ਤਾਲਿਬਾਨ ਦੇ ਰਾਜ ''ਚ ਔਰਤਾਂ ''ਤੇ ਪਾਬੰਦੀਆਂ ਦਾ ਦੌਰ ਜਾਰੀ, ਹੁਣ ਇਨ੍ਹਾਂ ਥਾਵਾਂ ''ਤੇ ਜਾਣ ''ਤੇ ਲਾਇਆ ਬੈਨ

Tuesday, Nov 15, 2022 - 11:44 PM (IST)

ਇੰਟਰਨੈਸ਼ਨਲ ਡੈਸਕ : ਅਫ਼ਗਾਨਿਸਤਾਨ ਵਿਚ ਔਰਤਾਂ ਨੂੰ ਇਕ ਹੋਰ ਝਟਕਾ ਦਿੰਦੇ ਹੋਏ, ਤਾਲਿਬਾਨ ਅਧਿਕਾਰੀਆਂ ਨੇ ਉਨ੍ਹਾਂ ਦੇ ਮਨੋਰੰਜਨ ਪਾਰਕਾਂ ਅਤੇ ਜਿਮ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਅਫ਼ਗਾਨਿਸਤਾਨ ਦੀ "ਨੈਤਿਕ ਪੁਲਿਸ" ਨੇ ਹੁਕਮ ਦਿੱਤਾ ਹੈ ਕਿ ਦੇਸ਼ ਦੇ ਸਾਰੇ ਮਨੋਰੰਜਨ ਪਾਰਕਾਂ ਅਤੇ ਜਿੰਮਾਂ ਵਿਚ ਹੁਣ ਔਰਤਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤਾ ਜਾਵੇ। ਅਜੇ ਇਹ ਸਾਫ ਨਹੀਂ ਹੈ ਕਿ ਇਹ ਨਵੀਆਂ ਪਾਬੰਦੀਆਂ ਕਿਵੇਂ ਲਾਗੂ ਕੀਤੀਆਂ ਜਾਣਗੀਆਂ, ਕਿਉਂਕਿ ਕੁਝ ਦਿਨ ਪਹਿਲਾਂ ‘ਪ੍ਰਮੋਸ਼ਨ ਆਫ ਵਰਚੂ ਐਂਡ ਪ੍ਰੀਵੈਂਸ਼ਨ ਆਫ ਈਵਿਲ’ ਮੰਤਰਾਲੇ ਨੇ ਇਕ ਨਿਯਮ ਵਿਚ ਕਿਹਾ ਸੀ ਕਿ ਔਰਤਾਂ ਅਤੇ ਮਰਦਾਂ ਲਈ ਪਾਰਕਾਂ ਨੂੰ ਵੱਖ-ਵੱਖ ਵੰਡਿਆ ਜਾਣਾ ਚਾਹੀਦਾ ਹੈ।

ਨਾਲ ਹੀ, ਨਿਯਮ ਵਿਚ ਕਿਹਾ ਗਿਆ ਹੈ ਕਿ ਪਾਰਕਾਂ ਵਿਚ ਔਰਤਾਂ ਦੇ ਜਾਣ ਲਈ ਵੱਖਰੇ ਦਿਨ ਹੋਣੇ ਚਾਹੀਦੇ ਹਨ। ਤਾਲਿਬਾਨ ਨੇ ਪਹਿਲਾਂ ਹੀ ਅਫ਼ਗਾਨ ਔਰਤਾਂ 'ਤੇ ਕਈ ਪਾਬੰਦੀਆਂ ਲਗਾਈਆਂ ਹੋਈਆਂ ਹਨ ਅਤੇ ਨਵੇਂ ਆਦੇਸ਼ ਨਾਲ ਔਰਤਾਂ ਦੀ ਆਜ਼ਾਦੀ ਹੋਰ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਯੂਰਪੀਅਨ ਯੂਨੀਅਨ (ਈਯੂ) ਨੇ ਤਾਲਿਬਾਨ ਦੁਆਰਾ ਔਰਤਾਂ ਦੀ ਆਵਾਜਾਈ ਦੀ ਆਜ਼ਾਦੀ 'ਤੇ ਲਗਾਈਆਂ ਗਈਆਂ ਵਾਧੂ ਪਾਬੰਦੀਆਂ ਦੀ ਨਖੇਧੀ ਕੀਤੀ ਹੈ, ਜਿਸ ਵਿਚ ਔਰਤਾਂ ਨੂੰ ਜਨਤਕ ਪਾਰਕਾਂ ਅਤੇ ਜਿੰਮਾਂ ਵਿਚ ਦਾਖਲ ਹੋਣ ਤੋਂ ਰੋਕਣ ਵਾਲੇ ਨਵੇਂ ਐਲਾਨੇ ਨਿਯਮ ਵੀ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ 'ਚ ਵਾਧਾ,  ਕੋਰਟ ਵੱਲੋਂ ਨੋਟਿਸ ਜਾਰੀ

ਯੂਰਪੀਨ ਯੂਨੀਅਨ ਨੇ ਕਿਹਾ ਕਿ ਇਹ ਪਾਬੰਦੀਆਂ ਤਾਲਿਬਾਨ ਦੁਆਰਾ ਅਫ਼ਗਾਨ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਦੀ ਪਹਿਲਾਂ ਹੀ ਗੰਭੀਰ ਉਲੰਘਣਾਵਾਂ ਤੋਂ ਇਲਾਵਾ ਹਨ। ਅਫ਼ਗਾਨ ਔਰਤਾਂ ਅਤੇ ਲੜਕੀਆਂ ਨੂੰ ਸੈਕੰਡਰੀ ਸਿੱਖਿਆ ਤੋਂ ਵਾਂਝੀਆਂ ਹਨ, ਯਾਤਰਾ ਅਤੇ ਆਵਾਜਾਈ 'ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਉਨ੍ਹਾਂ ਨੂੰ ਜਨਤਕ ਤੇ ਆਰਥਿਕ ਜੀਵਨ ਦੇ ਜ਼ਿਆਦਾਤਰ ਪਹਿਲੂਆਂ ਤੋਂ ਬਾਹਰ ਰੱਖਿਆ ਗਿਆ ਹੈ। ਪਿਛਲੇ ਸਾਲ ਅਗਸਤ ਵਿਚ ਸੱਤਾ ਵਿਚ ਵਾਪਸੀ ਤੋਂ ਬਾਅਦ, ਤਾਲਿਬਾਨ ਔਰਤਾਂ ਦੀਆਂ ਜਨਤਕ ਗਤੀਵਿਧੀਆਂ 'ਤੇ ਪਾਬੰਦੀ ਲਗਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਰੁਜ਼ਗਾਰ ਅਤੇ ਸਿੱਖਿਆ ਵਰਗੇ ਬੁਨਿਆਦੀ ਹੱਕਾਂ 'ਤੇ ਅਸਰ ਪੈ ਰਿਹਾ ਹੈ।

ਪਿਛਲੇ ਸਾਲ ਅਫ਼ਗਾਨਿਸਤਾਨ ਤੋਂ ਨਾਟੋ ਦੀ ਅਚਾਨਕ ਵਾਪਸੀ ਨੇ ਤਾਲਿਬਾਨ ਲਈ ਸੱਤਾ ਵਿਚ ਵਾਪਸੀ ਦਾ ਰਾਹ ਪੱਧਰਾ ਕੀਤਾ ਅਤੇ ਉਦੋਂ ਤੋਂ ਕੱਟੜਪੰਥੀ ਤਾਲਿਬਾਨ ਸ਼ਾਸਕਾਂ ਨੇ ਲੜਕੀਆਂ ਨੂੰ ਸੈਕੰਡਰੀ ਸਿੱਖਿਆ ਹਾਸਲ ਕਰਨ ਤੋਂ ਵੀ ਵਾਂਝਾ ਰੱਖਿਆ ਹੈ। ਹਾਲਾਂਕਿ ਉਸ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਉਹ ਮਾਰਚ ਤੋਂ ਸਾਰੀਆਂ ਕੁੜੀਆਂ ਲਈ ਹਾਈ ਸਕੂਲ ਖੋਲ੍ਹ ਦੇਵੇਗਾ, ਪਰ ਹੁਣ ਤਕ ਇਸ ਦਾ ਪਾਲਣ ਨਹੀਂ ਕੀਤਾ ਗਿਆ। ਦੇਸ਼ ਵਿਚ ਔਰਤਾਂ ਦੇ ਹੱਕਾਂ ਲਈ ਕਈ ਪ੍ਰਦਰਸ਼ਨ ਹੋਏ ਹਨ, ਪਰ ਤਾਲਿਬਾਨ ਦੇ ਅਧਿਕਾਰੀਆਂ ਨੇ ਔਰਤਾਂ ਦੇ ਸਿੱਖਿਆ, ਰੁਜ਼ਗਾਰ ਅਤੇ ਆਜ਼ਾਦੀ ਦੇ ਹੱਕਾਂ ਦਾ ਵਿਰੋਧ ਕਰਨ ਵਾਲੇ ਕਾਰਕੁਨਾਂ ਨੂੰ ਵੀ ਦਬਾ ਦਿੱਤਾ। ਰਿਪੋਰਟਾਂ ਮੁਤਾਬਕ ਔਰਤਾਂ ਦੇ ਕਤਲਾਂ 'ਚ ਵੀ ਵਾਧਾ ਹੋਇਆ ਹੈ, ਜਦਕਿ ਕਾਤਲਾਂ ਨੂੰ ਸਜ਼ਾ ਨਹੀਂ ਮਿਲ ਰਹੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News