ਇਸ ਦੇਸ਼ ਦੇ ਪੀ.ਐੱਮ. ਨੇ ਤੋੜਿਆ ਤਾਲਾਬੰਦੀ ਦਾ ਨਿਯਮ, ਭਰਿਆ ਦੁੱਗਣਾ ਜ਼ੁਰਮਾਨਾ
Monday, Jun 01, 2020 - 06:08 PM (IST)
ਬੁਖਾਰੇਸਟ (ਬਿਊਰੋ): ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਲਈ ਤਾਲਾਬੰਦੀ ਦਾ ਨਿਯਮ ਲਾਗੂ ਹੈ। ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਖਤ ਨਿਯਮ ਅਤੇ ਕਾਨੂੰਨ ਬਣਾਏ ਗਏ ਹਨ ਪਰ ਇਸੇ ਨਿਯਮ ਅਤੇ ਕਾਨੂੰਨ ਨੂੰ ਤੋੜਨ ਕਾਰਨ ਇਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਜ਼ੁਰਮਾਨਾ ਭਰਨਾ ਪਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਰੋਮਾਨੀਆ ਵਿਚ ਜਿੱਥੇ ਕੋਰੋਨਾਵਾਇਰਸ ਕਾਰਨ ਜਨਤਕ ਸਥਾਨਾਂ 'ਤੇ ਸਿਗਰਟ ਪੀਣਾ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ ਉੱਥੇ ਦੇਸ਼ ਦਾ ਪ੍ਰਧਾਨ ਮੰਤਰੀ ਲੁਡੋਵਿਕ ਓਰਬਾਨ ਮੰਤਰੀਆਂ ਦੇ ਵਿਚ ਬਿਨਾਂ ਸਮਾਜਿਕ ਦੂਰੀ ਬਣਾਏ ਸਿਗਰਟ ਅਤੇ ਸ਼ਰਾਬ ਪੀਂਦੇ ਹੋਏ ਨਜ਼ਰ ਆਏ।
ਪੀ.ਐੱਮ. ਦੀ ਤਸਵੀਰ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਉਸ ਦੇ ਬਾਅਦ ਆਪਣੇ ਹੀ ਬਣਾਏ ਕਾਨੂੰਨ ਨੂੰ ਤੋੜਨ 'ਤੇ ਪੀ.ਐੱਮ. ਲੁਡੋਵਿਕ ਨੂੰ ਭਾਰਤੀ ਮੁਦਰਾ ਦੇ ਮੁਤਾਬਕ 45 ਹਜ਼ਾਰ ਰੁਪਏ ਦਾ ਦੋਹਰਾ ਜ਼ੁਰਮਾਨਾ ਭਰਨਾ ਪਿਆ। ਪੀ.ਐੱਮ. ਲੁਡੋਵਿਕ 'ਤੇ ਦੋ ਜ਼ੁਰਮਾਨੇ ਲਗਾਏ ਗਏ ਜਿਹਨਾਂ ਵਿਚੋਂ ਇਕ ਕਿ ਉਹਨਾਂ ਨੇ ਸਮਾਰੋਹ ਵਿਚ ਲੋਕਾਂ ਦੇ ਵਿਚ ਮਾਸਕ ਨਹੀਂ ਪਹਿਨਿਆ ਸੀ ਅਤੇ ਦੂਜਾ ਲੋਕਾਂ ਦੇ ਵਿਚ ਬੈਠ ਕੇ ਸਿਗਰਟ ਪੀਤੀ। ਉਹਨਾਂ ਨੇ ਖੁਦ ਕਿਹਾ ਕਿ ਦੇਸ਼ ਦਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੇ ਵਿਗਿਆਨੀ 'ਪੌਦਿਆਂ ਵਾਂਗ' ਉਗਾ ਰਹੇ ਹਨ ਕੋਰੋਨਾਵਾਇਰਸ
ਜਾਣਕਾਰੀ ਦੇ ਮੁਤਾਬਕ ਇਹ ਤਸਵੀਰ ਪੀ.ਐੱਮ. ਲੁਡੋਵਿਕ ਦੇ ਜਨਮਦਿਨ 'ਤੇ 25 ਮਈ ਨੂੰ ਲਈ ਗਈ ਸੀ ਜਿਸ ਵਿਚ ਉਹ ਕੈਬਨਿਟ ਮੰਤਰੀਆਂ ਦੇ ਵਿਚ ਸਿਗਰਟ ਅਤੇ ਸ਼ਰਾਬ ਪੀਂਦੇ ਨਜ਼ਰ ਆਏ। ਉਹਨਾਂ ਨੇ ਜਨਤਕ ਜਗ੍ਹਾ 'ਤੇ ਮਾਸਕ ਵੀ ਨਹੀਂ ਪਹਿਨਿਆ ਸੀ। ਉਸ ਮੀਟਿੰਗ ਵਿਚ ਰੋਮਾਨੀਆ ਦੇ ਵਿੱਤ ਅਤੇ ਵਿਦੇਸ਼ ਮੰਤਰੀ ਵੀ ਸ਼ਾਮਲ ਸਨ। ਇੱਥੇ ਦੱਸ ਦਈਏ ਕਿ ਰੋਮਾਨੀਆ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 19,133 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 1259 ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ।ਰੋਮਾਨੀਆ ਵਿਚ 60 ਦਿਨਾਂ ਦੀ ਤਾਲਾਬੰਦੀ 15 ਮਈ ਨੂੰ ਹਟਾ ਦਿੱਤੀ ਗਈ ਸੀ। ਉੱਥੇ ਓਰਬਾਨ ਸਰਕਾਰ ਨੇ 30 ਦਿਨਾਂ ਲਈ ਐਲਰਟ ਜਾਰੀ ਕੀਤਾ ਹੈ। ਸਰਕਾਰ ਦੇ ਮੁਤਾਬਕ ਜਨਤਕ ਥਾਵਾਂ ਅਤੇ ਆਵਾਜਾਈ ਸਮੇਂ ਮਾਸਕ ਲਗਾਉਣਾ ਲਾਜ਼ਮੀ ਹੈ। ਇਸ ਦੇ ਇਲਾਵਾ ਸਿਗਰਟ ਪੀਣ 'ਤੇ ਪਾਬੰਦੀ ਹੈ।