ਅਡਾਨੀ ਨੂੰ ਰਾਹਤ! ਟਰੰਪ ਨੇ ਵਿਦੇਸ਼ੀ ਰਿਸ਼ਵਤਖੋਰੀ ਕਾਨੂੰਨ ਨੂੰ ਲਾਗੂ ਕਰਨ ’ਤੇ ਲਾਈ ਰੋਕ
Wednesday, Feb 12, 2025 - 01:11 PM (IST)
![ਅਡਾਨੀ ਨੂੰ ਰਾਹਤ! ਟਰੰਪ ਨੇ ਵਿਦੇਸ਼ੀ ਰਿਸ਼ਵਤਖੋਰੀ ਕਾਨੂੰਨ ਨੂੰ ਲਾਗੂ ਕਰਨ ’ਤੇ ਲਾਈ ਰੋਕ](https://static.jagbani.com/multimedia/2025_2image_13_11_069069970adani.jpg)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਕਾਰਜਕਾਰੀ ਹੁਕਮ ’ਤੇ ਦਸਤਖਤ ਕੀਤੇ ਹਨ, ਜਿਸ ’ਚ ਨਿਆਂ ਮੰਤਰਾਲੇ ਨੂੰ ਲੱਗਭਗ ਅੱਧੀ ਸਦੀ ਪੁਰਾਣੇ ਕਾਨੂੰਨ ’ਤੇ ਰੋਕ ਲਾਉਣ ਤੇ ਉਸ ਦੀ ਸਮੀਖਿਆ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਡਾਣੀ ਸਮੂਹ ਖਿਲਾਫ ਰਿਸ਼ਵਤਖੋਰੀ ਦੀ ਜਾਂਚ ਇਸੇ ਕਾਨੂੰਨ ਤਹਿਤ ਸ਼ੁਰੂ ਕੀਤੀ ਗਈ ਸੀ। ਟਰੰਪ ਨੇ 1977 ਦੇ ਵਿਦੇਸ਼ੀ ਭ੍ਰਿਸ਼ਟ ਅਭਿਆਸ ਐਕਟ (ਐੱਫ. ਸੀ. ਪੀ. ਏ.) ਨੂੰ ਲਾਗੂ ਕਰਨ ’ਤੇ ਰੋਕ ਲਾਉਣ ਵਾਲੇ ਇਕ ਹੁਕਮ ’ਤੇ ਦਸਤਖਤ ਕੀਤੇ ਹਨ, ਜੋ ਅਮਰੀਕੀ ਕੰਪਨੀਆਂ ਤੇ ਵਿਦੇਸ਼ੀ ਸੰਸਥਾਵਾਂ ਨੂੰ ਵਪਾਰ ਕਰਨ ਲਈ ਵਿਦੇਸ਼ੀ ਸਰਕਾਰਾਂ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੋਂ ਰੋਕਦਾ ਹੈ।
ਰਾਸ਼ਟਰਪਤੀ ਨੇ ਅਮਰੀਕੀ ਅਟਾਰਨੀ ਜਨਰਲ ਪਾਮੇਲਾ ਬੋਂਡੀ ਨੂੰ FCPA ਨੂੰ ਲਾਗੂ ਕਰਨ ਨੂੰ ਰੋਕਣ ਦਾ ਨਿਰਦੇਸ਼ ਦਿੱਤਾ, ਜਿਸ ਦੇ ਤਹਿਤ ਅਮਰੀਕੀ ਨਿਆਂ ਵਿਭਾਗ ਕੁਝ ਹਾਈ-ਪ੍ਰੋਫਾਈਲ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਇਸ ਤਹਿਤ ਹੀ ਭਾਰਤੀ ਉਦਯੋਗਪਤੀ ਅਤੇ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਪਿਛਲੇ ਸਾਲ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਗਵਾਈ ਵਾਲੇ ਨਿਆਂ ਵਿਭਾਗ ਨੇ ਅਡਾਨੀ 'ਤੇ ਸੂਰਜੀ ਊਰਜਾ ਦੇ ਠੇਕਿਆਂ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਅਮਰੀਕੀ ਡਾਲਰ (ਲਗਭਗ 2,100 ਕਰੋੜ ਰੁਪਏ) ਤੋਂ ਵੱਧ ਦੀ ਰਿਸ਼ਵਤ ਦੇਣ ਦੀ ਯੋਜਨਾ ਦਾ ਕਥਿਤ ਤੌਰ 'ਤੇ ਹਿੱਸਾ ਹੋਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ, ਅਡਾਨੀ ਗਰੁੱਪ ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।