ਦੁਨੀਆ ਦੇ ਸਭ ਤੋਂ ਰੋਮਾਂਟਿਕ ਸ਼ਹਿਰਾਂ ''ਚ ਸ਼ੁਮਾਰ ਇਹ ਸ਼ਹਿਰ ਜਾਣੋ ਕਿਉਂ ਹੈ ਚਰਚਾ ''ਚ
Wednesday, Sep 06, 2017 - 04:25 PM (IST)

ਬੀਜਿੰਗ— ਹਾਈ ਸਪੀਡ ਟਰੇਨਾਂ ਅਤੇ ਕਈ ਤਰ੍ਹਾਂ ਦੀਆਂ ਕਾਂਢਾਂ ਤੋਂ ਬਾਅਦ ਆਪਣੀ ਸਖਤ ਮਿਹਨਤ ਤੋਂ ਬਾਅਦ ਹੁਣ ਕੌਮਾਂਤਰੀ ਪੱਧਰ 'ਤੇ ਚੀਨ ਦਾ ਅਕਸ ਬਿਲਕੁਲ ਵਿਕਸਿਤ ਰਾਸ਼ਟਰ ਵਾਂਗ ਬਣਦਾ ਜਾ ਰਿਹਾ ਹੈ। ਚੀਨ ਨੇ ਆਪਣੇ ਮਜ਼ਬੂਤ ਇੰਫਾਸਟਰਕਚਰ (ਬੁਨਿਆਦੀ ਢਾਂਚੇ) ਜ਼ਰੀਏ ਆਪਣੇ ਕਈ ਸ਼ਹਿਰਾਂ ਨੂੰ ਦੁਨੀਆ ਦੇ ਕੁਝ ਬਿਹਤਰੀਨ ਸ਼ਹਿਰਾਂ ਵਿਚ ਸ਼ਾਮਲ ਕਰ ਲਿਆ ਹੈ। ਹਾਲ ਹੀ 'ਚ ਚੀਨ ਦੇ ਫੁਜੀਆਨ ਸੂਬੇ ਵਿਚ ਸਥਿਤ 'ਸ਼ਿਆਮੇਨ' ਸਿਟੀ ਇਕ ਖਾਸ ਸ਼ਹਿਰ ਵਜੋਂ ਉਭਰ ਕੇ ਸਾਹਮਣੇ ਆਇਆ ਹੈ।
ਦੱਸਣਯੋਗ ਹੈ ਕਿ 3 ਤੋਂ 5 ਸਤੰਬਰ 2017 ਤੱਕ ਇੱਥੇ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਸ਼ਿਖਰ ਸੰਮੇਲਨ ਦਾ ਆਯੋਜਨ ਹੋਇਆ। ਇਸ ਸ਼ਹਿਰ ਦੀ ਖਾਸ ਗੱਲ ਇਹ ਹੈ ਕਿ 2011 'ਚ ਇਸ ਨੂੰ ਚੀਨ ਦੇ ਸਭ ਤੋਂ ਰੋਮਾਂਟਿਕ ਸ਼ਹਿਰ ਦਾ ਖਿਤਾਬ ਮਿਲ ਚੁੱਕਾ ਹੈ। 'ਗਾਰਡਨ ਆਫ ਦਿ ਸੀ' ਦੇ ਨਾਂ ਤੋਂ ਮਸ਼ਹੂਰ ਇਸ ਸ਼ਹਿਰ ਨੇ ਸੈਰ-ਸਪਾਟਾ ਸਥਾਨ ਦੇ ਰੂਪ ਵਿਚ ਆਪਣੀ ਚੰਗੀ ਪਛਾਣ ਬਣਾ ਲਈ ਹੈ।
ਇਸ ਸ਼ਹਿਰ ਦੀ ਖਾਸ ਗੱਲ ਇਹ ਵੀ ਹੈ ਕਿ ਬ੍ਰਿਕਸ ਸੰਮੇਲਨ ਤੋਂ ਦੋ ਦਿਨ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਯੁਆਨ ਨੇ ਆਪਣੀ ਵਿਆਹ ਦੀ 30ਵੀਂ ਵਰ੍ਹੇਗੰਢ ਮਨਾਈ। ਦੋਹਾਂ ਲਈ ਇਹ ਸ਼ਹਿਰ ਬਹੁਤ ਖਾਸ ਹੈ। ਸ਼ੀ ਜਿਨਪਿੰਗ ਨੇ 1 ਸਤੰਬਰ 1987 'ਚ ਇਸੇ ਸ਼ਹਿਰ ਵਿਚ ਵਿਆਹ ਕਰਵਾਇਆ ਸੀ।
ੱਪਿਛਲੇ ਸਾਲ ਸਤੰਬਰ 'ਚ ਸ਼ਿਆਮੇਨ ਵਿਚ ਤੂਫਾਨ ਕਾਰਨ ਹੜ੍ਹ ਆ ਗਿਆ ਸੀ, ਜਿਸ ਵਿਚ ਕਈ ਲੋਕ ਮਾਰੇ ਗਏ ਸਨ। ਉਸ ਸਮੇਂ ਸ਼ਿਆਮੇਨ ਸ਼ਹਿਰ ਨੂੰ ਕਾਫੀ ਨੁਕਸਾਨ ਪੁੱਜਾ ਸੀ। ਇਸ ਦੇ ਬਾਵਜੂਦ ਚੀਨ ਨੇ ਸ਼ਿਆਮੇਨ ਸ਼ਹਿਰ ਦਾ ਮੁੜ ਨਿਰਮਾਣ ਕੀਤਾ ਅਤੇ ਬ੍ਰਿਕਸ ਸੰਮੇਲਨ ਤੱਕ ਇਸ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ।