ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਨੂੰ ਲੈ ਕੇ ਬਲੋਚਿਸਤਾਨ ’ਚ ਬਵਾਲ
Tuesday, Dec 09, 2025 - 10:15 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਭਾਰਤੀ ਅਦਾਕਾਰ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਦੀ ਕਹਾਣੀ ਨੇ ਪਾਕਿਸਤਾਨ ਦੇ ਬਲੋਚ ਲੋਕਾਂ ਨੂੰ ਨਾਰਾਜ਼ ਕਰ ਦਿੱਤਾ ਹੈ। ਬਲੋਚਿਸਤਾਨ ਤੋਂ ਇਸ ਫਿਲਮ ਵਿਰੁੱਧ ਤਿੱਖੀ ਪ੍ਰਤੀਕਿਰਿਆ ਆਈ ਹੈ ਅਤੇ ਇਸ ’ਤੇ ਬਲੋਚਾਂ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਗਿਆ ਹੈ। ਬਲੋਚ ਕਾਰਕੁੰਨ ਮੀਰ ਯਾਰ ਬਲੋਚ ਨੇ ਕਿਹਾ ਕਿ ਫਿਲਮ ਭਾਰਤ ਅਤੇ ਬਲੋਚਿਸਤਾਨ ਦੇ ਸਬੰਧਾਂ ਨੂੰ ਨਕਾਰਾਤਮਕ ਢੰਗ ਨਾਲ ਦਿਖਾਉਂਦੀ ਹੈ ਅਤੇ ਇਸ ਨੇ ਦੇਸ਼ ਭਗਤ ਬਲੋਚਾਂ ਨੂੰ ਨਿਰਾਸ਼ ਕੀਤਾ ਹੈ।
ਫਿਲਮ ’ਚ ਦਿਖਾਏ ਗਏ ਦ੍ਰਿਸ਼ਾਂ ’ਤੇ ਆਪਣਾ ਇਤਰਾਜ਼ ਪ੍ਰਗਟਾਉਂਦਿਆਂ ਮੀਰ ਯਾਰ ਬਲੋਚ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤਾ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮੀਰ ਯਾਰ ਬਲੋਚ ਨੇ ਲਿਖਿਆ ਕਿ ਬਲੋਚਿਸਤਾਨ ਦੀ ਆਜ਼ਾਦੀ ਲਈ ਲੜ ਰਹੇ ਬਲੋਚ ਲੋਕਾਂ ਨੇ ਕਦੇ ਵੀ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦਾ ਜਸ਼ਨ ਨਹੀਂ ਮਨਾਇਆ। ਉਨ੍ਹਾਂ ਇਹ ਵੀ ਕਿਹਾ ਕਿ ਬਲੋਚ ਲੋਕਾਂ ਨੇ ਕਦੇ ਵੀ ‘ਅੱਲ੍ਹਾ-ਹੂ-ਅਕਬਰ’ ਦਾ ਨਾਅਰਾ ਨਹੀਂ ਲਾਇਆ ਅਤੇ ਨਾ ਹੀ ਭਾਰਤ ਵਿਰੁੱਧ ਪਾਕਿਸਤਾਨ ਨਾਲ ਹੱਥ ਮਿਲਾਇਆ। ਅਸੀਂ ਤਾਂ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਨਹੀਂ ਥੱਕਦੇ, ਤਾਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਭਾਰਤ ਨਾਲ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
