀ ਹੈ।ਯੂਕ੍ਰੇਨ ਦੇ ਰਾਜਦੂਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖਲ ਅੰਦਾਜ਼ੀ ਦੀ ਅਪੀਲ ਕੀਤੀ ਹੈ। ਯੂਕ੍ਰੇਨ ਦੇ ਰਾਜਦੂਤ ਆਇਗੋਰ ਪੋਲਖਾ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਸੰਬੰਧ ਚੰਗੇ ਹਨ। ਨਵੀਂ ਦਿੱਲੀ  (ਭਾਰਤ) ਯੂਕ੍ਰੇਨ-ਰੂਸ ਵਿਵਾਦ ਨੂੰ ਕੰਟਰੋਲ ਕਰਨ ਵਿਚ ਅਹਿਮ ਯੋਗਦਾਨ ਦੇ ਸਕਦੇ ਹਨ। ਆਇਗੋਰ ਪੋਲਖਾ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸਾਡੇ ਰਾਸ਼ਟਰਪਤੀ ਵੋਲੋਡਿਮਿਰ ਜੇਲੇਨਸਕੀ ਨਾਲ ਸੰਪਰਕ ਕਰਨ।

ਰੂਸ-ਯੂਕ੍ਰੇਨ ਵਿਵਾਦ 'ਤੇ ਚਿੰਤਤ ਮੁੱਖ ਮੰਤਰੀ ਚੰਨੀ, ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਖ਼ਾਸ ਅਪੀਲ

PunjabKesari

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੂਸ-ਯੂਕ੍ਰੇਨ 'ਚ ਵੱਧਦੇ ਵਿਵਾਦ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਯੂਕ੍ਰੇਨ 'ਚ ਫਸੇ ਭਾਰਤੀਆਂ ਅਤੇ ਖ਼ਾਸ ਕਰਕੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਦਖ਼ਲ ਦੇਣ।

PunjabKesari
ਉਹਨਾਂ ਨੇ ਹਮਲੇ 'ਤੇ ਆ ਰਹੇ ਰੂਸ ਦੇ ਬਿਆਨਾਂ ਦੀ ਵੀ ਨਿੰਦਾ ਕੀਤੀ। ਪੋਲਖਾ ਨੇ ਕਿਹਾ ਕਿ ਰੂਸ ਦਾਅਵਾ ਕਰ ਰਿਹਾ ਹੈ ਕਿ ਸਿਰਫ ਮਿਲਟਰੀ ਠਿਕਾਣਿਆਂ 'ਤੇ ਹਮਲੇ ਹੋ ਰਹੇ ਹਨ ਪਰ ਹਮਲੇ ਵਿਚ ਆਮ ਲੋਕ ਵੀ ਮਾਰੇ ਗਏ ਹਨ। ਅੱਗੇ ਕਿਹਾ ਗਿਆ ਕਿ ਬਦਲੇ ਵਿਚ ਯੂਕ੍ਰੇਨ ਨੇ ਰੂਸ ਦੇ ਪੰਜ ਤੋਂ ਵੱਧ ਜਹਾਜ਼ ਢੇਰ ਕਰ ਦਿੱਤੇ ਹਨ। ਇਸ ਦੇ ਇਲਾਵਾ ਟੈਂਕ ਅਤੇ ਟਰੱਕਾਂ ਨੂੰ ਵੀ ਢੇਰ ਕੀਤਾ ਗਿਾ ਹੈ। ਯੂਕ੍ਰੇਨ-ਰੂਸ ਵਿਵਾਦ 'ਤੇ ਭਾਰਤ ਦੇ ਰੁਖ਼ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਨਿਰਪੱਖ ਰਿਹਾ ਹੈ। ਮਤਲਬ ਭਾਰਤ ਹੁਣ ਤੱਕ ਯੁਧ ਜਾਂ ਗਤੀਰੋਧ ਵਿਚ ਕਿਸੇ ਵੱਲ ਨਹੀਂ ਹੈ। 

ਰੂਸ-ਯੂਕ੍ਰੇਨ ਹਮਲਾ : ਜਾਨਸਨ ਨੇ ਨਿਰਣਾਇਕ ਜਵਾਬ ਦੇਣ ਦੀ ਕਹੀ ਗੱਲ, ਨੀਦਰਲੈਂਡ ਨੇ ਵੀ ਕੀਤੀ ਨਿਖੇਧੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਫੋਨ 'ਤੇ ਗੱਲਬਾਤ ਤੋਂ ਬਾਅਦ ਕਿਹਾ ਕਿ ਪੱਛਮੀ ਦੇਸ਼ ਰੂਸ ਦੀ ਕਾਰਵਾਈ ਦਾ ਫੈਸਲਾਕੁੰਨ ਜਵਾਬ ਦੇਣਗੇ। ਜਾਨਸਨ ਨੇ ਟਵੀਟ ਕੀਤਾ,“ਮੈਂ ਯੂਕ੍ਰੇਨ ਵਿੱਚ ਵਾਪਰ ਰਹੀਆਂ ਭਿਆਨਕ ਘਟਨਾਵਾਂ ਤੋਂ ਦੁਖੀ ਹਾਂ। ਮੈਂ ਅਗਲੇਰੀ ਕਾਰਵਾਈ ਬਾਰੇ ਚਰਚਾ ਕਰਨ ਲਈ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਗੱਲ ਕੀਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ 'ਤੇ ਬਿਨਾਂ ਭੜਕਾਹਟ ਦੇ ਇਹ ਹਮਲਾ ਕਰਕੇ ਖੂਨ-ਖਰਾਬੇ ਅਤੇ ਤਬਾਹੀ ਦਾ ਰਾਹ ਚੁਣਿਆ ਹੈ। ਬ੍ਰਿਟੇਨ ਅਤੇ ਸਾਡੇ ਸਹਿਯੋਗੀ ਨਿਰਣਾਇਕ ਜਵਾਬ ਦੇਣਗੇ।

PunjabKesari


ਨੀਦਰਲੈਂਡ ਨੇ ਯੂਕ੍ਰੇਨ ਵਿੱਚ ਰੂਸੀ ਕਾਰਵਾਈ ਦੀ ਕੀਤੀ ਨਿੰਦਾ 
ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਵੀਰਵਾਰ ਨੂੰ ਕਿਹਾ ਕਿ ਉਹ ਯੂਕ੍ਰੇਨ ਵਿਚ ਰੂਸੀ ਫ਼ੌਜੀ ਮੁਹਿੰਮ ਦੀ ਨਿੰਦਾ ਕਰਦੇ ਹਨ ਅਤੇ ਇਸ ਮਾਮਲੇ ਵਿਚ ਨੀਦਰਲੈਂਡ ਨਾਟੋ ਅਤੇ ਯੂਰਪੀ ਸਹਿਯੋਗੀਆਂ ਦੇ ਨਾਲ ਹਨ।

ਯੂਕ੍ਰੇਨ ਦੇ 11 ਸ਼ਹਿਰਾਂ ਵਿਚ ਤਬਾਹੀ, ਜਾਣੋ ਤਾਜ਼ਾ ਹਾਲਾਤ
ਯੂਕ੍ਰੇਨ ਦੇ ਕਈ ਸ਼ਹਿਰਾਂ ਵਿੱਚ ਧਮਾਕਿਆਂ ਦੀ ਖ਼ਬਰ ਹੈ। ਕਾਲੇ ਸਾਗਰ ਦੇ ਨੇੜੇ ਓਡੇਸਾ ਵਿੱਚ ਦੋ ਸ਼ਕਤੀਸ਼ਾਲੀ ਧਮਾਕੇ ਹੋਏ ਹਨ। ਰਾਜਧਾਨੀ ਕੀਵ ਵਿੱਚ ਵੀ ਦੋ ਜ਼ਬਰਦਸਤ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਖ਼ਬਰਾਂ ਮੁਤਾਬਕ ਕ੍ਰਾਮੇਟੋਰਸਕ, ਬੇਰਡਯਾਂਸਕ ਅਤੇ ਨਿਕੋਲੇਵ ਸ਼ਹਿਰਾਂ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਗਈ।

ਯੂਕ੍ਰੇਨ ਦੇ ਚਾਰ ਸ਼ਹਿਰਾਂ ਵਿੱਚ ਮਿਜ਼ਾਈਲ ਹਮਲੇ ਹੋਏ ਹਨ। ਕੀਵ, ਖਾਰਕਿਵ ਸਮੇਤ ਚਾਰ ਸ਼ਹਿਰਾਂ 'ਤੇ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਇਸ ਤਰ੍ਹਾਂ ਜੰਗ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਰੂਸ ਨੇ ਇੱਕੋ ਸਮੇਂ ਯੂਕਰੇਨ ਦੇ 11 ਸ਼ਹਿਰਾਂ 'ਤੇ ਹਮਲਾ ਕੀਤਾ ਹੈ। ਰਾਜਧਾਨੀ ਕੀਵ ਸਮੇਤ ਯੂਕਰੇਨ ਦੇ ਪੂਰਬੀ ਹਿੱਸੇ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਰੂਸ ਵੱਲੋਂ ਫ਼ੌਜੀ ਹਮਲਾ ਸ਼ੁਰੂ ਕਰਨ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਦੇਸ਼ ਵਿੱਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ ਅਤੇ ਨਾਗਰਿਕਾਂ ਨੂੰ ਇਸ ਸਥਿਤੀ ਵਿੱਚ ਨਾ ਘਬਰਾਉਣ ਦੀ ਅਪੀਲ ਕੀਤੀ ਹੈ।

ਇਸ ਵਿਚਕਾਰ ਯੂਕ੍ਰੇਨ ਨੇ ਦਾਅਵਾ ਕੀਤਾ ਹੈ ਕਿ ਰੂਸੀ ਹਮਲੇ ਵਿੱਚ 300 ਲੋਕ ਮਾਰੇ ਗਏ ਹਨ। ਨਾਲ ਹੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਸਾਰੇ ਫ਼ੌਜੀ ਢਾਂਚੇ ਨੂੰ ਤਬਾਹ ਕਰ ਦਿੱਤਾ ਗਿਆ ਹੈ।

ਯੂਕਰੇਨ ਨੇ NOTAM (ਏਅਰ ਮਿਸ਼ਨ ਨੂੰ ਨੋਟਿਸ) ਜਾਰੀ ਕੀਤਾ ਹੈ ਅਤੇ ਦੇਸ਼ ਦੇ ਅੰਦਰ ਸਿਵਲ ਏਅਰਕ੍ਰਾਫਟ ਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ 'ਚ ਭਾਰਤੀਆਂ ਨੂੰ ਲਿਆਉਣ ਲਈ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ AI-1947 ਖਾਲੀ ਹੱਥ ਪਰਤ ਰਹੀ ਹੈ। ਇਹ ਫਲਾਈਟ ਅੱਜ ਸਵੇਰੇ ਯੂਕਰੇਨ ਦੇ ਬੋਰਿਸਪਿਲ ਹਵਾਈ ਅੱਡੇ ਲਈ ਰਵਾਨਾ ਹੋਈ।

ਹਮਲੇ ਦੇ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਗੱਲ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਅਤੇ ਤੁਰਕੀ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਮੈਂ ਅੱਜ ਸ਼ਾਮ ਨੂੰ ਵ੍ਹਾਈਟ ਹਾਊਸ ਤੋਂ ਸਥਿਤੀ ਦੀ ਨਿਗਰਾਨੀ ਕਰਾਂਗਾ ਅਤੇ ਸਾਡੀ ਰਾਸ਼ਟਰੀ ਸੁਰੱਖਿਆ ਟੀਮ ਤੋਂ ਨਿਯਮਤ ਅਪਡੇਟ ਪ੍ਰਾਪਤ ਕਰਾਂਗਾ। ਕੱਲ੍ਹ ਸਵੇਰੇ ਮੈਂ ਆਪਣੇ ਜੀ7 ਹਮਰੁਤਬਾ ਨਾਲ ਮੁਲਾਕਾਤ ਕਰਾਂਗਾ। ਅਸੀਂ ਆਪਣੇ ਨਾਟੋ ਸਹਿਯੋਗੀਆਂ ਨਾਲ ਤਾਲਮੇਲ ਕਰਾਂਗੇ।

ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਹੈ ਕਿ ਪੁਤਿਨ ਨੇ ਹੁਣੇ ਹੀ ਯੂਕਰੇਨ 'ਤੇ ਪੂਰੇ ਪੈਮਾਨੇ 'ਤੇ ਹਮਲਾ ਕੀਤਾ ਹੈ। ਯੂਕਰੇਨ ਦੇ ਸ਼ਾਂਤੀਪੂਰਨ ਸ਼ਹਿਰਾਂ 'ਤੇ ਹਮਲੇ ਹੋ ਰਹੇ ਹਨ। ਇਹ ਹਮਲਾਵਰ ਜੰਗ ਹੈ। ਅਜਿਹੇ 'ਚ ਯੂਕਰੇਨ ਆਪਣਾ ਬਚਾਅ ਕਰੇਗਾ ਅਤੇ ਜਿੱਤੇਗਾ। 
 

ਰੂਸ ਦੇ ਹਮਲੇ ਮਗਰੋਂ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਦੇਸ਼ 'ਚ ‘ਮਾਰਸ਼ਲ ਲਾਅ’ ਦਾ ਕੀਤਾ ਐਲਾਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਵੀਰਵਾਰ ਨੂੰ ਫੌਜੀ ਕਾਰਵਾਈ ਦੇ ਐਲਾਨ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਦੇਸ਼ ਵਿਚ ‘ਮਾਰਸ਼ਲ ਲਾਅ’ ਦਾ ਐਲਾਨ ਕੀਤਾ ਹੈ ਅਤੇ ਨਾਗਰਿਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਸਵੇਰੇ ਪੁਤਿਨ ਨੇ ਯੂਕ੍ਰੇਨ ਵਿਚ ਫੌਜੀ ਕਾਰਵਾਈ ਦੀ ਐਲਾਨ ਕੀਤਾ ਅਤੇ ਦੂਜੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਕਿ ਰੂਸੀ ਕਾਰਵਾਈ ਵਿਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਦੇ "ਅਜਿਹੇ ਨਤੀਜੇ ਹੋਣਗੇ ਜੋ ਉਹਨਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ।" ਪੁਤਿਨ ਨੇ ਦਾਅਵਾ ਕੀਤਾ ਹੈ ਕਿ ਇਹ ਹਮਲੇ ਪੂਰਬੀ ਯੂਕਰੇਨ ਵਿਚ ਲੋਕਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਹਨ, ਜਿਸ ਨੂੰ ਅਮਰੀਕਾ ਨੇ ਹਮਲਾ ਕਰਨ ਦਾ ਸਿਰਫ਼ ਇਕ ਬਹਾਨਾ ਦੱਸਿਆ ਹੈ।

PunjabKesari

ਯੂਕ੍ਰੇਨ ਸੰਕਟ ਵਿਚਕਾਰ ਰੂਸ ਪਹੁੰਚੇ ਇਮਰਾਨ ਖਾਨ, ਅਮਰੀਕਾ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ

ਰੂਸ ਅਤੇ ਯੂਕ੍ਰੇਨ ਦੇ ਹਾਲਾਤ ਵਿਚਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋ ਦਿਨਾਂ ਰੂਸ ਦੇ ਦੌਰੇ 'ਤੇ ਪਹੁੰਚ ਗਏ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮਾਸਕੋ ਦੌਰੇ 'ਤੇ ਅਮਰੀਕਾ ਦੀ ਪ੍ਰਤੀਕਿਰਿਆ ਆਈ ਹੈ। ਅਮਰੀਕਾ ਨੇ ਕਿਹਾ ਕਿ ਯੂਕ੍ਰੇਨ 'ਤੇ ਰੂਸ ਵੱਲੋਂ ਲਏ ਗਏ ਫੈ਼ਸਲਿਆਂ 'ਤੇ ਇਤਰਾਜ਼ ਕਰਨਾ ਹਰ ਜ਼ਿੰਮੇਵਾਰ ਦੇਸ਼ ਦੀ ਜ਼ਿੰਮੇਵਾਰੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਯੂਕ੍ਰੇਨ ਦੇ ਹਾਲਾਤ 'ਤੇ ਆਪਣੀ ਸਥਿਤੀ ਤੋਂ ਜਾਣੂ ਕਰਾਇਆ ਹੈ।

PunjabKesari

ਨੇਡ ਪ੍ਰਾਈਸ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਅਮਰੀਕਾ ਯੂਕ੍ਰੇਨ ਨਾਲ ਆਪਣੀ ਸਾਂਝੇਦਾਰੀ ਨੂੰ ਅਮਰੀਕੀ ਹਿੱਤਾਂ ਲਈ ਮਹੱਤਵਪੂਰਨ ਸਮਝਦਾ ਹੈ। ਇਸ ਲਈ ਅਸੀਂ ਰੂਸ ਵੱਲੋਂ ਯੂਕ੍ਰੇਨ 'ਤੇ ਲਏ ਗਏ ਫ਼ੈਸਲਿਆਂ ਬਾਰੇ ਪਾਕਿਸਤਾਨ ਨੂੰ ਆਪਣੀ ਸਥਿਤੀ ਦੱਸ ਦਿੱਤੀ ਹੈ ਅਤੇ ਅਸੀਂ ਉਨ੍ਹਾਂ ਨੂੰ ਯੁੱਧ 'ਤੇ ਕੂਟਨੀਤੀ ਨੂੰ ਅੱਗੇ ਵਧਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਬਾਰੇ ਜਾਣੂ ਕਰਵਾਇਆ ਹੈ।ਦਰਅਸਲ ਪਾਕਿਸਤਾਨੀ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਅਤੇ ਆਰਥਿਕ ਸਹਿਯੋਗ ਸਮੇਤ ਮੁੱਦਿਆਂ 'ਤੇ ਚਰਚਾ ਕਰਨ ਲਈ ਮਾਸਕੋ ਪਹੁੰਚੇ। 

ਪੁਤਿਨ ਨੇ ਪੂਰਬੀ ਯੂਕ੍ਰੇਨ 'ਚ ਫੌਜੀ ਕਾਰਵਾਈ ਦਾ ਕੀਤਾ ਐਲਾਨ, ਦੂਜੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ 
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਯੂਕ੍ਰੇਨ ਵਿਚ ਫੌਜੀ ਕਾਰਵਾਈ ਦੀ ਘੋਸ਼ਣਾ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਦਾ ਉਦੇਸ਼ ਨਾਗਰਿਕਾਂ ਦੀ ਸੁਰੱਖਿਆ ਕਰਨਾ ਹੈ।ਪੁਤਿਨ ਨੇ ਇਕ ਟੈਲੀਵਿਜ਼ਨ ਸੰਬੋਧਨ ਵਿਚ ਕਿਹਾ ਕਿ ਇਹ ਕਾਰਵਾਈ ਯੂਕ੍ਰੇਨ ਵੱਲੋਂ ਪੇਸ਼ ਕੀਤੇ ਜਾ ਰਹੇ ਖ਼ਤਰਿਆਂ ਦੇ ਜਵਾਬ ਵਿਚ ਕੀਤੀ ਜਾ ਰਹੀ ਹੈ।

PunjabKesari

ਉਨ੍ਹਾਂ ਕਿਹਾ ਕਿ ਰੂਸ ਦਾ ਟੀਚਾ ਯੂਕ੍ਰੇਨ 'ਤੇ ਕਬਜ਼ਾ ਕਰਨਾ ਨਹੀਂ ਹੈ। ਪੁਤਿਨ ਨੇ ਕਿਹਾ ਕਿ ਖੂਨ-ਖਰਾਬੇ ਲਈ ਯੂਕ੍ਰੇਨ ਦਾ "ਸ਼ਾਸਨ" ਜ਼ਿੰਮੇਵਾਰ ਹੈ।ਪੁਤਿਨ ਨੇ ਦੂਜੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਕਿ ਰੂਸੀ ਕਾਰਵਾਈ ਵਿਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜੀ ਦੀ ਕੋਸ਼ਿਸ਼ ਦੇ 'ਨਤੀਜੇ ਅਜਿਹੇ ਹੋਣਗੇ, ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ।'

ਕੱਚੇ ਤੇਲ ਦੀਆਂ ਕੀਮਤਾਂ 8 ਸਾਲ ਬਾਅਦ ਫਿਰ 100 ਡਾਲਰ ਦੇ ਪਾਰ, Ukraine ਸੰਕਟ ਕਾਰਨ ਸੋਨਾ ਵੀ ਚੜ੍ਹਿਆ

PunjabKesari

ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਇਸ ਹਫਤੇ ਦੇ ਸ਼ੁਰੂ ਵਿੱਚ ਨੌਂ ਮਹੀਨਿਆਂ ਦੀ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ ਕਿਉਂਕਿ ਯੂਕਰੇਨ ਦੁਆਰਾ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਲਈ ਦੂਸਰੇ ਬਾਜ਼ਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਬ੍ਰੈਂਟ ਕਰੂਡ ਨੇ 2014 ਤੋਂ ਬਾਅਦ ਪਹਿਲੀ ਵਾਰ 100 ਡਾਲਰ ਪ੍ਰਤੀ ਬੈਰਲ ਦਾ ਅੰਕੜਾ ਪਾਰ ਕੀਤਾ ਹੈ। ਯੂਕਰੇਨ ਸੰਕਟ ਦੇ ਵਧਣ 'ਤੇ ਰੂਸ ਦੇ ਹਮਲਾਵਰ ਰੁਖ ਨਾਲ, ਕੱਚੇ ਨਿਰਯਾਤ ਲਈ ਨਾਜ਼ੁਕ ਖੇਤਰ 'ਚ ਡਰ ਵਧ ਗਿਆ ਹੈ। ਰੂਸ ਦੁਨੀਆ ਵਿੱਚ ਤੇਲ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ, ਮੁੱਖ ਤੌਰ 'ਤੇ ਯੂਰਪ ਵਿੱਚ ਰਿਫਾਇਨਰੀਆਂ ਨੂੰ ਆਪਣਾ ਤੇਲ ਵੇਚਦਾ ਹੈ ਅਤੇ 35 ਪ੍ਰਤੀਸ਼ਤ ਹਿੱਸੇ ਦੇ ਨਾਲ ਯੂਰਪ ਨੂੰ ਕੁਦਰਤੀ ਗੈਸ ਦਾ ਸਭ ਤੋਂ ਵੱਡਾ ਸਪਲਾਇਰ ਹੈ।

ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 13 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸਪਾਟ ਬਜ਼ਾਰ 'ਚ ਸੋਨੇ ਦੀ ਕੀਮਤ 1925 ਡਾਲਰ ਦੇ ਪੱਧਰ ਨੂੰ ਪਾਰ ਕਰਕੇ ਕਰੀਬ 13 ਮਹੀਨਿਆਂ ਤੋਂ 1950 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਪਹੁੰਚ ਗਈ ਹੈ।  ਅਮਰੀਕੀ ਸੋਨਾ ਫਿਊਚਰਜ਼ 0.2% ਚੜ੍ਹ ਕੇ 1,913.20 ਡਾਲਰ 'ਤੇ ਪਹੁੰਚ ਗਿਆ।

ਰੂਸ ਦੇ ਯੂਕਰੇਨ 'ਤੇ ਹਮਲੇ ਨੇ ਸੁਰੱਖਿਅਤ ਸਥਾਨ ਸੋਨੇ ਦੀ ਮੰਗ ਨੂੰ ਵਧਾ ਦਿੱਤਾ ਹੈ. ਵੀਰਵਾਰ ਨੂੰ MCX 'ਤੇ ਅਪ੍ਰੈਲ ਫਿਊਚਰ ਸੋਨਾ 1400 ਰੁਪਏ ਵਧ ਕੇ 51,750 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਜਦਕਿ ਮਾਰਚ ਫਿਊਚਰਜ਼ ਚਾਂਦੀ ਦੀਆਂ ਕੀਮਤਾਂ 1,106 ਰੁਪਏ ਦੀ ਛਾਲ ਮਾਰ ਕੇ 65,691 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ।

ਇਹ ਵੀ ਪੜ੍ਹੋ : AirIndia ਦੇ ਕਾਮਿਆਂ ਲਈ ਦੋਹਰੀ ਖ਼ੁਸ਼ਖ਼ਬਰੀ , ਤਨਖ਼ਾਹ ਨੂੰ ਲੈ ਕੇ ਕੰਪਨੀ ਨੇ ਕੀਤਾ ਇਹ ਐਲਾਨ

ਮਾਹਿਰਾਂ ਮੁਤਾਬਕ ਕੌਮਾਂਤਰੀ ਬਾਜ਼ਾਰ 'ਚ ਸੋਨਾ ਜਲਦੀ ਹੀ 1950 ਡਾਲਰ, 1980 ਡਾਲਰ ਅਤੇ ਫਿਰ 2000 ਡਾਲਰ ਪ੍ਰਤੀ ਔਂਸ ਦੇ ਪੱਧਰ ਤੱਕ ਜਾ ਸਕਦਾ ਹੈ।

ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 55 ਪੈਸੇ ਟੁੱਟਿਆ

ਇਹ ਵੀ ਪੜ੍ਹੋ : ਅਨਿਲ-ਟੀਨਾ ਅੰਬਾਨੀ ਦਾ ਬੇਟਾ ਅਨਮੋਲ ਵਿਆਹ ਦੇ ਬੰਧਨ 'ਚ ਬੱਝਿਆ, ਅੰਬਾਨੀ ਪਰਿਵਾਰ ਦੀ ਨੂੰਹ ਬਣੀ ਕ੍ਰਿਸ਼ਾ ਸਾਹ

PunjabKesari

ਰੂਸ ਨੇ ਯੂਕ੍ਰੇਨ ਖ਼ਿਲਾਫ ਹਮਲਾ ਬੋਲ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਲੋਂ ਫ਼ੌਜੀ ਕਾਰਵਾਈ ਦੇ ਐਲਾਨ ਮਗਰੋਂ ਕਈ ਥਾਂ ਧਮਾਕੇ ਸੁਣੇ ਗਏ। ਯੂਕ੍ਰੇਨ ਸੰਕਟ ਦਰਮਿਆਨ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਲਗਾਤਾਰ ਚੱਲ ਰਹੀ ਹੈ। ਇਸ ਦਰਮਿਆਨ ਨਾਗਰਿਕਾਂ ਨੂੰ ਉੱਥੋਂ ਲਿਆਉਣ ਲਈ ਵੀਰਵਾਰ ਨੂੰ ਰਵਾਨਾ ਹੋਇਆ ਏਅਰ ਇੰਡੀਆ ਦਾ ਜਹਾਜ਼ ਵਾਪਸ ਦਿੱਲੀ ਪਰਤ ਆਇਆ ਹੈ। ਏਅਰ ਲਾਈਨਜ਼ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਯੂਕ੍ਰੇਨ ਦੇ ਅਧਿਕਾਰੀਆਂ ਨੇ ਵੀਰਵਾਰ ਸਵੇਰੇ ਦੇਸ਼ ਦਾ ਹਵਾਈ ਖੇਤਰ ਨਾਗਰਿਕ ਜਹਾਜ਼ ਦੇ ਸੰਚਾਲਨ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ। ਯੂਕ੍ਰੇਨ ਦੇ ਅਧਿਕਾਰੀਆਂ ਨੇ ਇਕ NOTAM (ਨੋਟਿਸ ਟੂ ਏਅਰ ਮਿਸ਼ਨ) ਜਾਰੀ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਅਤੇ ਕੇਂਦਰ ਸਰਕਾਰ ਨੇ ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਦਿੱਲੀ ਬੁਲਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਜਹਾਜ਼ ਨੇ ਦਿੱਲੀ ਵਾਪਸੀ ਲਈ ਈਰਾਨ ਦੇ ਹਵਾਈ ਖੇਤਰ ਨੂੰ ਚੁਣਿਆ। ਏਅਰ ਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਏਅਰ ਇੰਡੀਆ ਦੀ ਫਲਾਈਟ AI1947 ਵਾਪਸ ਆ ਗਈ ਹੈ , ਕਿਉਂਕਿ ਕੀਵ ਨੇ ਨੋਟਿਸ ਟੂ ਏਅਰ ਮਿਸ਼ਨ ਜਾਰੀ ਕਰ ਦਿੱਤਾ ਹੈ।  ਜਹਾਜ਼ ਨੇ ਸਵੇਰੇ ਸਾਢੇ 7 ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਕੀਵ ਲਈ ਉਡਾਣ ਭਰੀ ਸੀ। ਇਸ ਦਰਮਿਆਨ ਕੀਵ ਤੋਂ ਉਡਾਣ ਭਰ ਕੇ ਯੂਕ੍ਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਦਾ ਇਕ ਜਹਾਜ਼ 7:45 ਵਜੇ ਦਿੱਲੀ ਹਵਾਈ ਅੱਡੇ ’ਤੇ ਪਹੁੰਚਿਆ। ਜਹਾਜ਼ ’ਚ 182 ਭਾਰਤੀ ਨਾਗਰਿਕ ਹਨ ਅਤੇ ਉਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਹਨ।

 


author

Vandana

Content Editor

Related News