ਬੰਦਰਗਾਹਾਂ ''ਤੇ ਕਬਜ਼ਾ ਕਰਨ ਦੀ ਕੋਸ਼ਿਸ਼ ''ਚ ਰੂਸ, ਖਾਰਕੀਵ ''ਚ ਹਮਲੇ ਕੀਤੇ ਤੇਜ਼
Monday, Feb 28, 2022 - 02:01 AM (IST)
ਇੰਟਰਨੈਸ਼ਨਲ ਡੈਸਕ-ਯੂਕ੍ਰੇਨ ਦੇ ਕਈ ਹਵਾਈ ਅੱਡਿਆਂ, ਈਂਧਨ ਕੇਂਦਰਾਂ ਅਤੇ ਹੋਰ ਅਦਾਰਿਆਂ 'ਤੇ ਹਮਲੇ ਤੋਂ ਬਾਅਦ ਐਤਵਾਰ ਨੂੰ ਰੂਸੀ ਫੌਜ ਨੇ ਦੱਖਣੀ ਖੇਤਰ 'ਚ ਸਥਿਤ ਰਣਨੀਤਕ ਬੰਦਰਗਾਹਾਂ' 'ਤੇ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ਹਿਰਾਂ 'ਚ ਉਸ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰਾਜਧਾਨੀ ਕੀਵ ਸਵੇਰੇ ਧਮਾਕਿਆਂ ਨਾਲ ਹਿੱਲ ਗਈ। ਅਧਿਕਾਰੀਆਂ ਨੇ ਇਕ ਹਵਾਈ ਅੱਡੇ 'ਤੇ ਧਮਾਕੇ ਦੀ ਸੂਚਨਾ ਦਿੱਤੀ। ਸ਼ਹਿਰ ਦੀਆਂ ਸੁੰਨਸਾਨ ਪਈਆਂ ਮੁੱਖ ਸੜਕਾਂ 'ਤੇ ਗਿਣਤੀ ਦੀਆਂ ਕਾਰਾਂ ਹੀ ਦਿਖੀਆਂ ਅਤੇ ਕੀਵ 'ਚ 39 ਘੰਟੇ ਦੇ ਕਰਫ਼ਿਊ ਕਾਰਨ ਲੋਕ ਸੜਕਾਂ ਤੋਂ ਦੂਰ ਰਹੇ।
ਇਹ ਵੀ ਪੜ੍ਹੋ : ਰੂਸੀ ਜਹਾਜ਼ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਬੰਦ ਕਰੇਗਾ EU
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਮੀਦੀਰ ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਲਈ ਲੜ ਰਹੇ ਹਾਂ, ਆਪਣੀ ਆਜ਼ਾਦੀ ਨੂੰ ਬਣਾਏ ਰੱਖਣ ਲਈ ਲੜ ਰਹੇ ਹਾਂ ਕਿਉਂਕਿ ਸਾਨੂੰ ਅਜਿਹਾ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਮੁਸ਼ਕਲ ਭਰ ਸੀ। ਭਾਰੀ ਗੋਲੀਬਾਰੀ ਹੋਈ, ਰਿਹਾਇਸ਼ੀ ਖੇਤਰਾਂ 'ਚ ਵੀ ਬੰਬਮਾਰੀ ਕੀਤੀ ਗਈ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਾਵਰ ਸਾਰੇ ਫੌਜੀ-ਨਾਗਰਿਕ ਸਥਾਨਾਂ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਮਦਦ ਲਈ ਅਗੇ ਆਇਆ EU, ਹਥਿਆਰ ਖਰੀਦਣ ਲਈ 450 ਮਿਲੀਅਨ ਯੂਰੋ ਦੀ ਕਰੇਗਾ ਮਦਦ
ਰੂਸ ਦੇ ਰਾਸ਼ਟਰਪਤੀ ਦਫ਼ਤਰ 'ਕ੍ਰੈਮਲਿਨ ਮੁਤਾਬਕ ਫੌਜੀ ਬੜ੍ਹਤ ਬਣਾਉਣ ਤੋਂ ਬਾਅਦ ਰੂਸ ਨੇ ਯੂਕ੍ਰੇਨ ਨਾਲ ਸ਼ਾਂਤੀ ਵਾਰਤਾ ਲਈ ਇਕ ਵਫ਼ਦ ਨੂੰ ਬੇਲਾਰੂਸ ਭੇਜਿਆ ਪਰ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਹੋਰ ਸਥਾਨਾਂ 'ਤੇ ਗੱਲਬਾਤ ਦਾ ਪ੍ਰਸਤਾਵ ਦਿੰਦੇ ਹਏ ਕਿਹਾ ਕਿ ਉਨ੍ਹਾਂ ਦਾ ਦੇਸ਼ ਬੇਲਾਰੂਸ 'ਚ ਬੈਠਕ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਉਸ ਨੇ ਹਮਲੇ 'ਚ ਰੂਸ ਦੀ ਮਦਦ ਕੀਤੀ ਹੈ। ਰੂਸੀ ਫੌਜੀ ਐਤਵਾਰ ਨੂੰ ਖਾਰਕੀਵ ਦੇ ਬਾਹਰੀ ਇਲਾਕੇ ਤੱਕ ਪਹੁੰਚ ਗਏ ਹਨ। ਖਾਰਕੀਵ ਰੂਸ ਦੀ ਸਰਹੱਦ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਨਾਲ ਆਇਆ ਜਾਪਾਨ, ਰੂਸ ਦੇ ਬੈਂਕਾਂ 'ਤੇ ਲਾਈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ