ਰੂਸ ਨੇ 267 ਡਰੋਨਾਂ ਨਾਲ ਯੂਕ੍ਰੇਨ ਦੇ ਕੀਵ ਸਮੇਤ 13 ਸ਼ਹਿਰਾਂ ’ਤੇ ਕੀਤਾ ਹਮਲਾ

Monday, Feb 24, 2025 - 09:34 AM (IST)

ਰੂਸ ਨੇ 267 ਡਰੋਨਾਂ ਨਾਲ ਯੂਕ੍ਰੇਨ ਦੇ ਕੀਵ ਸਮੇਤ 13 ਸ਼ਹਿਰਾਂ ’ਤੇ ਕੀਤਾ ਹਮਲਾ

ਮਾਸਕੋ (ਇੰਟ.)- ਰੂਸ ਨੇ ਸ਼ਨੀਵਾਰ ਰਾਤ ਇੱਕੋ ਸਮੇਂ 267 ਡਰੋਨਾਂ ਨਾਲ ਯੂਕ੍ਰੇਨ ’ਤੇ ਹਮਲਾ ਕੀਤਾ। ਇਹ ਹਮਲਾ ਯੂਕ੍ਰੇਨ ਨਾਲ ਜੰਗ ਦੇ ਤਿੰਨ ਸਾਲ ਪੂਰੇ ਹੋਣ ਤੋਂ ਸਿਰਫ਼ ਇਕ ਦਿਨ ਪਹਿਲਾਂ ਕੀਤਾ ਗਿਆ। ਯੂਕ੍ਰੇਨ ਦੀ ਹਵਾਈ ਫੌਜ ਕਮਾਂਡ ਦੇ ਬੁਲਾਰੇ ਯੂਰੀ ਇਗਨੈਟ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਰੂਸ ਨੇ ਇੱਕੋ ਸਮੇਂ ਇੰਨੇ ਡਰੋਨਾਂ ਨਾਲ ਹਮਲਾ ਕੀਤਾ ਹੈ।

ਯੂਕ੍ਰੇਨੀ ਅਧਿਕਾਰੀਆਂ ਅਨੁਸਾਰ ਡਰੋਨ ਹਮਲੇ ਖਾਰਕਿਵ, ਪੋਲਟਾਵਾ, ਸੁਮੀ ਤੇ ਕੀਵ ਸਮੇਤ ਘੱਟੋ-ਘੱਟ 13 ਸ਼ਹਿਰਾਂ ’ਤੇ ਕੀਤੇ ਗਏ। ਯੂਕ੍ਰੇਨੀ ਫੌਜ ਨੇ ਦਾਅਵਾ ਕੀਤਾ ਕਿ ਰੂਸ ਨੇ 3 ਬੈਲਿਸਟਿਕ ਮਿਜ਼ਾਈਲਾਂ ਵੀ ਦਾਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ’ਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਐਮਰਜੈਂਸੀ ਸੇਵਾ ਅਨੁਸਾਰ ਹਮਲਿਆਂ ’ਚ 3 ਵਿਅਕਤੀ ਜ਼ਖਮੀ ਹੋਏ ਹਨ।

ਕੁਝ ਰਿਪੋਰਟਾਂ ਅਨੁਸਾਰ ਖੇਰਸਨ ’ਚ 2 ਲੋਕ ਮਾਰੇ ਗਏ। ਇਸ ਦੀ ਪੁਸ਼ਟੀ ਨਹੀਂ ਹੋਈ। ਇਸ ਤੋਂ ਇਲਾਵਾ ਕਰੀਵੀ ਰੀਹ ’ਚ ਇਕ ਵਿਅਕਤੀ ਦੀ ਮੌਤ ਹੋਈ ਹੈ। ਇਹ ਉਦਯੋਗਿਕ ਸ਼ਹਿਰ ਹੈ ਜਿੱਥੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਜਨਮ ਹੋਇਆ ਸੀ। ਇਸ ਦੇ ਜਵਾਬ ’ਚ ਯੂਕ੍ਰੇਨ ਨੇ ਵੀ ਰੂਸ 'ਤੇ ਹਮਲਾ ਕੀਤਾ ਹੈ। ਰੂਸ ਦੇ ਰੱਖਿਆ ਮੰਤਰਾਲਾ ਨੇ ਐਤਵਾਰ ਕਿਹਾ ਕਿ ਯੂਕ੍ਰੇਨ ਨੇ 20 ਡਰੋਨਾਂ ਨਾਲ ਹਮਲਾ ਕੀਤਾ ਪਰ ਉਨ੍ਹਾਂ ਸਾਰੇ ਡਰੋਨ ਡੇਗ ਦਿੱਤੇ।

ਯੂਕ੍ਰੇਨ ਨੇ 138 ਡਰੋਨ ਡੇਗਣ ਦਾ ਦਾਅਵਾ ਕੀਤਾ

ਯੂਕ੍ਰੇਨ ਦੇ ਰੱਖਿਆ ਮੰਤਕਾਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ 138 ਰੂਸੀ ਡਰੋਨ ਡੇਗ ਦਿੱਤੇ ਹਨ। ਇਨ੍ਹਾਂ ’ਚੋਂ 119 ਡੀਕੋਏ ਡਰੋਨ ਸਨ। ਡੀਕੋਏ ਡਰੋਨ ਹਥਿਆਰਬੰਦ ਨਹੀਂ ਹੁੰਦੇ। ਇਨ੍ਹਾਂ ਦੀ ਵਰਤੋਂ ਦੁਸ਼ਮਣ ਦਾ ਧਿਆਨ ਭਟਕਾਉਣ ਲਈ ਕੀਤੀ ਜਾਂਦੀ ਹੈ। ਰੂਸ ਦੇ ਹਮਲੇ ਤੋਂ ਬਾਅਦ ਜ਼ੇਲੈਂਸਕੀ ਨੇ ਇਕ ਬਿਆਨ ’ਚ ਲਿਖਿਆ ਕਿ ਜੰਗ ਜਾਰੀ ਹੈ। ਉਨ੍ਹਾਂ ਖੇਤਰ ’ਚ ਸ਼ਾਂਤੀ ਲਿਆਉਣ ਲਈ ਮਦਦ ਮੰਗੀ। ਉਨ੍ਹਾਂ ਦਾਅਵਾ ਕੀਤਾ ਕਿ ਰੂਸ ਨੇ ਇਸ ਹਫ਼ਤੇ ਯੂਕ੍ਰੇਨ ’ਤੇ 1,150 ਡਰੋਨ, 1,400 ਬੰਬ ਤੇ 35 ਮਿਜ਼ਾਈਲਾਂ ਦਾਗੀਆਂ ਹਨ।

 


author

cherry

Content Editor

Related News