ਇਟਲੀ : ਤੇਰਾਚੀਨਾ ਵਿਖੇ ਸਜਾਇਆ ਗਿਆ ਵਿਸ਼ਾਲ 5ਵਾਂ ਨਗਰ ਕੀਰਤਨ

05/29/2017 3:23:47 PM

ਰੋਮ/ਇਟਲੀ (ਕੈਂਥ)— ਲਾਸੀਓ ਸੂਬੇ ਦੇ ਗੁਰਦੁਆਰਾ ਸਿੰਘ ਸਭਾ ਸੰਨਵੀਤੋ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵਲੋਂ ਤੀਜੇ ਪਾਤਸ਼ਾਹ ਧੰਨ-ਧੰਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ 5ਵਾਂ ਨਗਰ ਕੀਰਤਨ ਲਾਤੀਨਾ ਜ਼ਿਲ੍ਹੇ ਦੇ ਸ਼ਹਿਰ ਤੇਰਾਚੀਨਾ ਵਿਖੇ  ਸਜਾਇਆ।ਨਗਰ ਕੀਰਤਨ ਦੁਪਿਹਰ ਸਮੇਂ ਸ਼ਹਿਰ ਤੇਰਾਚੀਨਾ ਦੇ ਮਾਰਕੀਟ ਵਾਲੇ ਚੌਕ ਤੋਂ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਆਰੰਭ ਹੋਇਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ। ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ ਮੌਕੇ ਸੰਗਤਾਂ ਲਈ ਸੇਵਾਦਾਰਾਂ ਵਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਦੇ ਪ੍ਰਸ਼ਾਦ ਵੀ ਵਰਤਾਏ ਗਏ। ਇਸ ਮੌਕੇ ਇਟਲੀ ਦੀ ਪ੍ਰਸਿੱਧ ਗਤਕਾ ਅਕੈਡਮੀ ਸ੍ਰੀ ਗੁਰੂ ਕਲਗੀਧਰ ਸਾਹਿਬ ਗਤਕਾ ਅਕੈਡਮੀ ਤੋਰੇਦੀ ਪਿਚਨਾਦਰੀ ਦੇ ਸਿੱਖ ਸੂਰਮਿਆਂ ਨੇ ਆਪਣੀ ਗਤਕਾ ਕਲਾ ਦੇ ਅਦਭੁੱਤ ਜੌਹਰ ਦਿਖਾਕੇ ਸੰਗਤਾਂ ਨੂੰ ਇਸ ਕਲਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਥ ਦੇ ਪ੍ਰਸਿੱਧ ਕਵੀਸ਼ਰੀ ਜੱਥੇ ਭਾਈ ਸਰਬਜੀਤ ਸਿੰਘ ਮਾਣਕਪੁਰੀ, ਭਾਈ ਗੁਰਮੀਤ ਸਿੰਘ ਬਰੇਸ਼ੀਆ ਤੇ ਹੋਰ ਪ੍ਰੰਬਕ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ। ਇਸ ਨਗਰ ਕੀਰਤਨ 'ਚ ਸਿੱਖ ਧਰਮ ਨਾਲ ਸਬੰਧਤ ਇਟਾਲੀਅਨ ਅਤੇ ਪੰਜਾਬੀ ਲਿਚਰੇਚਰ ਦੀਆਂ ਮੁਫਤ ਕਿਤਾਬਾਂ ਵੀ ਵੰਡੀਆਂ ਇਸ ਨਗਰ ਕੀਰਤਨ 'ਚ ਤੇਰਨੀ ਗੁਰਦੁਆਰਾ ਸਾਹਿਬ, ਵਤੈਰਵੋ ਗੁਰਦੁਆਰਾ ਸਾਹਿਬ, ਰੋਮ ਗੁਰਦੁਆਰਾ ਸਾਹਿਬ, ਲਵੀਨੀਓ ਗੁਰਦੁਆਰਾ ਸਾਹਿਬ, ਚਿਸਤੇਰਨਾ ਦੀ ਲਾਤੀਨਾ ਗੁਰਦੁਆਰਾ ਸਾਹਿਬ, ਫੌਂਦੀ ਗੁਰਦੁਆਰਾ ਸਾਹਿਬ, ਸਬਾਊਦੀਆ ਗੁਰਦੁਆਰਾ ਸਾਹਿਬ, ਬੋਰਗੋ ਹਰਮਾਦਾ ਗੁਰਦੁਆਰਾ ਸਾਹਿਬ ਤੋਂ ਇਲਾਵਾ ਵੀ ਇਟਲੀ ਭਰ ਤੋਂ ਸੰਗਤਾਂ ਵੱਡੀ ਗਿਣਤੀ 'ਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪਹੁੰਚੀਆਂ ਜਿਹੜੀਆਂ ਕਿ ਗੁਰੂ ਦੇ ਕੇਸਰੀ ਰੰਗ 'ਚ ਰੰਗ ਕੇ ਪੰਥ ਦੀ ਚੜ੍ਹਦੀ ਕਲਾ ਦੇ ਜੈਕਾਰੇ ਲਗਾ ਰਹੀਆਂ ਸਨ। ਨਗਰ ਕੀਰਤਨ 'ਚ ਸਥਾਨਕ ਪ੍ਰਸ਼ਾਸ਼ਨ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੇ ਬਹੁ-ਗਿਣਤੀ ਇਟਾਲੀਅਨ ਲੋਕ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਗੁਰੂ ਦੀ ਵਿਸ਼ੇਸ਼ ਬਖ਼ਸੀਸ ਸਿਰੋਪਾਓ ਨਾਲ ਨਵਾਜਿਆ ਗਿਆ।ਇਸ ਨਗਰ ਕੀਰਤਨ 'ਚ ਸਮੂਹ ਸੇਵਾਦਾਰਾਂ ਦਾ ਵੀ ਗੁਰੂ ਦੀ ਬਖ਼ਸੀਸ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਹੋਇਆ।


Related News