ਕੈਨੇਡਾ : ਐਡਮਿੰਟਨ ''ਚ 8 ਫਰਵਰੀ ਤੋਂ ਕੋਰੋਨਾ ਪਾਬੰਦੀਆਂ ''ਚ ਮਿਲੇਗੀ ਢਿੱਲ
Saturday, Jan 30, 2021 - 12:00 PM (IST)
ਐਡਮਿੰਟਨ- ਕੈਨੇਡਾ ਦੇ ਸੂਬੇ ਐਡਮਿੰਟਨ ਵਿਚ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਲਈ ਸੂਬੇ ਨੇ ਰੈਸਟੋਰੈਂਟਾਂ, ਜਿੰਮ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਵਾਲੇ ਕੰਮਾਂ 'ਤੇ ਲੱਗੀਆਂ ਕੁਝ ਪਾਬੰਦੀਆਂ ਹਟਾਉਣ ਦਾ ਫ਼ੈਸਲਾ ਕੀਤਾ ਹੈ।
ਸੂਬੇ ਦੇ ਮੁੱਖ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ਸੂਬੇ ਦੇ ਹਸਪਤਾਲਾਂ ਵਿਚ ਭਰਤੀ ਮਰੀਜ਼ਾਂ ਦੀ ਗਿਣਤੀ ਵਿਚ ਵੀ ਕਾਫੀ ਗਿਰਾਵਟ ਆਈ ਹੈ ਅਤੇ ਸੂਬੇ ਵਿਚ 8 ਫਰਵਰੀ ਤੋਂ ਲੋਕਾਂ ਨੂੰ ਪਾਬੰਦੀਆਂ ਵਿਚ ਢਿੱਲ ਮਿਲ ਜਾਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਹਸਪਤਾਲਾਂ ਵਿਚ 600 ਮਰੀਜ਼ ਭਰਤੀ ਹਨ ਜੇਕਰ ਇਨ੍ਹਾਂ ਦੀ ਗਿਣਤੀ ਵਿਚ ਗਿਰਾਵਟ ਆਉਂਦੀ ਹੈ ਤੇ ਇਹ ਗਿਣਤੀ 450 ਤੋਂ ਘੱਟ ਹੁੰਦੀ ਹੈ ਤਾਂ ਸੂਬੇ ਵਿਚ ਕੋਰੋਨਾ ਕਾਰਨ ਲੱਗੀਆਂ ਹੋਰ ਪਾਬੰਦੀਆਂ ਵਿਚ ਢਿੱਲ ਮਿਲ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਸੂਬੇ ਵਿਚ ਰਿਟੇਲ ਵਪਾਰ, ਭਾਈਚਾਰਕ ਹਾਲ, ਹੋਟਲ, ਬੈਂਕੁਇਟ ਹਾਲ ਤੇ ਕਾਨਫਰੰਸ ਸੈਂਟਰਾਂ 'ਤੇ ਲੱਗੀਆਂ ਪਾਬੰਦੀਆਂ ਵਿਚ ਢਿੱਲ ਮਿਲ ਜਾਵੇਗੀ।
ਅਧਿਕਾਰੀਆਂ ਮੁਤਾਬਕ ਜਿਉਂ-ਜਿਉਂ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਦਰਜ ਹੁੰਦੀ ਜਾਵੇਗੀ, ਸੂਬੇ ਵਿਚ ਪਾਬੰਦੀਆਂ ਘੱਟਦੀਆਂ ਜਾਣਗੀਆਂ। ਸ਼ੁੱਕਰਵਾਰ ਤੱਕ 594 ਮਰੀਜ਼ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਸਨ ਤੇ 110 ਮਰੀਜ਼ਾਂ ਦਾ ਇਲਾਜ ਆਈ. ਸੀ. ਯੂ. ਵਿਚ ਚੱਲ ਰਿਹਾ ਹੈ। ਬੀਤੇ ਸਮੇਂ ਲਾਗੂ ਹੋਈਆਂ ਸਖ਼ਤ ਪਾਬੰਦੀਆਂ ਕਾਰਨ ਸੂਬੇ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਘਟਣ ਲੱਗੀ ਹੈ।