ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਭੋਜਨ ਤੇ ਦਵਾਈਆਂ ਵੰਡਦੇ ਹਨ ਰੋਬਟ

02/10/2020 1:19:58 PM

ਬਜਿੰਗ— ਕੋਰੋਨਾ ਵਾਇਰਸ ਨਾਲ ਜੂਝ ਰਿਹਾ ਚੀਨ ਰੋਕਥਾਮ ਲਈ ਨਵੀਂ ਤਕਨੀਕ ਆਪਣਾ ਰਿਹਾ ਹੈ। ਇੱਥੋਂ ਦੇ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਖਾਣਾ ਅਤੇ ਦਵਾਈਆਂ ਰੋਬਟ ਦੀ ਮਦਦ ਨਾਲ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਡਾਕਟਰਾਂ ਅਤੇ ਸਪੋਰਟਿੰਗ ਸਟਾਫ ਨੂੰ ਵਾਇਰਸ ਤੋਂ ਦੂਰ ਰੱਖਿਆ ਜਾ ਸਕੇ। ਇਸ ਦੇ ਇਲਾਵਾ ਡਰੋਨ ਦੀ ਮਦਦ ਨਾਲ ਲੋਕਾਂ ਨੂੰ ਮਾਸਕ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਉਨ੍ਹਾਂ 'ਤੇ ਨਜ਼ਰ ਵੀ ਰੱਖੀ ਜਾਂਦੀ ਹੈ। ਜੇਕਰ ਕੋਈ ਬਿਨਾਂ ਮਾਸਕ ਦੇ ਦਿਖਾਈ ਦਿੰਦਾ ਹੈ ਤਾਂ ਡਰੋਨ ਲੋਕਾਂ ਨੂੰ ਸਮਝਾਉਂਦਾ ਹੈ ਕਿ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ।

ਚੀਨ 'ਚ ਵਾਇਰਸ ਫੈਲਣ ਸਬੰਧੀ ਜਿਸ ਡਾਕਟਰ ਲੀ ਵੇਨਲਿਆਂਗ ਨੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਸੀ, ਉਸ ਦੀ 7 ਫਰਵਰੀ ਨੂੰ ਹਸਪਤਾਲ 'ਚ ਮੌਤ ਹੋ ਗਈ। ਉਹ ਪੀੜਤਾਂ ਦਾ ਇਲਾਜ ਕਰ ਰਿਹਾ ਸੀ। ਇਸੇ ਲਈ ਹਸਪਤਾਲਾਂ 'ਚ ਰੋਬਟਾਂ ਦੀ ਮਦਦ ਲਈ ਜਾ ਰਹੀ ਹੈ। ਇਹ ਰੋਬਟ ਲੋਕਾਂ ਨੂੰ ਖਾਣਾ ਵੰਡਦਾ ਹੈ ਤੇ ਫਿਰ ਜੂਠੀਆਂ ਪਲੇਟਾਂ ਲੈ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਚੀਨ 'ਚੋਂ ਫੈਲੇ ਵਾਇਰਸ ਨੇ 27 ਦੇਸ਼ਾਂ 'ਚ ਆਪਣੇ ਪੈਰ ਪਸਾਰ ਲਏ ਹਨ ਜਿਸ ਕਾਰਨ 910 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਕਾਰਨ ਹੋਣ ਵਾਲੀਆਂ ਮੌਤਾਂ ਨੇ ਸਾਰਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਾਰਸ 2002-03 'ਚ ਫੈਲਿਆ ਸੀ ਅਤੇ 9 ਮਹੀਨਿਆਂ 'ਚ 774 ਲੋਕਾਂ ਦੀ ਜਾਨ ਗਈ ਸੀ ਜਦਕਿ ਕੋਰੋਨਾ ਵਾਇਰਸ ਦੀ ਲਪੇਟ 'ਚ 27 ਤੋਂ ਜ਼ਿਆਦਾ ਦੇਸ਼ ਹਨ ਤੇ ਮੌਤਾਂ ਦੀ ਗਿਣਤੀ ਵੀ ਵਧੇਰੇ ਹੈ।


Related News