ਰੂਸ : ਕਾਰ ਦੁਰਘਟਨਾ ''ਚ 6 ਬੱਚਿਆਂ ਸਣੇ 10 ਦੀ ਮੌਤ
Friday, Jul 12, 2019 - 03:29 PM (IST)

ਮਾਸਕੋ (ਏ.ਐਫ.ਪੀ.)- ਰੂਸ ਦੇ ਸਾਈਬੇਰੀਆ ਵਿਚ ਨਦੀ ਨੂੰ ਪਾਰ ਕਰਨ ਦੌਰਾਨ ਇਕ ਆਲ ਟੇਰੇਨ ਵ੍ਹੀਕਲ (ਜਲਥਲ 'ਤੇ ਚੱਲਣ ਵਿਚ ਸਮਰੱਥ ਵਾਹਨ) ਪਲਟ ਗਿਆ ਜਿਸ ਨਾਲ 6 ਬੱਚਿਆਂ ਸਣੇ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਲਾਕੇ ਦੇ ਮੁਖੀ ਸ਼ੋਲਬਨ ਕਾਰਾ-ਓਲ ਨੇ ਦੱਸਿਆ ਕਿ ਮੰਗੋਲੀਆ ਦੀ ਸਰਹੱਦ ਨਾਲ ਲੱਗਦੇ ਸਾਈਬੇਰੀਆ ਦੇ ਤਵਾਇਆ ਖੇਤਰ ਵਿਚ ਇਹ ਲੋਕ ਡੁੱਬ ਗਏ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕ ਦੋ ਪਰਿਵਾਰਾਂ ਦੇ ਦੱਸੇ ਜਾ ਰਹੇ ਹਨ। ਸ਼ੋਲਬਨ ਨੇ ਫੇਸਬੁੱਕ 'ਤੇ ਦੱਸਿਆ ਕਿ ਸ਼ੁਈ ਨਦੀ ਨੂੰ ਪਾਰ ਕਰਨ ਦੌਰਾਨ 10 ਲੋਕਾਂ ਦੀ ਮੌਤ ਹੋਈ। ਇਕ ਬਿਆਨ ਵਿਚ ਜਾਂਚਕਰਤਾਵਾਂ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਇਕ ਵਾਹਨ ਵਿਚੋਂ 10 ਲਾਸ਼ਾਂ ਬਾਹਰ ਕੱਢੀਆਂ। ਵਾਹਨ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਸੀ। ਰੂਸ ਵਿਚ ਗੰਭੀਰ ਹਾਦਸਿਆਂ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਕਿਹਾ ਆਵਾਜਾਈ ਸੁਰੱਖਿਆ ਨਿਯਮਾਂ ਨੂੰ ਛਿੱਕੇ ਟੰਗ ਕੇ ਵਾਹਨ ਚਲਾਉਣ 'ਤੇ ਅਪਰਾਧਕ ਜਾਂਚ ਸ਼ੁਰੂ ਕੀਤੀ ਹੈ।