ਕਾਬੁਲ ’ਚ ਵਧਦੀਆਂ ਕੀਮਤਾਂ ਤੇ ਬੈਂਕਿੰਗ ਸੇਵਾਵਾਂ ਠੱਪ ਹੋਣ ਕਾਰਨ ਲੋਕ ਕਰ ਰਹੇ ਮੁਸ਼ਕਿਲਾਂ ਦਾ ਸਾਹਮਣਾ
Monday, Aug 23, 2021 - 05:14 PM (IST)
ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ । ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਬਹੁਤ ਵਾਧਾ ਹੋ ਗਿਆ ਹੈ। ਰਾਜਧਾਨੀ ਕਾਬੁਲ ’ਚ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ। ਅਫਗਾਨਿਸਤਾਨ ਦੀ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਬੈਂਕਾਂ ਬੰਦ ਹੋਣ ਅਤੇ ਸਭ ਤੋਂ ਵੱਡੇ ਮਨੀ ਐਕਸਚੇਂਜ ਬਾਜ਼ਾਰ ਸਰਾਏ ਸ਼ਾਹਜ਼ਾਦਾ ਦੇ ਬੰਦ ਹੋਣ ਕਾਰਨ ਕਾਬੁਲ ਦੇ ਲੋਕ ਮੁਸ਼ਕਿਲਾਂ ’ਚ ਘਿਰ ਗਏ ਹਨ। ਸਰਕਾਰੀ ਅਧਿਕਾਰੀਆਂ ਤੇ ਹੋਰ ਪ੍ਰਾਈਵੇਟ ਕਰਮਚਾਰੀਆਂ ਨੂੰ ਵੀ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਉਨ੍ਹਾਂ ਨੂੰ ਆਪਣੀ ਤਨਖਾਹ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬੈਂਕਾਂ ਬੰਦ ਹੋਣ ਕਾਰਨ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੋਈ ਹੈ ਕਿਉਂਕਿ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਪੈਸੇ ਹੋਣ ਦੇ ਬਾਵਜੂਦ ਉਹ ਪੈਸੇ ਕਢਵਾ ਸਕਦੇ।
ਸ਼ਨੀਵਾਰ ਨੂੰ ਇੱਕ ਬਿਆਨ ’ਚ ਸਰਾਏ ਸ਼ਾਹਜ਼ਾਦਾ ਨੇ ਕਿਹਾ ਕਿ ਕਿਉਂਕਿ ਕਰੰਸੀ ਬਦਲਣ ਵਾਲਾ ਬਾਜ਼ਾਰ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦਿ ਅਫਗਾਨ ਬੈਂਕ ਉੱਤੇ ਨਿਰਭਰ ਹੈ, ਇਹ ਉਦੋਂ ਤਕ ਬੰਦ ਰਹੇਗਾ, ਜਦੋਂ ਤੱਕ ਕੇਂਦਰੀ ਬੈਂਕ ਕੰਮਕਾਜ ਦੁਬਾਰਾ ਸ਼ੁਰੂ ਨਹੀਂ ਕਰਦਾ। ਜਨਤਕ ਖੇਤਰ ਦੇ ਬੈਂਕਾਂ ਨੂੰ ਖੋਲ੍ਹਣ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ, ਜਦਕਿ ਪ੍ਰਾਈਵੇਟ ਬੈਂਕਾਂ ਨੇ ਅਣਮਿੱਥੇ ਸਮੇਂ ਲਈ ਬੰਦ ਰਹਿਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਕਿਉਂਕਿ ਪਿਛਲੇ ਹਫਤੇ ਤਾਲਿਬਾਨ ਦੇ ਕੰਟਰੋਲ ’ਚ ਆਉਣ ਤੋਂ ਬਾਅਦ ਲੋਕ ਦੇਸ਼ ਛੱਡਣ ਦੀ ਜਲਦੀ ’ਚ ਹਨ। 15 ਅਗਸਤ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡਣ ਤੋਂ ਤੁਰੰਤ ਬਾਅਦ ਅਫਗਾਨਿਸਤਾਨ ਦੀ ਸਰਕਾਰ ਡਿੱਗ ਗਈ ਅਤੇ ਤਾਲਿਬਾਨ ਨੇ ਇੱਥੇ ਕਬਜ਼ਾ ਕਰ ਲਿਆ।