ਰੂਸ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਪਰੀਖਣ ਦਾ ਜਾਰੀ ਕੀਤਾ ਵੀਡੀਓ
Thursday, Aug 27, 2020 - 12:00 PM (IST)
ਮਾਸਕੋ (ਬਿਊਰੋ): ਰੂਸ ਨੇ 59 ਸਾਲ ਬਾਅਦ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਧਮਾਕੇ ਦਾ ਵੀਡੀਓ ਜਾਰੀ ਕੀਤਾ ਹੈ। 30 ਅਕਤੂਬਰ, 1961 ਨੂੰ ਵਿਸਫੋਟ ਕੀਤੇ ਗਏ ਇਸ ਬੰਬ ਨੂੰ ਕਿੰਗਸ ਆਫ ਬਾਂਬਸ ਮਤਲਬ ਬੰਬਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਹੀਰੋਸ਼ੀਮਾ 'ਤੇ ਸੁੱਟੇ ਗਏ ਪਰਮਾਣੂ ਬੰਬ ਨਾਲੋਂ 3800 ਗੁਣਾ ਜ਼ਿਆਦਾ ਤਾਕਤਵਰ ਸੀ। ਇਹ ਇਕ ਹਾਈਡ੍ਰੋਜਨ ਬੰਬ ਸੀ। ਇਸ ਨੂੰ ਤਸਾਰ ਬੰਬ ਵੀ ਕਹਿੰਦੇ ਹਨ। ਰੂਸ ਨੇ ਇਸ ਦਾ ਪਰੀਖਣ ਰੂਸੀ ਆਰਕਟਿਕ ਸਾਗਰ ਵਿਚ ਕੀਤਾ ਸੀ।
ਯੂ-ਟਿਊਬ 'ਤੇ ਜਾਰੀ ਕੀਤੇ ਗਏ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਤਸਾਬ ਬੰਬ ਨੂੰ RDS-220 ਅਤੇ ਬਿਗ ਇਵਾਨ ਵੀ ਕਿਹਾ ਜਾਂਦਾ ਹੈ। ਇਸ ਬੰਬ ਨੂੰ ਆਰਕਟਿਕ ਸਾਗਰ ਵਿਚ ਸਥਿਤ ਨੋਵਾਯਾ ਜ਼ੇਮਲਯਾ ਟਾਪੂ 'ਤੇ ਸੁੱਟਿਆ ਗਿਆ ਸੀ। ਇਹ ਹੁਣ ਤੱਕ ਦਾ ਇਨਸਾਨਾਂ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਪਰਮਾਣੂ ਧਮਾਕਾ ਸੀ। ਇਸ ਬੰਬ ਨੂੰ ਐਂਡਰੇ ਸ਼ਾਖਾਰੋਵ ਨੇ ਬਣਾਇਆ ਸੀ।
ਸੋਵੀਅਤ ਸੰਘ ਅਤੇ ਅਮਰੀਕਾ ਦੇ ਵਿਚ ਚੱਲ ਰਹ ਸ਼ੀਤ ਯੁੱਧ ਦੇ ਦੌਰਾਨ ਇਸ ਬੰਬ ਦਾ ਪਰੀਖਣ ਰੂਸ ਨੇ ਆਪਣੀ ਤਾਕਤ ਦਿਖਾਉਣ ਲਈ ਕੀਤਾ ਸੀ। ਇਹ ਬੰਬ 100 ਮੈਗਾਟਨ ਊਰਜਾ ਪੈਦਾ ਕਰਨ ਕਰਨ ਦੀ ਸਮਰੱਥਾ ਰੱਖਦਾ ਸੀ। ਪਰ ਇਸ ਦੀ ਬਰਬਾਦੀ ਦਾ ਪੱਧਰ ਮਾਪਣ ਦੇ ਬਾਅਦ ਵਿਗਿਆਨੀਆਂ ਨੇ ਇਸ ਦੀ ਸਮਰੱਥਾ ਘਟਾ ਕੇ 50 ਮੈਗਾਟਨ ਕਰ ਦਿੱਤੀ ਸੀ।
ਤਸਾਰ ਬੰਬ ਦੀ ਲੰਬਾਈ 26 ਫੁੱਟ ਅਤੇ ਵਿਆਸ 7 ਫੁੱਟ ਸੀ। ਇਸ ਦਾ ਵਜ਼ਨ 27 ਟਨ ਸੀ। ਇਸ ਦੇ ਡਿੱਗਣ ਦੀ ਗਤੀ ਘੱਟ ਕਰਨ ਲਈ ਇਸ ਦੇ ਪਿੱਛੇ ਇਕ ਪੈਰਾਸ਼ੂਟ ਲਗਾਇਆ ਗਿਆ ਸੀ ਤਾਂ ਜੋ ਇਹ ਡਿੱਗਣ ਦੇ ਬਾਅਦ ਵੱਡੇ ਪੱਧਰ 'ਤੇ ਬਰਬਾਦੀ ਨਾ ਕਰ ਸਕੇ। ਇਸ ਦੌਰਾਨ ਇਸ ਦੇ ਅਸਰ ਦਾ ਅਧਿਐਨ ਕਰਨ ਲਈ ਆਸਮਾਨ ਵਿਚ ਉਡ ਰਹੇ ਬੰਬਾਰਾਂ ਵਿਚ ਕਈ ਤਰ੍ਹਾਂ ਦੇ ਕੈਮਰੇ ਅਤੇ ਵਿਗਿਆਨਕ ਯੰਤਰ ਲਗਾਏ ਗਏ ਸਨ। ਰੂਸ ਨੇ ਇਸ ਬੰਬ ਦੇ ਪਰੀਖਣ ਦੇ ਲਈ ਉਸ ਸਮੇਂ ਦੇ ਸਭ ਤੋਂ ਅਤਿ ਆਧੁਨਿਕ ਬੰਬਾਰ TU-95V ਵਿਚ ਤਬਦੀਲੀਆਂ ਕੀਤੀਆਂ ਸਨ। ਪੈਰਾਸ਼ੂਟ ਲਗਾਉਣ ਦੇ ਪਿੱਛੇ ਕਾਰਨ ਇਹ ਵੀ ਸੀ ਕਿ ਬੰਬ ਹੌਲੀ ਗਤੀ ਨਾਲ ਡਿੱਗੇਗਾ ਤਾਂ ਬੰਬਾਰ ਪਰੀਖਣ ਸਥਲ ਤੋਂ ਦੂਰ ਜਾ ਸਕੇਗਾ ਨਹੀਂ ਤਾਂ ਇਹ ਜਹਾਜ਼ ਵੀ ਬੰਬ ਦੀ ਚਪੇਟ ਵਿਚ ਆ ਜਾਂਦੇ। ਰੇਡੀਏਸ਼ਨ ਤੋਂ ਬਚਣ ਲਈ ਜਹਾਜ਼ਾਂ ਨੂੰ ਖਾਸ ਤਰ੍ਹਾਂ ਦਾ ਪੇਂਟ ਲਗਾਇਆ ਗਿਆ ਸੀ।
30 ਅਕਤੂਬਰ, 1961 ਨੂੰ ਸਵੇਰੇ 11.32 ਵਜੇ ਤਸਾਰ ਬੰਬ ਨੂੰ ਨੋਵਾਯਾ ਜ਼ੇਮਲਯਾ ਟਾਪੂ 'ਤੇ ਸੁੱਟਿਆ ਗਿਆ। ਬੰਬ ਜ਼ਮੀਨ ਤੋਂ 4 ਕਿਲੋਮੀਟਰ ਉੱਪਰ ਫੱਟਿਆ। ਇਸ ਦੇ ਬਾਅਦ ਇਸ ਨੇ ਆਸਮਾਨ ਵਿਚ ਵੱਡੇ ਮਸ਼ਰੂਮ ਜਿਹੀ ਆਕ੍ਰਿਤੀ ਬਣਾਈ। ਇਸ ਦੇ ਅੱਗ ਦਾ ਗੋਲਾ ਅਤੇ ਧੂੰਏਂ ਦਾ ਗੁਬਾਰ ਆਸਮਾਨ ਵਿਚ 60 ਕਿਲੋਮੀਟਰ ਦੀ ਉੱਚਾਈ ਤੱਕ ਗਿਆ ਸੀ। ਪਰਮਾਣੂ ਬੰਬ ਦੇ ਧਮਾਕੇ ਨਾਲ ਨਿਕਲੀ ਰੋਸ਼ਨੀ 1000 ਕਿਲੋਮੀਟਰ ਤੱਕ ਦਿਖਾਈ ਦਿੱਤੀ ਸੀ।
ਨੋਵਾਯਾ ਜ਼ੇਮਲਯਾ 'ਤੇ ਕੋਈ ਨਹੀਂ ਰਹਿੰਦਾ ਸੀ ਪਰ ਉਸ ਨਾਲ 55 ਕਿਲੋਮੀਟਰ ਦੂਰ ਸਥਿਤ ਖਾਲੀ ਪਿੰਡ ਸੇਵੇਰਨੀ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ। ਇੰਨਾ ਹੀ ਨਹੀਂ 160 ਕਿਲੋਮੀਟਰ ਦੂਰ ਸਥਿਤ ਇਮਾਰਤਾਂ ਵੀ ਢਹਿ-ਢੇਰੀ ਹੋ ਗਈਆਂ ਸਨ। ਇਸ ਬੰਬ ਦੇ ਧਮਾਕੇ ਤੋਂ ਨਿਕਲਣ ਵਾਲੀ ਗਰਮੀ ਦੇ ਕਾਰਨ 100 ਕਿਲੋਮੀਟਰ ਦੀ ਦੂਰੀ ਤੱਕ ਕੋਈ ਚੀਜ਼ ਨਹੀਂ ਬਚੀ ਸੀ। ਸਭ ਕੁਝ ਸੜ ਕੇ ਸਵਾਹ ਹੋ ਗਿਆ ਸੀ।
ਰੂਸ ਦੇ ਇਸ ਬੰਬ ਨੂੰ ਕਿਸੇ ਬੈਲਿਸਟਿਕ ਮਿਜ਼ਾਈਲ ਵਿਚ ਨਹੀਂ ਲਗਾਇਆ ਜਾ ਸਕਦਾ ਸੀ। ਇਸ ਲਈ ਅੱਜ ਤੱਕ ਇਸ ਦੀ ਵਰਤੋਂ ਨਹੀਂ ਕੀਤੀ ਗਈ। ਇਸ ਬੰਬ ਨੂੰ ਰਵਾਇਤੀ ਬੰਬਾਰ ਜਹਾਜ਼ਾਂ ਨਾਲ ਹੀ ਸੁੱਟਿਆ ਜਾ ਸਕਦਾ ਸੀ। ਇਹ ਜਹਾਜ਼ ਆਸਾਨੀ ਨਾਲ ਰਡਾਰ 'ਤੇ ਫੜੇ ਜਾਂਦੇ, ਇਸ ਲਈ ਇਸ ਬੰਬ ਨੂੰ ਸਿਰਫ ਪਰੀਖਣ ਤੱਕ ਹੀ ਸੀਮਤ ਰੱਖਿਆ ਗਿਆ। ਇਸ ਦੀ ਵਰਤੋਂ ਫਿਰ ਕਦੇ ਨਹੀਂ ਕੀਤੀ ਗਈ।
1961 ਦੇ ਪਰੀਖਣ ਦੇ ਬਾਅਦ ਤਸਾਰ ਬੰਬ ਬਣਾਉਣ ਵਾਲੇ ਵਿਗਿਆਨੀ ਐਂਡਰੇ ਸ਼ਾਖਾਰੋਵ ਨੇ ਪਰਮਾਣੂ ਬੰਬਾਂ ਦੇ ਪਰੀਖਣ ਨੂੰ ਜ਼ਮੀਨ ਦੇ ਅੰਦਰ ਕਰਨ ਦਾ ਫੈਸਲਾ ਲਿਆ। ਪਰ 1963 ਵਿਚ ਅਮਰੀਕਾ, ਬ੍ਰਿਟੇਨ, ਸੋਵੀਅਤ ਸੰਘ ਨੇ ਪਰਮਾਣੂ ਬੰਬਾਂ ਦੇ ਪਰੀਖਣ ਅਤੇ ਉਤਪਾਦਨ 'ਤੇ ਪਾਬੰਦੀ ਲਗਾਉਣ ਵਾਲੇ ਸਮਝੌਤੇ 'ਤੇ ਦਸਤਖਤ ਕਰ ਦਿੱਤੇ। ਇਸ ਸਮਝੌਤੇ ਵਿਚ ਕਈ ਹੋਰ ਦੇਸ਼ ਵੀ ਸ਼ਾਮਲ ਸਨ। ਲੋਕ ਅੱਜ ਵੀ ਇਸ ਬੰਬ ਦੇ ਨਾਮ ਨਾਲ ਕੰਬ ਜਾਂਦੇ ਹਨ। ਹੁਣ ਜਦੋਂ ਪਰਮਾਣੂ ਬੰਬਾਂ ਦੇ ਪਰੀਖਣ ਜਾਂ ਹਮਲੇ ਦੀ ਗੱਲ ਆਉਂਦੀ ਹੈ ਤਾਂ ਇਸ ਬੰਬ ਨਾਲੋਂ ਖਤਰਨਾਕ ਬੰਬ ਦਾ ਜ਼ਿਕਰ ਨਹੀਂ ਹੁੰਦਾ। ਰੂਸ ਨੇ ਇਸ ਬੰਬ ਦੇ ਪਰੀਖਣ ਦੇ ਬਾਅਦ ਅੱਜ ਤੱਕ ਦੁਬਾਰਾ ਅਜਿਹਾ ਪਰੀਖਣ ਜਾਂ ਅਜਿਹੇ ਕਿਸੇ ਬੰਬ ਦੀ ਵਰਤੋਂ ਕਿਸੇ ਯੁੱਧ ਵਿਚ ਨਹੀਂ ਕੀਤੀ। ਕਿਉਂਕਿ ਇਸ ਬੰਬ ਦਾ ਅਸਰ ਦੇਖਣ ਦੇ ਬਾਅਦ ਉਸ ਸਮੇਂ ਦੀ ਸੋਵੀਅਤ ਸੰਘ ਸਰਕਾਰ ਵੀ ਕੰਬ ਗਈ ਸੀ।