ਨਾਟੋ ਲਈ ਹੋਈ ਚੋਣ ਦੀ ਜ਼ਿੰਮੇਵਾਰੀ ਨਿਭਾਵਾਂਗਾ ਚੰਗੇ ਤਰੀਕੇ ਨਾਲ : ਢੇਸੀ
Saturday, Apr 06, 2019 - 10:55 PM (IST)

ਲੰਡਨ – ਬਰਤਾਨੀਆ ਦੇ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਜਿਨ੍ਹਾਂ ਦੀ ਚੋਣ ਨਾਟੋ ਦੀ ਪਾਰਲੀਮੈਂਟਰੀ ਅਸੈਂਬਲੀ ਲਈ ਹੋਈ ਹੈ, ਨੇ ਐੱਮ. ਪੀ. ਖਾਲਿਦ ਮਹਿਮੂਦ ਦਾ ਇਹ ਕਹਿਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ ਕਿ ਬਰਤਾਨੀਆ ਦੀ ਸੰਸਦ 'ਚੋਂ ਪਹਿਲੀ ਵਾਰ ਕਿਸੇ ਕਾਲੇ ਏਸ਼ੀਅਨ ਅਤੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਦੀ ਚੋਣ ਨਾਟੋ ਦੀ ਉਕਤ ਪਾਰਲੀਮੈਂਟਰੀ ਅਸੈਂਬਲੀ ਲਈ ਹੋਈ ਹੈ। ਢੇਸੀ ਨੇ ਸ਼ਨੀਵਾਰ ਇਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਉਹ ਲੇਬਰ ਪਾਰਟੀ ਦੇ ਆਪਣੇ ਸਾਥੀ ਸੰਸਦ ਮੈਂਬਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਨ, ਜਿਨ੍ਹਾਂ ਮੇਰੀ ਇਸ ਅਹਿਮ ਭੂਮਿਕਾ ਲਈ ਚੋਣ ਕੀਤੀ ਹੈ। ਮੈਂ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਅ ਕੇ ਦੇਸ਼ ਦਾ ਨਾਂ ਉੱਚਾ ਕਰਾਂਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੇਬਰ ਪਾਰਟੀ ਦੇ 245 ਸੰਸਦ ਮੈਂਬਰਾਂ ਨੇ ਤਨਮਨਜੀਤ ਸਿੰਘ ਢੇਸੀ ਦੀ ਚੋਣ ਕੀਤੀ। ਖਾਲਿਦ ਮਹਿਮੂਦ ਨੇ ਢੇਸੀ ਦੀ ਨਿਯੁਕਤੀ ਨੂੰ ਇਤਿਹਾਸਕ ਕਰਾਰ ਦਿੱਤਾ। ਨਾਟੋ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ ਅਤੇ ਫਰਾਂਸ ਦਾ ਇਕ ਸਾਂਝਾ ਫੌਜੀ ਸੰਗਠਨ ਹੈ ਜੋ ਉਕਤ ਦੇਸ਼ਾਂ ਦੀ ਸੁਰੱਖਿਆ ਦੇ ਨਾਲ-ਨਾਲ ਵਿਸ਼ਵ 'ਚ ਅਮਨ ਦੀ ਅਗਵਾਈ ਵੀ ਕਰਦਾ ਹੈ। ਇਸ ਸੰਗਠਨ 'ਚ ਮੈਂਬਰ ਦੇਸ਼ਾਂ ਦੇ 10 ਐੱਮ. ਪੀ. ਲਏ ਜਾਂਦੇ ਹਨ। ਢੇਸੀ ਦੀ ਨਿਯੁਕਤੀ ਲੇਬਰ ਪਾਰਟੀ ਦੇ ਕੋਟੇ 'ਚੋਂ ਹੋਈ ਹੈ।