ਖੋਜਕਰਤਾਵਾਂ ਨੇ ਕਿਹਾ ਚੰਗੀ ਨੀਅਤ ਨਾਲ ਸੱਚ ''ਤੇ ਪਰਦਾ ਪਾਉਣਾ ਵੀ ਠੀਕ ਨਹੀਂ

09/24/2017 10:53:56 PM

ਵਾਸ਼ਿੰਗਟਨ-ਝੂਠ ਬੋਲਣਾ ਸਿਹਤ ਲਈ ਹਾਨੀਕਾਰਕ ਹੈ ਫਿਰ ਭਾਵੇਂ ਸੱਚ ਚੰਗੀ ਨੀਅਤ ਨਾਲ ਹੀ ਕਿਉਂ ਨਾ ਲੁਕੋਇਆ ਗਿਆ ਹੋਵੇ। ਅਮਰੀਕਾ ਸਥਿਤ ਸੈਨ ਡਿਏਗੋ ਇਮੋਸ਼ਨ ਲੈਬ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਪਣੇ ਹਾਲੀਆ ਅਧਿਐਨ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ।
ਉਨ੍ਹਾਂ ਦੇਖਿਆ ਕਿ ਲੋਕ ਆਮ ਤੌਰ 'ਤੇ ਉਸ ਸ਼ਖਸ ਨਾਲ ਜ਼ਿਆਦਾ ਝੂਠ ਬੋਲਦੇ ਹਨ, ਜੋ ਉਨ੍ਹਾਂ ਦੇ ਦਿਲ ਦੇ ਸਭ ਤੋਂ ਨਜ਼ਦੀਕ ਹੁੰਦਾ ਹੈ। ਇਸ ਦੇ ਪਿੱਛੇ ਸੰਬੰਧਿਤ ਵਿਅਕਤੀ ਦੇ ਮਨ ਨੂੰ ਠੇਸ ਨਾ ਪਹੁੰਚਣ ਦੇਣ ਦੀ ਮਨਸ਼ਾ ਹੁੰਦੀ ਹੈ। ਹਾਲਾਂਕਿ ਅਜਿਹਾ ਕਰਕੇ ਉਹ ਨਾ ਸਿਰਫ ਆਪਣੇ ਰਿਸ਼ਤੇ ਬਲਕਿ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
 ਅਧਿਐਨ ਦੌਰਾਨ ਖੋਜਕਰਤਾਵਾਂ ਨੇ 18 ਤੋਂ 71 ਸਾਲ ਦੇ 110 ਪ੍ਰਤੀਯੋਗੀਆਂ ਦੇ ਰੋਜ਼ਾਨਾ ਜੀਵਨ 'ਤੇ ਝੂਠ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਹੈ। ਉਨ੍ਹਾਂ ਨੇ 55 ਪ੍ਰਤੀਯੋਗੀਆਂ ਨੂੰ ਆਪਣੇ ਜੀਵਨ ਸਾਥੀ ਨਾਲ ਹਰ ਹਾਲ 'ਚ ਸੱਚ ਬੋਲਣ ਲਈ ਕਿਹਾ। ਉਥੇ ਹੀ ਬਾਕੀਆਂ ਨੂੰ ਮੌਕੇ ਦੀ ਨਜ਼ਾਕਤ ਅਤੇ ਸਾਥੀ ਦੀਆਂ ਭਾਵਨਾਵਾਂ ਦੇ ਹਿਸਾਬ ਨਾਲ ਸੱਚ-ਝੂਠ ਬੋਲਣ ਦਾ ਫੈਸਲਾ ਲੈਣ ਦੀ ਛੋਟ ਦਿੱਤੀ।
 10 ਹਫਤਿਆਂ ਬਾਅਦ ਖੋਜਕਰਤਾਵਾਂ ਨੇ ਸਾਰੇ ਪ੍ਰਤੀਯੋਗੀਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਦੀ ਜਾਂਚ ਕੀਤੀ। ਇਸ ਦੌਰਾਨ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਜੀਵਨ ਸਾਥੀ ਕੋਲ ਸੱਚ ਬੋਲਣ ਵਾਲੇ ਪ੍ਰਤੀਯੋਗੀ ਜਿਥੇ ਸਿਹਤਮੰਦ ਮਿਲੇ ਉਥੇ ਹੀ ਪਾਰਟਨਰ ਦੇ ਦੁਖੀ ਜਾਂ ਨਾਰਾਜ਼ ਹੋਣ ਦੇ ਡਰੋਂ ਸੱਚ ਲੁਕਾਉਣ ਵਾਲਿਆਂ 'ਚ ਤਣਾਅ ਦਾ ਪੱਧਰ ਬੇਹੱਦ ਜ਼ਿਆਦਾ ਪਾਇਆ ਗਿਆ। ਮਨ 'ਚ ਝੂਠ ਬੋਲਣ ਦਾ ਮਲਾਲ ਹੋਣਾ, ਪਾਰਟਨਰ ਦੀ ਨਜ਼ਰ 'ਚ ਭਰੋਸੇਯੋਗਤਾ ਗੁਆਉਣ ਦਾ ਡਰ ਸਤਾਉਣਾ ਅਤੇ ਸੱਚ ਦਾ ਮਿਲ ਕੇ ਸਾਹਮਣਾ ਕਰਨ ਦੀ ਹਿੰਮਤ ਇਕੱਠੀ ਨਾ ਕਰ ਸਕਣਾ ਇਸ ਦੇ ਮੁੱਖ ਕਾਰਨ ਸਨ। 
ਸਾਵਧਾਨ
ਸੈਨ ਡਿਏਗੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਿਹਤ 'ਤੇ ਝੂਠ ਦੇ ਅਸਰ ਦਾ ਮੁਲਾਂਕਣ ਕੀਤਾ ਹੈ।
ਕਰੀਬੀ ਕੋਲੋਂ ਸੱਚ ਲੁਕਾਉਣ ਦਾ ਮਲਾਲ ਅਤੇ ਭਰੋਸੇਯੋਗਤਾ ਗੁਆਉਣ ਦਾ ਡਰ ਇਨਸਾਨ ਨੂੰ ਬੀਮਾਰ ਬਣਾ ਸਕਦਾ ਹੈ।


Related News