ਅਮਰੀਕਾ ਨਾਲ ਹਥਿਆਰ ਸੰਧੀ ਨੂੰ ਮੁਅੱਤਲ ਕਰਨਾ ਰੂਸ ਦੀ ''ਵੱਡੀ ਗਲਤੀ'': ਬਾਈਡੇਨ
Thursday, Feb 23, 2023 - 03:42 PM (IST)

ਵਾਰਸਾ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਅਤੇ ਰੂਸ ਦਰਮਿਆਨ ਪ੍ਰਮਾਣੂ ਹਥਿਆਰ ਕੰਟਰੋਲ ਸੰਧੀ ਦੇ ਆਖ਼ਰੀ ਬਚੇ ਹੋਏ ਹਿੱਸੇ ਵਿੱਚ ਆਪਣੇ ਦੇਸ਼ ਦੀ ਭਾਗੀਦਾਰੀ ਨੂੰ ਮੁਅੱਤਲ ਕਰਕੇ ਇੱਕ “ਵੱਡੀ ਗਲਤੀ” ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਪੂਰਬੀ ਪਾਸੇ ਦੇ ਸਹਿਯੋਗੀਆਂ ਨੂੰ ਭਰੋਸਾ ਦਿਵਾਉਣ ਲਈ ਪੋਲੈਂਡ ਪਹੁੰਚੇ। ਉਨ੍ਹਾਂ ਨੇ ਇਨ੍ਹਾਂ ਸਹਿਯੋਗੀ ਦੇਸ਼ਾਂ ਨੂੰ ਭਰੋਸਾ ਦਿੱਤਾ ਕਿ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਬਾਵਜੂਦ ਅਮਰੀਕਾ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ। ਪੁਤਿਨ ਵੱਲੋਂ ਸੰਧੀ ਤੋਂ ਪਿੱਛੇ ਹਟਣ ਦੇ ਐਲਾਨ ਤੋਂ ਬਾਅਦ ਆਪਣੀਆਂ ਪਹਿਲੀਆਂ ਟਿੱਪਣੀਆਂ ਵਿੱਚ ਬਾਈਡੇਨ ਨੇ ਰੂਸ ਦੇ ਇਸ ਫ਼ੈਸਲੇ ਦੀ ਨਿੰਦਾ ਕੀਤੀ। ਸੰਧੀ ਨੂੰ ਨਵੀਂ ਸ਼ੁਰੂਆਤ ਕਰਾਰ ਦਿੱਤਾ ਗਿਆ ਸੀ।
ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਨਿਰੀਖਣਾਂ ਦੇ ਰੂਸੀ ਸਹਿਯੋਗ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਮਾਸਕੋ ਵੱਲੋਂ ਪਿਛਲੇ ਸਾਲ ਦੇ ਅਖੀਰ ਵਿੱਚ ਰੱਦ ਕੀਤੀ ਗਈ ਗੱਲਬਾਤ ਦਾ ਅਨੁਸਰਣ ਕਰਦਾ ਹੈ। ਬਾਈਡੇਨ ਦੀ ਇਹ ਟਿੱਪਣੀ ਉਦੋਂ ਆਈ ਹੈ, ਜਦੋਂ ਉਹ ਪੋਲੈਂਡ ਅਤੇ ਯੂਕਰੇਨ ਦੀ ਆਪਣੀ ਚਾਰ ਦਿਨਾਂ ਯਾਤਰਾ ਨੂੰ ਸਮੇਟਣ ਦੇ ਕ੍ਰਮ ਵਿਚ 'ਬੁਖਾਰੇਸਟ ਨਾਇਨ' ਦੇ ਨੇਤਾਵਾਂ ਨਾਲ ਗੱਲਬਾਤ ਕਰ ਰਹੇ ਸਨ। ਇਹ ਦੇਸ਼ 2014 ਵਿੱਚ ਉਸ ਸਮੇਂ ਇਕੱਠੇ ਆਏ ਸਨ, ਜਦੋਂ ਪੁਤਿਨ ਨੇ ਯੂਕ੍ਰੇਨ ਤੋਂ ਕ੍ਰੀਮੀਆ ਨੂੰ ਵੱਖ ਕਰਕੇ ਉਸ 'ਤੇ ਕਬਜ਼ਾ ਕਰ ਲਿਆ ਸੀ। ਜਿਵੇਂ-ਜਿਵੇਂ ਯੂਕ੍ਰੇਨ 'ਚ ਜੰਗ ਵਧਦੀ ਜਾ ਰਹੀ ਹੈ, 'ਬੁਖਾਰੇਸਟ ਨਾਇਨ' ਦੇਸ਼ਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਕਈ ਲੋਕਾਂ ਨੂੰ ਚਿੰਤਾ ਹੈ ਕਿ ਯੂਕ੍ਰੇਨ ਵਿੱਚ ਆਪਣੀ ਸਫਲਤਾ ਤੋਂ ਬਾਅਦ ਪੁਤਿਨ ਉਨ੍ਹਾਂ ਦੇਸ਼ਾਂ ਦੇ ਖ਼ਿਲਾਫ਼ ਵੀ ਫ਼ੌਜੀ ਕਾਰਵਾਈ ਕਰ ਸਕਦੇ ਹਨ। ਇਨ੍ਹਾਂ 9 ਦੇਸ਼ਾਂ ਵਿੱਚ ਚੈੱਕ ਗਣਰਾਜ, ਐਸਟੋਨੀਆ, ਹੰਗਰੀ, ਲਾਤਵੀਆ, ਲਿਥੁਆਨੀਆ, ਪੋਲੈਂਡ, ਰੋਮਾਨੀਆ ਅਤੇ ਸਲੋਵਾਕੀਆ ਸ਼ਾਮਲ ਹਨ।