ਸਿਨਸਿਨਾਟੀ ਵਿਖੇ ਕਰਵਾਇਆ ਗਿਆ ਰੀਜਨਲ ''ਸਿੱਖ ਯੂਥ ਸਿਮਪੋਜ਼ੀਅਮ 2023'' (ਤਸਵੀਰਾਂ)

Monday, May 29, 2023 - 01:05 PM (IST)

ਸਿਨਸਿਨਾਟੀ ਵਿਖੇ ਕਰਵਾਇਆ ਗਿਆ ਰੀਜਨਲ ''ਸਿੱਖ ਯੂਥ ਸਿਮਪੋਜ਼ੀਅਮ 2023'' (ਤਸਵੀਰਾਂ)

ਸਿਨਸਿਨਾਟੀ, ਓਹਾਇੳ (ਰਾਜ ਗੋਗਨਾ)- ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵੱਲੋਂ ਕਰਵਾਏ ਜਾਂਦੇ ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2023 ਸੰਬੰਧੀ ਖੇਤਰੀ (ਰੀਜਨਲ) ਪੱਧਰ ਦੇ ਭਾਸ਼ਣ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਕਰਵਾਏ ਗਏ। ਓਹਾਇਓ ਅਤੇ ਪੈਨਸਿਲਵੇਨੀਆ ਸੂਬੇ ਦੇ ਇਸ ਰੀਜਨਲ ਸਿਮਪੋਜ਼ੀਅਮ ਵਿੱਚ ਸਿਨਸਿਨਾਟੀ, ਕਲੀਵਲੈਂਡ ਅਤੇ ਪਿਟਸਬਰਗ ਸ਼ਹਿਰਾਂ ਦੇ 6 ਤੋਂ 23 ਸਾਲ ਤੱਕ ਦੇ 26 ਬੱਚਿਆਂ ਨੇ ਭਾਗ ਲਿਆ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਇਹਨਾਂ ਤਿੰਨਾ ਸ਼ਹਿਰਾਂ ਦੇ ਸਥਾਨਕ ਪੱਧਰ ਦੇ ਸਿਮਪੋਜ਼ੀਅਮ ਮੁਕਾਬਲੇ ਕਰਵਾਏ ਗਏ ਸਨ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿਮਪੋਜ਼ੀਅਮ ਲਈ ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਸਥਾਨਕ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅਪ੍ਰੈਲ ਦੇ ਮਹੀਨੇ ਵਿੱਚ ਤਿੰਨਾ ਸ਼ਹਿਰਾਂ ਦੇ ਸਥਾਨਕ ਪੱਧਰ ‘ਤੇ ਹੋਏ ਸਿਮਪੋਜ਼ੀਅਮ ਦੇ ਜੇਤੂ ਬੱਚੇ ਰੀਜਨਲ ਸਿਮਪੋਜ਼ੀਅਮ ਵਿੱਚ ਭਾਗ ਲੈਂਦੇ ਹਨ।

PunjabKesari

PunjabKesari

ਗੁਮਟਾਲਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ ਪਹਿਲਾਂ ਜਨਵਰੀ ਦੇ ਮਹੀਨੇ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਭਾਗ ਲੈਣ ਵਾਲਿਆਂ ਨੇ ਉਸ ਦੇ ਵਿਚੋਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ “ਬੇਸਿਕ ਨੋਲੇਜ ਆਫ ਸਿੱਖਇਜ਼ਮ”, ਦੂਜੇ ਨੂੰ “ਸਿੱਖ ਸਾਖੀਜ਼ ਫਾਰ ਯੂਥ”, ਤੀਜੇ ਨੂੰ “ਦੀ ਟਰਬਨ”, ਅਤੇ ਚੌਥੇ ਨੂੰ “ਗੁਰੂ ਗ੍ਰੰਥ ਸਾਹਿਬ – ਸੁਪਰੀਮ ਟਰੇਜ਼ਰ” ਕਿਤਾਬ ਦਿੱਤੀ ਗਈ, ਜਿਸ ਵਿੱਚੋਂ ਉਹਨਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਵਿੱਚ ਭਾਸਣ ਦਿੱਤੇ। ਗਰੁਪ 5 ਨੂੰ “ਸਿੱਖ ਜੀਵਨ ਜਾਚ/ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ” ਦਾ ਵਿਸ਼ਾ ਦਿੱਤਾ ਗਿਆ ਸੀ।

PunjabKesari

ਇਸ ਸਾਲ ਸਿਨਸਿਨਾਟੀ ਤੋਂ 11, ਕਲੀਵਲੈਂਡ ਤੋਂ 10 ਅਤੇ ਪਿਟਸਬਰਗ ਤੋਂ 6 ਨੌਜਵਾਨਾਂ ਨੇ ਰੀਜਨਲ ਲਈ ਭਾਗ ਲਿੱਤਾ। ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋੲੀ। ਬੱਚਿਆਂ ਨੇ ਭਾਸ਼ਣ ਤਿਆਰ ਕਰਨ ਲਈ ਬਹੁਤ ਮਿਹਨਤ ਕੀਤੀ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਵਿੱਚ ਟਰੋਫੀਆਂ ਦਿੱਤੀਆਂ ਗਈਆਂ। ਪੰਜਾਬੀ ਵਿੱਚ ਭਾਸ਼ਣ ਦੇਣ ਵਾਲੇ ਬੱਚਿਆਂ ਨੂੰ ਵੱਖਰਾ ਵਿਸ਼ੇਸ਼ ਅਵਾਰਡ ਵੀ ਦਿੱਤਾ ਗਿਆ। ਗਰੁੱਪ 1 ਵਿੱਚ ਜਸਦੀਪ ਸਿੰਘ, ਗਰੁੱਪ 2 ਵਿੱਚ ਤ੍ਰਿਸ਼ਾ ਕੌਰ, ਗਰੁੱਪ 3 ਵਿੱਚ ਬਰਨਤ ਕੌਰ, ਗਰੁੱਪ 4 ਵਿੱਚ ਮਾਨਿਤ ਸਿੰਘ ਅਤੇ ਗਰੁੱਪ 5 ਵਿੱਚ ਹਰਜੋਤ ਕੌਰ ਪਹਿਲੇ ਸਥਾਨ ‘ਤੇ ਆਏ। ਇਹ ਜੇਤੂ ਬੱਚੇ 3 ਤੋਂ 6 ਅਗਸਤ, 2023 ਵਿੱਚ ਸ਼ਾਰਲੈਟ, ਨਾਰਥ ਕੈਰੋਲਾਈਨਾ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਸਿਮਪੋਜ਼ੀਅਮ ਵਿੱਚ ਭਾਗ ਲੈਣਗੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਯੂਨੀਵਰਸਿਟੀਆਂ ਦਾ ਯੂ-ਟਰਨ, ਪੰਜਾਬੀ ਵਿਦਿਆਰਥੀਆਂ ਲਈ ਆਈ ਚੰਗੀ ਖ਼ਬਰ

ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਅਨੁਸਾਰ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਂਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿਚ ਜਾਂਦੇ ਹਨ। ਉਹਨਾਂ ਕਿਹਾ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਅਤੇ ਬੋਲਣ ਦਾ ਵੀ ਪਤਾ ਲੱਗਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News