ਨਾਜ਼ੀ ਝੰਡਾ ਲਹਿਰਾਉਣ 'ਤੇ ਆਸਟ੍ਰੇਲੀਆਈ ਪੀ.ਐੱਮ. ਨੇ ਫੌਜੀਆਂ ਨੂੰ ਲਗਾਈ ਫਟਕਾਰ

Friday, Jun 15, 2018 - 12:55 PM (IST)

ਨਾਜ਼ੀ ਝੰਡਾ ਲਹਿਰਾਉਣ 'ਤੇ ਆਸਟ੍ਰੇਲੀਆਈ ਪੀ.ਐੱਮ. ਨੇ ਫੌਜੀਆਂ ਨੂੰ ਲਗਾਈ ਫਟਕਾਰ

ਸਿਡਨੀ (ਬਿਊਰੋ)— ਇਕ ਦਹਾਕੇ ਪਹਿਲਾਂ ਆਸਟ੍ਰੇਲੀਆਈ ਫੌਜੀਆਂ ਨੇ ਅਫਗਾਨਿਸਤਾਨ ਵਿਚ ਆਪਣੀ ਗੱਡੀ 'ਤੇ ਨਾਜ਼ੀ ਝੰਡਾ ਲਹਿਰਾਇਆ ਸੀ। ਇਸ ਘਟਨਾ 'ਤੇ ਇਕ ਵਾਰੀ ਫਿਰ ਕੱਲ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਇਸ ਕਾਰਵਾਈ ਲਈ ਆਸਟ੍ਰੇਲੀਆਈ ਵਿਸ਼ੇਸ਼ ਬਲ ਦੇ ਜਵਾਨਾਂ ਨੂੰ ਫਟਕਾਰ ਲਗਾਈ ਹੈ। ਦੱਸਣਯੋਗ ਹੈ ਕਿ ਸਾਲ 2007 ਵਿਚ ਅਫਗਾਨਿਸਤਾਨ ਵਿਚ ਇਕ ਵਿਸ਼ੇਸ ਮੁਹਿੰਮ ਦੌਰਾਨ ਆਸਟ੍ਰੇਲੀਆਈ ਫੌਜੀਆਂ ਨੇ ਆਪਣੀ ਇਕ ਗੱਡੀ 'ਤੇ ਨਾਜ਼ੀ ਝੰਡਾ ਲਹਿਰਾਇਆ ਸੀ। ਲਾਲ ਰੰਗ ਦੇ ਇਸ ਝੰਡੇ ਵਿਚ ਕਾਲੇ ਰੰਗ ਦਾ ਸਵਾਸਤਿਕ ਬਣਿਆ ਹੋਇਆ ਸੀ। ਆਸਟ੍ਰੇਲੀਆਈ ਪ੍ਰਸਾਰਣ ਕਾਰਪੋਰੇਸ਼ਨ ਵੱਲੋਂ ਇਸ ਤਸਵੀਰ ਨੂੰ ਪ੍ਰਕਾਸ਼ਿਤ ਕੀਤੇ ਜਾਣ ਮਗਰੋਂ ਕਈ ਲੋਕਾਂ ਨੇ ਜਵਾਨਾਂ ਦੀ ਕਾਫੀ ਨਿੰਦਾ ਕੀਤੀ ਸੀ। ਹੁਣ ਟਰਨਬੁੱਲ ਵੀ ਨਿੰਦਾ ਕਰਨ ਵਾਲਿਆਂ ਦੀ ਲਿਸਟ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਆਪਣੀ ਫੌਜ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ,''ਇਕ ਅਨੁਸ਼ਾਸਿਤ ਫੌਜ ਦੇ ਜਵਾਨਾਂ ਦਾ ਅਜਿਹੀ ਘਟਨਾ ਵਿਚ ਸ਼ਾਮਲ ਹੋਣਾ ਗਲਤ ਹੈ। ਇਸ ਲਈ ਉਨ੍ਹਾਂ 'ਤੇ ਉਸੇ ਵੇਲੇ ਵੀ ਵੱਡੀ ਕਾਰਵਾਈ ਕੀਤੀ ਗਈ ਸੀ ਅਤੇ ਅੱਗੇ ਵੀ ਕੀਤੀ ਜਾਵੇਗੀ।'' ਇਸ ਮਗਰੋਂ ਰੱਖਿਆ ਮੰਤਰਾਲੇ ਨੇ ਕਿਹਾ,''ਫੌਜ ਦੀ ਗੱਡੀ 'ਤੇ ਝੰਡਾ ਥੋੜ੍ਹੀ ਦੇਰ ਲਈ ਲਗਾਇਆ ਗਿਆ ਸੀ। ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਇਸ ਨੂੰ ਤੁਰੰਤ ਉਤਾਰ ਦਿੱਤਾ ਸੀ।'' ਗੌਰਲਤਬ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਵਿਰੁੱਧ ਯੁੱਧ ਵਿਚ ਅਮਰੀਕਾ ਅਤੇ ਬ੍ਰਿਟੇਨ ਦੇ ਬਾਅਦ ਆਸਟ੍ਰੇਲੀਆ ਤੀਜਾ ਸਭ ਤੋਂ ਵੱਡਾ ਦੇਸ਼ ਸੀ। ਸਾਲ 2002 ਤੋਂ ਸਾਲ 2013 ਵਿਚਕਾਰ ਅਫਗਾਨਿਸਤਾਨ ਵਿਚ ਆਸਟ੍ਰੇਲੀਆ ਦੇ 41 ਜਵਾਨਾਂ ਦੀ ਮੌਤ ਹੋਈ। ਸਾਲ 2013 ਵਿਚ ਆਸਟ੍ਰੇਲੀਆ ਨੇ ਆਪਣੇ ਫੌਜੀ ਵਾਪਸ ਬੁਲਾ ਲਏ ਸਨ।


Related News