ਕਾਬੁਲ ਹਵਾਈ ਅੱਡੇ ਨੇੜੇ ਫਿਰ ਦਾਗੇ ਗਏ ਰਾਕੇਟ, ਸ਼ਹਿਰ 'ਚ ਵਿਛੀ ਧੂੰਏਂ ਦੀ ਚਾਦਰ (ਵੀਡੀਓ)

08/30/2021 10:17:24 AM

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਕਾਬੁਲ ਵਿਚ ਸੋਮਵਾਰ ਸਵੇਰੇ ਇਕ ਵਾਰ ਫਿਰ ਰਾਕੇਟ ਦਾਗੇ ਗਏ ਹਨ। ਸਵੇਰੇ ਕਰੀਬ 6:40 ਵਜੇ ਇੱਥੇ ਕਾਬੁਲ ਹਵਾਈ ਅੱਡੇ ਨੇੜੇ ਰਾਕੇਟ ਹਮਲੇ ਕੀਤੇ ਗਏ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਕ ਗੱਡੀ ਤੋਂ ਇਹਨਾਂ ਰਾਕੇਟ ਨੂੰ ਛੱਡਿਆ ਗਿਆ ਸੀ।ਗੌਰਤਲਬ ਹੈ ਕਿ ਅਮਰੀਕੀ ਸੈਨਾ ਦੇ ਅਫਗਾਨਿਸਤਾਨ ਛੱਡਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਹਮਲੇ ਕਾਫੀ ਤੇਜ਼ ਹੋਏ ਹਨ।

 

ਇਹਨਾਂ ਰਾਕੇਟਾਂ ਕਾਰਨ ਵੱਖ-ਵੱਖ ਥਾਵਾਂ 'ਤੇ ਧੂੰਏਂ ਦਾ ਗੁਬਾਰ ਉੱਠ ਰਿਹਾ ਹੈ। ਕਈ ਜਗ੍ਹਾ ਅੱਗ ਵੀ ਲੱਗੀ ਹੈ ਅਤੇ ਕਈ ਗੱਡੀਆਂ ਨੁਕਸਾਨੀਆਂ ਗਈਆਂ ਹਨ। ਇਹ ਰਾਕੇਟ ਕਿਸਨੇ ਦਾਗੇ ਹਨ ਫਿਲਹਾਲ ਇਸ ਸੰਬੰਧੀ ਜਾਣਕਾਰੀ ਨਹੀਂ ਹੈ। ਸਥਾਨਕ ਮੀਡੀਆ ਮੁਤਾਬਕ ਕਾਬੁਲ ਹਵਾਈ ਅੱਡੇ ਨੇੜੇ ਯੂਨੀਵਰਸਿਟੀ ਦੇ ਕਿਨਾਰੇ ਤੋਂ ਇਕ ਗੱਡੀ ਤੋਂ ਰਾਕੇਟ ਦਾਗੇ ਗਏ। ਕਈ ਰਾਕੇਟ ਨੂੰ ਕਾਬੁਲ ਏਅਰ ਫੀਲਡ ਡਿਫੈਂਸ ਸਿਸਟਮ ਨੇ ਅਸਫਲ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ 31 ਅਗਸਤ ਤੱਕ ਅਮਰੀਕੀ ਸੈਨਾ ਨੇ ਕਾਬੁਲ ਛੱਡਣਾ ਹੈ ਅਤੇ ਉਸ ਤੋਂ ਪਹਿਲਾਂ ਕਾਬੁਲ ਹਵਾਈ ਅੱਡੇ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਲੈ ਕੇ ਐਲਰਟ ਜਾਰੀ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਚਾਲਕ ਦਲ ਦੇ ਮੈਂਬਰਾਂ ਨੇ 33 ਹਜ਼ਾਰ ਫੁੱਟ ਦੀ ਉੱਚਾਈ 'ਤੇ ਕਰਾਈ ਅਫਗਾਨ ਬੀਬੀ ਦੀ ਡਿਲੀਵਰੀ (ਤਸਵੀਰਾਂ)

ਪਹਿਲਾਂ ਵੀ ਕਾਬੁਲ ਹਵਾਈ ਅੱਡੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ ਜਿਸ ਵਿਚ 13 ਅਮਰੀਕੀ ਸੈਨਿਕਾਂ ਸਮੇਤ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਮਗਰੋਂ ਅਮਰੀਕਾ ਵੱਲੋਂ ਕਾਬੁਲ ਵਿਚ ਏਅਰਸਟ੍ਰਾਈਕ ਕੀਤੀ ਗਈ, ਜਿਸ ਵਿਚ ISIS-K ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਐਤਵਾਰ ਨੂੰ ਇਕ ਸਟ੍ਰਾਈਕ ਵਿਚ ਆਮ ਲੋਕਾਂ ਦੀ ਵੀ ਜਾਨ ਗਈ ਸੀ ਭਾਵੇਂਕਿ ਅਮਰੀਕਾ ਵੱਲੋਂ ਪਹਿਲਾਂ ਹੀ ਐਲਰਟ ਜਾਰੀ ਕੀਤਾ ਗਿਆ ਸੀ ਕਿ 31 ਅਗਸਤ ਤੱਕ ਕਾਬੁਲ ਹਵਾਈ ਅੱਡੇ 'ਤੇ ਕਈ ਹਮਲੇ ਕੀਤੇ ਜਾ ਸਕਦੇ ਹਨ।


Vandana

Content Editor

Related News