ਗੁਲਾਬ ਦੀ ਅਗਰਬੱਤੀ ਨਾਲ ਬਿਹਤਰ ਹੋ ਸਕਦੀ ਹੈ ਯਾਦਦਾਸ਼ਤ

Saturday, Feb 01, 2020 - 05:45 PM (IST)

ਗੁਲਾਬ ਦੀ ਅਗਰਬੱਤੀ ਨਾਲ ਬਿਹਤਰ ਹੋ ਸਕਦੀ ਹੈ ਯਾਦਦਾਸ਼ਤ

ਲੰਡਨ(ਭਾਸ਼ਾ)- ਵੱਖ-ਵੱਖ ਤਰ੍ਹਾਂ ਦੀ ਖੁਸ਼ਬੂ ਨਾਲ ਇਕ ਨਵੀਂ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਇੰਝ ਹੀ ਗੁਲਾਬ ਦੀ ਖੁਸ਼ਬੂ ਵਾਲੀ ਅਗਰਬੱਤੀ ਨਾਲ ਯਾਦਦਾਸ਼ਤ ਅਤੇ ਨਾਲ ਹੀ ਨੀਂਦ ਦੌਰਾਨ ਸਿੱਖਣ ਦੀ ਸਮਰੱਥਾ ਬਿਹਤਰ ਹੋ ਸਕਦੀ ਹੈ। ਰਸਾਲੇ ਸਾਇੰਟੀਫਿਕ ਰਿਪੋਰਟਸ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਜਰਮਨੀ ਵਿਚ 2 ਸਕੂਲਾਂ ਦੇ ਬੱਚਿਆਂ ਨੇ ਪੜ੍ਹਨ ਦੌਰਾਨ ਅਤੇ ਨਾਲ ਹੀ ਰਾਤ ਸਮੇਂ ਅਗਰਬੱਤੀ ਦੇ ਨਾਲ ਅਤੇ ਉਸ ਤੋਂ ਬਿਨਾਂ ਅੰਗਰੇਜ਼ੀ ਦੀ ਸ਼ਬਦਾਵਲੀ ਸਿੱਖੀ।

ਖੋਜਕਾਰਾਂ ਨੇ ਸਾਬਤ ਕੀਤਾ ਹੈ ਕਿ ਲੋਕ ਨੀਂਦ ਦੌਰਾਨ ਵੀ ਕਾਫੀ ਕੁਝ ਸਿੱਖ ਸਕਦੇ ਹਨ। ਖੋਜ ਵਿਚ ਦੇਖਿਆ ਗਿਆ ਕਿ ਅਗਰਬੱਤੀ ਦੀ ਖੁਸ਼ਬੂ ਨਾਲ ਸ਼ਬਦਾਵਲੀ ਜ਼ਿਆਦਾ ਬਿਹਤਰ ਤਰੀਕੇ ਨਾਲ ਯਾਦ ਰਹੀ। ਜਰਮਨੀ ਵਿਚ ਫ੍ਰੀਬਰਗ ਯੂਨੀਵਰਸਿਟੀ ਦੇ ਅਧਿਐਨ ਦੇ ਸਹਿ-ਲੇਖਕ ਜਰਗਨ ਕ੍ਰੋਨੋਮੀਅਰ ਨੇ ਕਿਹਾ ਕਿ ਅਸੀਂ ਦੇਖਿਆ ਕਿ ਰੋਜ਼ਾਨਾ ਦੇ ਜੀਵਨ ਵਿਚ ਖੁਸ਼ਬੂ ਦਾ ਕਾਫੀ ਅਸਰ ਹੁੰਦਾ ਹੈ ਅਤੇ ਇਨ੍ਹਾਂ ਦਾ ਟਾਰਗੈੱਟ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਹੋਰ ਪ੍ਰਯੋਗ ਵਿਚ ਇਕ ਸਕੂਲ ਵਿਚ ਸ਼ਬਦਾਵਲੀ ਦੀ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਦੇ ਮੇਜ਼ ’ਤੇ ਅਗਰਬੱਤੀਆਂ ਰੱਖੀਆਂ ਗਈਆਂ।

ਅਧਿਐਨ ਦੇ ਪਹਿਲੇ ਲੇਖਕ ਫ੍ਰੈਨਜਿਸਕਾ ਨਿਊਮੈਨ ਨੇ ਕਿਹਾ ਕਿ ਅਜਿਹਾ ਦੇਖਿਆ ਗਿਆ ਕਿ ਜੇ ਪੜ੍ਹਾਈ ਅਤੇ ਨੀਂਦ ਦੌਰਾਨ ਅਗਰਬੱਤੀਆਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਸਿੱਖਣ ਦੀ ਸਮਰੱਥਾ ਵਿਚ ਲਗਭਗ 30 ਫੀਸਦੀ ਦਾ ਵਾਧਾ ਹੋਇਆ। ਨਤੀਜਿਆਂ ਦੇ ਆਧਾਰ ’ਤੇ ਖੋਜਕਾਰਾਂ ਨੇ ਕਿਹਾ ਕਿ ਸ਼ਬਦਾਵਲੀ ਦੀ ਪ੍ਰੀਖਿਆ ਦੌਰਾਨ ਅਗਰਬੱਤੀਆਂ ਦੇ ਵੱਧ ਇਸਤੇਮਾਲ ਨਾਲ ਯਾਦਦਾਸ਼ਤ ਤੇਜ਼ ਹੋ ਸਕਦੀ ਹੈ।


author

Baljit Singh

Content Editor

Related News