ਰੂਸ ਦੇ ਹਮਲਿਆਂ ਨਾਲ ਯੂਕ੍ਰੇਨ ਦੇ 227 ਨਾਗਰਿਕਾਂ ਦੀ ਹੋਈ ਮੌਤ : ਸੰਯੁਕਤ ਰਾਸ਼ਟਰ
Thursday, Mar 03, 2022 - 04:41 PM (IST)
ਜੇਨੇਵਾ (ਏ. ਪੀ.) : ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਦਾ ਕਹਿਣਾ ਹੈ ਕਿ ਰੂਸੀ ਹਮਲੇ ਤੋਂ ਬਾਅਦ ਯੂਕ੍ਰੇਨ ’ਚ 227 ਨਾਗਰਿਕ ਮਾਰੇ ਗਏ ਹਨ ਅਤੇ 525 ਹੋਰ ਲੋਕ ਜ਼ਖ਼ਮੀ ਹੋਏ ਹਨ। ਰੂਸ ਨੇ ਪਿਛਲੇ ਹਫ਼ਤੇ ਯੂਕ੍ਰੇਨ ’ਚ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦੇ ਦਫ਼ਤਰ ਦੇ ਅਨੁਸਾਰ ਇਹ ਅੰਕੜੇ 2014 ’ਚ ਪੂਰਬੀ ਯੂਕ੍ਰੇਨ ’ਚ ਰੂਸ ਪੱਖੀ ਵੱਖਵਾਦੀਆਂ ਅਤੇ ਯੂਕ੍ਰੇਨੀ ਬਲਾਂ ਵਿਚਕਾਰ ਪੂਰਬੀ ਯੂਕ੍ਰੇਨ ’ਚ ਹੋਏ ਸੰਘਰਸ਼ ’ਚ ਨਾਗਰਿਕਾਂ ਦੀਆਂ ਹੋਈਆਂ ਮੌਤਾਂ ਦੀ ਗਿਣਤੀ ਤੋਂ ਵੱਧ ਹਨ। ਉਸ ਸਮੇਂ 136 ਲੋਕ ਮਾਰੇ ਗਏ ਸਨ, ਜਦਕਿ 577 ਲੋਕ ਜ਼ਖ਼ਮੀ ਹੋਏ ਸਨ।
ਇਹ ਵੀ ਪੜ੍ਹੋ : ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਯੂਕ੍ਰੇਨੀਅਨ ਨਹੀਂ ਕਰਨਗੇ ਆਤਮ ਸਮਰਪਣ
ਮਨੁੱਖੀ ਅਧਿਕਾਰ ਦਫ਼ਤਰ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਬਹੁਤ ਜ਼ਿਆਦਾ ਦੱਸੀ ਹੈ। ਮਨੁੱਖੀ ਅਧਿਕਾਰ ਦਫਤਰ ਨੇ ਬੁੱਧਵਾਰ ਇਕ ਬਿਆਨ ’ਚ ਕਿਹਾ, ‘‘ਅਸਲ ਅੰਕੜੇ ਬਹੁਤ ਜ਼ਿਆਦਾ ਹੋ ਸਕਦੇ ਹਨ...ਖਾਸ ਕਰਕੇ ਸਰਕਾਰ- ਨਿਯੰਤਰਿਤ ਖੇਤਰਾਂ ਵਿਚ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ।’’