ਰੂਸ ਨੇ ਯੂਕ੍ਰੇਨ ਦੇ ਪਾਵਰ ਗਰਿੱਡ ’ਤੇ ਦਾਗੇ ਡਰੋਨ ਅਤੇ ਮਿਜ਼ਾਈਲਾਂ, 50 ਹਜ਼ਾਰ ਘਰ ਪ੍ਰਭਾਵਿਤ

Sunday, Oct 05, 2025 - 03:33 AM (IST)

ਰੂਸ ਨੇ ਯੂਕ੍ਰੇਨ ਦੇ ਪਾਵਰ ਗਰਿੱਡ ’ਤੇ ਦਾਗੇ ਡਰੋਨ ਅਤੇ ਮਿਜ਼ਾਈਲਾਂ, 50 ਹਜ਼ਾਰ ਘਰ ਪ੍ਰਭਾਵਿਤ

ਕੀਵ - ਰੂਸ ਨੇ ਡਰੋਨ ਅਤੇ ਮਿਜ਼ਾਈਲਾਂ ਨਾਲ  ਸ਼ੁੱਕਰਵਾਰ ਰਾਤ ਤੋਂ ਲੈ ਕੇ ਸ਼ਨੀਵਾਰ ਤੱਕ ਯੂਕ੍ਰੇਨ ਦੇ ਪਾਵਰ ਗਰਿੱਡ ’ਤੇ ਭਿਆਨਕ ਹਮਲੇ ਕੀਤੇ। ਯੂਕ੍ਰੇਨ ਦੀ ਇਕ ਊਰਜਾ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਰੂਸ ਨੇ ਯੂਕ੍ਰੇਨ ਦੇ ਕੁਦਰਤੀ ਗੈਸ  ਟਿਕਾਣਿਆਂ ’ਤੇ ਸ਼ੁੱਕਰਵਾਰ ਨੂੰ ਹਮਲੇ ਕੀਤੇ। ਖੇਤਰੀ ਆਪ੍ਰੇਟਰ ਚੇਰਨੀਹੋਬਲਨੇਰਗੋ ਦੇ ਅਨੁਸਾਰ ਪਾਵਰ ਗਰਿੱਡ ’ਤੇ ਹਮਲਿਆਂ ਨੇ ਰੂਸੀ ਸਰਹੱਦ ਦੇ ਨੇੜੇ ਉੱਤਰੀ ਸ਼ਹਿਰ ਚੇਰਨੀਹੀਵ ’ਚ ਊਰਜਾ ਸਹੂਲਤਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਬਿਜਲੀ ਬੰਦ ਹੋਣ ਨਾਲ ਲੱਗਭਗ 50,000 ਘਰਾਂ ਦੇ ਪ੍ਰਭਾਵਿਤ ਹੋਣ ਦਾ  ਖਦਸ਼ਾ ਹੈ।

ਚੇਰਨੀਹੀਵ ਫੌਜੀ ਪ੍ਰਸ਼ਾਸਨ ਦੇ ਮੁਖੀ ਦਿਮਿਤਰੋ ਬ੍ਰਾਇਜ਼ਿੰਸਕੀ ਨੇ ਪੁਸ਼ਟੀ ਕੀਤੀ ਕਿ ਸ਼ਹਿਰ ’ਤੇ ਰਾਤ ਦੇ ਸਮੇਂ ਹੋਏ ਰੂਸੀ ਹਮਲਿਆਂ ਕਾਰਨ ਕਈ ਖਾਵਾਂ ’ਤੇ ਅੱਗ ਲੱਗ ਗਈ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ ਨਾਲ ਕਿੰਨਾ ਨੁਕਸਾਨ ਹੋਇਆ। ਯੂਕ੍ਰੇਨੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ’ਤੇ 381 ਡਰੋਨਾਂ ਅਤੇ 35 ਮਿਜ਼ਾਈਲਾਂ ਨਾਲ ਵੱਡੇ ਪੱਧਰ ’ਤੇ ਹਮਲੇ ਕੀਤੇ। ਰੂਸ ਨੇ ਯੂਕ੍ਰੇਨ ’ਤੇ ਵੱਡਾ ਹਮਲਾ ਕਰਦਿਆਂ 2 ਪੈਸੰਜਰ ਟਰੇਨਾਂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ  ਉਨ੍ਹਾਂ ਨੂੰ ਅੱਗ ਲੱਗ ਗਈ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਕਿਹਾ ਕਿ ਸ਼ਨੀਵਾਰ ਨੂੰ ਇਕ ਯੂਕ੍ਰੇਨੀ ਰੇਲਵੇ ਸਟੇਸ਼ਨ ’ਤੇ ਹੋਏ ਰੂਸੀ ਡਰੋਨ ਹਮਲੇ ’ਚ ਦਰਜਨਾਂ ਲੋਕ ਜ਼ਖਮੀ ਹੋਏ ਹਨ। ਜ਼ੈਲੇਂਸਕੀ ਨੇ ਕੀਵ ਦੇ  ਉੱਤਰ-ਪੂਰਬ ’ਚ  ਸਥਿਤ ਸ਼ੋਸਤਕਾ ਸ਼ਹਿਰ ’ਤੇ ਹੋਏ ਹਮਲੇ ਬਾਰੇ ਦੱਸਿਆ ਕਿ ਘੱਟੋ-ਘੱਟ 30 ਲੋਕ ਜ਼ਖਮੀ ਹੋਏ ਹਨ। ਇਹ  ਸ਼ਹਿਰ ਰੂਸੀ ਸਰਹੱਦ ਤੋਂ ਲੱਗਭਗ 70 ਕਿਲੋਮੀਟਰ ਦੂਰ ਹੈ।
 


author

Inder Prajapati

Content Editor

Related News