ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ 'ਤੇ ਜਤਾਈ ਚਿੰਤਾ

Wednesday, Sep 30, 2026 - 12:26 PM (IST)

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ 'ਤੇ ਜਤਾਈ ਚਿੰਤਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿੱਚ 'ਰੇਡੀਓ ਇੰਡੀਆ' ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਖੜ੍ਹੇ ਹੋ ਰਹੇ ਗੰਭੀਰ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਹੈ। ਆਪਣੇ ਪੱਤਰ ਵਿੱਚ ਗਿੱਲ ਨੇ 'ਸਿੱਖਸ ਫ਼ਾਰ ਜਸਟਿਸ' (SFJ) ਵਰਗੇ ਖ਼ਾਲਿਸਤਾਨੀ ਸਮਰਥਕ ਸਮੂਹਾਂ ਅਤੇ ਅਲਬਰਟਾ ਵੱਖਵਾਦੀਆਂ ਦਰਮਿਆਨ ਬਣ ਰਹੇ ਗਠਜੋੜ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।

PunjabKesari

ਮਨਿੰਦਰ ਗਿੱਲ ਨੇ ਪੱਤਰ ਵਿੱਚ ਖ਼ੁਲਾਸਾ ਕੀਤਾ ਕਿ 'ਸਿੱਖਸ ਫ਼ਾਰ ਜਸਟਿਸ' ਨੇ 18 ਅਕਤੂਬਰ, 2026 ਨੂੰ ਅਲਬਰਟਾ ਵਿੱਚ ਆਪਣਾ 'ਰੈਫਰੈਂਡਮ' ਰੱਖਿਆ ਹੈ, ਜੋ ਕਿ ਅਲਬਰਟਾ ਵੱਖਵਾਦੀਆਂ ਦੇ ਰੈਫਰੈਂਡਮ ਤੋਂ ਠੀਕ ਇੱਕ ਦਿਨ ਪਹਿਲਾਂ ਹੈ। ਉਨ੍ਹਾਂ ਦੱਸਿਆ ਕਿ ਖ਼ਾਲਿਸਤਾਨੀ ਸਮਰਥਕ ਦੋਵਾਂ ਰੈਫਰੈਂਡਮਾਂ ਵਿੱਚ ਲੋਕਾਂ ਨੂੰ "ਹਾਂ" ਵਿੱਚ ਵੋਟ ਪਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਅਮਰੀਕਾ ਤੋਂ ਆ ਰਹੇ ਖ਼ਾਲਿਸਤਾਨੀ ਸਮਰਥਕ ਅਲਬਰਟਾ ਦੇ ਵੱਖਵਾਦੀਆਂ ਨਾਲ ਮੰਚ ਸਾਂਝਾ ਕਰ ਰਹੇ ਹਨ ਅਤੇ ਇੱਕ-ਦੂਜੇ ਦੇ ਮਕਸਦ ਦਾ ਸਮਰਥਨ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ - Green Card ਲੈਣ ਦੇ ਚਾਹਵਾਨਾਂ ਨੂੰ ਟਰੰਪ ਨੇ ਦੇ'ਤਾ ਵੱਡਾ ਝਟਕਾ ! ਦੁੱਗਣੀ ਕੀਤੀ ਫ਼ੀਸ

ਗਿੱਲ ਨੇ ਪੱਤਰ ਵਿੱਚ ਸਵਾਲ ਉਠਾਇਆ ਕਿ ਕੈਨੇਡਾ ਨੂੰ ਤੋੜਨ ਦਾ ਪ੍ਰਚਾਰ ਕਰਨ ਵਾਲੇ ਇਨ੍ਹਾਂ ਵਿਦੇਸ਼ੀ ਸਮਰਥਕਾਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਅਤੇ ਪ੍ਰਚਾਰ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ? ਉਨ੍ਹਾਂ ਯਾਦ ਦਿਵਾਇਆ ਕਿ ਇਸ ਤੋਂ ਪਹਿਲਾਂ ਅਪ੍ਰੈਲ 2026 ਵਿੱਚ ਸਰੀ ਨਗਰ ਕੀਰਤਨ ਦੌਰਾਨ ਅਮਰੀਕਾ ਤੋਂ ਆਏ ਵਿਅਕਤੀਆਂ ਦੁਆਰਾ ਅਲਬਰਟਾ ਵੱਖਵਾਦੀ ਪ੍ਰਚਾਰ ਫੈਲਾਉਣ ਸਬੰਧੀ ਵੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਸੀ। ਮਨਿੰਦਰ ਗਿੱਲ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕੁਝ ਕੱਟੜਪੰਥੀ ਗੁਰਦੁਆਰਾ ਕਮੇਟੀਆਂ ਵੱਲੋਂ ਚੈਰਿਟੀ (ਦਾਨ) ਦੇ ਫੰਡਾਂ ਦੀ ਵਰਤੋਂ ਸਿਆਸੀ ਅਤੇ ਵੱਖਵਾਦੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਜਨਤਕ ਸੁਰੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਕੈਨੇਡਾ ਨੂੰ ਤੋੜਨ ਦਾ ਪ੍ਰਚਾਰ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਕੈਨੇਡਾ ਵਿੱਚ ਦਾਖਲੇ 'ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਰਾਹੀਂ ਤੁਰੰਤ ਰੋਕ ਲਗਾਈ ਜਾਵੇ। 'ਕੈਨੇਡਾ ਰੈਵੇਨਿਊ ਏਜੰਸੀ' (CRA) ਰਾਹੀਂ ਗੁਰਦੁਆਰਾ ਕਮੇਟੀਆਂ ਦੇ ਚੈਰਿਟੀ ਫੰਡਾਂ ਦੀ ਗੈਰ-ਕਾਨੂੰਨੀ ਵਰਤੋਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ। ਗਿੱਲ ਨੇ ਜ਼ੋਰ ਦਿੱਤਾ ਕਿ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਅਤੇ ਅਖੰਡਤਾ ਦੀ ਰਾਖੀ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਕੈਨੇਡਾ ਵਿਰੋਧੀ ਤਾਕਤਾਂ 'ਤੇ ਨਕੇਲ ਕੱਸਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News