ਬਰੈਂਪਟਨ ''ਚ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ, ਹਿਮਕੈਨ ਨੂੰ ''ਸਰਵੋਤਮ ਝਾਂਕੀ'' ਪੁਰਸਕਾਰ

Wednesday, Feb 04, 2026 - 06:55 PM (IST)

ਬਰੈਂਪਟਨ ''ਚ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ, ਹਿਮਕੈਨ ਨੂੰ ''ਸਰਵੋਤਮ ਝਾਂਕੀ'' ਪੁਰਸਕਾਰ

ਵੈਨਕੂਵਰ (ਮਲਕੀਤ ਸਿੰਘ) : ਇੰਡੀਆ ਪੈਨੋਰਮਾ ਦੇ ਪ੍ਰਬੰਧਾ ਹੇਠ ਸਥਾਨਕ ਹਿਮਾਚਲੀ ਭਾਈਚਾਰੇ ਦੇ ਸਾਂਝੇ ਉਦਮ ਸਦਕਾ ਪੀਅਰਸਨ ਕਨਵੈਂਸ਼ਨ ਸੈਂਟਰ, ਬਰੈਂਪਟਨ ਵਿੱਚ ਭਾਰਤ ਦੇ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਆਯੋਜਿਤ  ਕੀਤਾ ਗਿਆ। ਜਿਸ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ। ਇਸ ਮੌਕੇ ਭਾਰਤ ਦੇ ਕਾਰਜਕਾਰੀ ਰਾਜਦੂਤ ਸ਼੍ਰੀ ਕਪਿਧਵਜ ਪ੍ਰਤਾਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਸਮਾਗਮ ਦੌਰਾਨ ਹਿਮਕੈਨ ਕਲਚਰ ਐਸੋਸੀਏਸ਼ਨ ਆਫ ਹਿਮਾਚਲ ਪ੍ਰਦੇਸ਼ ਨੂੰ ਅਗਸਤ 2025 ਵਿੱਚ ਹੋਈ ਇੰਡੀਆ ਡੇਅ ਪਰੇਡ ਦੌਰਾਨ ਕੀਤੀ ਗਈ ਸ਼ਾਨਦਾਰ ਸੱਭਿਆਚਾਰਕ ਪ੍ਰਸਤੁਤੀ ਲਈ “ਸਰਵੋਤਮ ਝਾਂਕੀ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਮਾਣਯੋਗ ਪੁਰਸਕਾਰ ਭਾਰਤ ਦੇ ਕਾਰਜਕਾਰੀ ਰਾਜਦੂਤ ਸ਼੍ਰੀ ਕਪਿਧਵਜ ਪ੍ਰਤਾਪ ਸਿੰਘ ਵੱਲੋਂ ਪ੍ਰਦਾਨ ਕੀਤਾ ਗਿਆ। ਇਹ ਉਪਲਬਧੀ ਨਾ ਸਿਰਫ ਹਿਮਕੈਨ ਸੰਸਥਾ ਲਈ, ਸਗੋਂ ਪੂਰੇ ਹਿਮਾਚਲੀ ਭਾਈਚਾਰੇ ਲਈ ਵੀ ਮਾਣ ਦੀ ਗੱਲ ਮੰਨੀ ਜਾ ਰਹੀ ਹੈ।

PunjabKesari

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿਮਕੈਨ ਦੇ ਪ੍ਰਧਾਨ ਸ਼੍ਰੀ ਦਲੀਪ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਸੰਸਥਾ ਦੀ ਪੂਰੀ ਟੀਮ ਦੇ ਸਾਂਝੇ ਯਤਨਾਂ, ਸਮਰਪਣ ਅਤੇ ਅਣਥੱਕ  ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹਿਮਕੈਨ ਸੰਸਥਾ ਹਿਮਾਚਲ ਭਾਈਚਾਰੇ ਦੇ ਸਮਾਜਿਕ ਅਤੇ ਸੱਭਿਆਚਾਰਕ ਕਲਿਆਣ ਲਈ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕੰਮ ਕਰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਰਦੀ ਰਹੇਗੀ ਅਤੇ ਪਹਿਲਾਂ ਵਾਂਗ ਹਿਮਾਚਲ ਦੀ ਮਹਾਨ ਸੰਸਕ੍ਰਿਤੀ, ਪਰੰਪਰਾਵਾਂ ਅਤੇ ਵਿਰਾਸਤ ਨੂੰ ਅੰਤਰਰਾਸ਼ਟਰੀ ਮੰਚ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਰਹੇਗੀ।

ਦਲੀਪ ਕੁਮਾਰ ਨੇ ਇਸ ਕਾਮਯਾਬੀ ਦਾ ਸਿਹਰਾ ਹਿਮਕੈਨ ਦੀ ਸਮੁੱਚੀ ਟੀਮ ਨੂੰ ਦਿੰਦਿਆਂ ਸਾਰੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼ੇਖਰ ਚੌਹਾਨ, ਰਾਜ ਪਾਲ, ਜ਼ੀਨਤ ਸਿੰਘ, ਨਵੀਂਨ ਨੇਕ, ਅੰਜਲੀਨਾ ਗੁਪਤਾ, ਮੋਨਾ ਸ਼ਰਮਾ, ਯਸ਼ ਰਾਣੀ, ਗੌਰੀ ਵਰਮਾ, ਸਾਗਰ ਜਸਵਾਲ, ਨਵਨੀਤ, ਪਾਰਸ, ਸੁਨੀਲ ਠਾਕੁਰ ਅਤੇ ਨਿਪੁਣ ਸ਼ਾਮਲ ਹਨ। ਅਖੀਰ ਵਿੱਚ ਉਹਨਾਂ ਇਹ ਵੀ ਦੱਸਿਆ ਕਿ ਹਿਮਕੈਨ ਸੰਸਥਾ ਵੱਲੋਂ 18 ਅਪ੍ਰੈਲ ਨੂੰ ਕੈਨੇਡਾ ਦੇ ਮਹਾਨਗਰ ਬਰੈਂਪਟਨ 'ਚ ਹਿਮਾਚਲ ਦਿਵਸ ਦਾ ਵਿਸ਼ੇਸ਼ ਆਯੋਜਨ ਵੱਡੇ ਪੱਧਰ 'ਤੇ ਕੀਤਾ ਜਾਵੇਗਾ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਪਰੰਪਰਾਗਤ ਲੋਕ-ਨ੍ਰਿਤ ਅਤੇ ਸੰਗੀਤ, ਪ੍ਰਸਿੱਧ ਹਿਮਾਚਲੀ ਵਿਅੰਜਨਾਂ ਦੇ ਸਟਾਲ, ਸੱਭਿਆਚਾਰਕ ਪ੍ਰਦਰਸ਼ਨੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦੀ ਗੌਰਵਮਈ ਹਾਜ਼ਰੀ ਸਮਾਗਮ ਨੂੰ ਹੋਰ ਵੀ ਆਕਰਸ਼ਕ ਅਤੇ ਯਾਦਗਾਰ ਬਣਾਏਗੀ।


author

Baljit Singh

Content Editor

Related News