ਇਸ ਕਾਰਣ ਵੀ 50-60 ਸਾਲ ਦੀ ਉਮਰ ''ਚ ਵਧ ਜਾਂਦੈ ਦਿਲ ਦੇ ਰੋਗ ਦਾ ਖਤਰਾ

04/29/2020 11:01:24 PM

ਵਾਸ਼ਿੰਗਟਨ- ਜੇਕਰ ਤੁਹਾਡੇ ਨਾਲ ਬਚਪਨ ਵਿਚ ਕੋਈ ਸਦਮੇ ਵਾਲੀ ਘਟਨਾ ਵਾਪਰੀ ਹੋਵੇ, ਤੁਹਾਡੀ ਨਜ਼ਰਅੰਦਾਜ਼ੀ ਜਾਂ ਦੁਰਵਿਵਹਾਰ ਹੋਇਆ ਹੋਵੇ ਤਾਂ 50-60 ਸਾਲ ਦੀ ਉਮਰ ਵਿਚ ਦਿਲ ਸਬੰਧੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਇਹ ਗੱਲ ਇਕ ਨਵੇਂ ਅਧਿਐਨ ਵਿਚ ਸਾਹਮਣੇ ਆਈ ਹੈ। ਨਾਰਥਵੈਸਟਰਨ ਮੈਡੀਸਿਨ ਦੇ ਅਧਿਐਨ ਦੇ ਨਤੀਜਿਆਂ ਵਿਚ ਦੱਸਿਆ ਗਿਆ ਹੈ ਕਿ ਜਿਹਨਾਂ ਲੋਕਾਂ ਦਾ ਬਚਪਨ ਪਰਿਵਾਰਕ ਤਣਾਅ ਵਿਚ ਲੰਘਦਾ ਹੈ, ਉਹਨਾਂ ਵਿਚ ਦਿਲ ਸਬੰਧੀ ਰੋਗ ਜਿਵੇਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਆਮ ਲੋਕਾਂ ਨਾਲੋਂ 50 ਫੀਸਦੀ ਵਧੇਰੇ ਹੁੰਦੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਹ ਹਾਲਤ 30 ਸਾਲ ਦੀ ਉਮਰ ਤੋਂ ਬਾਅਦ ਬਣਨ ਲੱਗਦੀ ਹੈ। ਇਸ ਲਈ ਅਧਿਐਨ ਵਿਚ ਅਜਿਹੇ ਲੋਕਾਂ ਨੂੰ ਲਗਾਤਾਰ ਡਾਕਟਰ ਦੇ ਸੰਪਰਕ ਵਿਚ ਰਹਿਣ ਲਈ ਕਿਹਾ ਗਿਆ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਜਨਰਲ ਵਿਚ ਪ੍ਰਕਾਸ਼ਿਤ ਇਸ ਅਧਿਐਨ ਦੇ ਤਹਿਤ 3,600 ਤੋਂ ਵਧੇਰੇ ਲੋਕਾਂ ਦੀ ਜਾਂਚ ਕੀਤੀ ਗਈ ਸੀ।

ਅਧਿਐਨ ਵਿਚ ਕਿਹਾ ਗਿਆ ਹੈ ਕਿ ਜਿਹਨਾਂ ਬੱਚਿਆਂ ਨੂੰ ਜ਼ਿੰਦਗੀ ਵਿਚ ਅਨੁਕੂਲ ਮਾਹੌਲ ਨਹੀਂ ਮਿਲਦਾ ਉਹ ਸਾਰੀ ਉਮਰ ਤਣਾਅ ਵਿਚ ਰਹਿੰਦੇ ਹਨ। ਇਸ ਕਾਰਣ ਉਹ ਸਿਗਰਟਨੋਸ਼ੀ ਦੇ ਆਦੀ ਹੋ ਜਾਂਦੇ ਹਨ ਤੇ ਚਿੰਤਾ ਤੇ ਡਿਪ੍ਰੈਸ਼ਨ ਨਾਲ ਗ੍ਰਸਤ ਹੋ ਜਾਂਦੇ ਹਨ। ਅਜਿਹੇ ਵਿਚ ਉਹਨਾਂ ਦੀ ਜੀਵਨਸ਼ੈਲੀ ਬਦਲ ਜਾਂਦੀ ਹੈ, ਜਿਸ ਨਾਲ ਉਹਨਾਂ ਦਾ ਬਾਡੀ ਮਾਸ ਇੰਡੈਕਸ ਵਧ ਜਾਂਦਾ ਹੈ। ਇਹ ਬੱਚੇ ਅੱਗੇ ਚੱਲ ਕੇ ਡਾਈਬਟੀਜ਼, ਹਾਈ ਬਲੱਡ ਪ੍ਰੈਸ਼ਰ, ਨਸਾਂ ਦੀ ਤਕਲੀਫ ਤੇ ਸੋਜ ਦੀ ਸਮੱਸਿਆ ਨਾਲ ਗ੍ਰਸਤ ਹੋ ਜਾਂਦੇ ਹਨ।

ਅਧਿਐਨ ਦੇ ਪ੍ਰਮੁੱਖ ਲੇਖਕ ਤੇ ਨਾਰਥਵੈਸਟਰਨ ਯੂਨੀਵਰਸਿਟੀ ਫਿਨਬਰਗ ਸਕੂਲ ਆਫ ਮੈਡੀਸਿਨ ਵਿਚ ਚੌਥੇ ਸਾਲ ਦੇ ਮੈਡੀਕਲ ਵਿਦਿਆਰਥੀ ਜੈਕਬ ਪੀਅਰਸ ਨੇ ਕਿਹਾ ਕਿ ਬਾਲਗਾਂ ਵਿਚ ਜੋਖਿਮ ਜ਼ਿਆਦਾ ਵਧ ਜਾਂਦਾ ਹੈ ਕਿਉਂਕਿ ਉਹ ਭੋਜਨ ਨੂੰ ਸਹੀ ਤਰ੍ਹਾਂ ਪਚਾ ਨਹੀਂ ਪਾਉਂਦੇ। ਇਸ ਨਾਲ ਉਹਨਾਂ ਦਾ ਭਾਰ ਵੀ ਵਧ ਜਾਂਦਾ ਹੈ ਤੇ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ। ਪੀਅਰਸ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਵਧੇਰੇ ਸਿਗਰਟਨੋਸ਼ੀ ਵੀ ਕਰਨ ਲੱਗ ਜਾਂਦੇ ਹਨ, ਜਿਸ ਨਾਲ ਦਿਲ ਸਬੰਧੀ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

ਪੀਅਰਸ ਨੇ ਕਿਹਾ ਕਿ ਬਚਪਨ ਵਿਚ ਇਹਨਾਂ ਸਮੱਸਿਆਵਾਂ ਨਾਲ ਗ੍ਰਸਤ ਬਾਲਗਾਂ ਨੂੰ ਅਧਿਐਨ ਦੌਰਾਨ ਇਹਨਾਂ ਜੋਖਿਮਾਂ ਬਾਰੇ ਦੱਸਿਆ ਗਿਆ। ਉਹਨਾਂ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂਕਿ ਉਹ ਤਣਾਅ ਤੋਂ ਨਿਪਟਣ ਤੇ ਸਿਗਰਟਨੋਸ਼ੀ ਤੇ ਮੋਟਾਪੇ ਨੂੰ ਕੰਟਰੋਲ ਕਰਨ ਦੇ ਲਈ ਅੱਗੇ ਆ ਸਕਣ। ਹਾਲਾਂਕਿ ਪੀਅਰਸ ਦਾ ਮੰਨਣਾ ਹੈ ਕਿ ਇਸ ਦੇ ਲਈ ਵਧੇਰੇ ਖੋਜ ਦੀ ਲੋੜ ਹੈ। 

ਸਰੀਰ ਤੇ ਮਨ 'ਤੇ ਪੈਂਦਾ ਹੈ ਸਥਾਈ ਅਸਰ
ਫਿਨਬਰਗ ਵਿਚ ਮੈਡੀਸਿਨ ਵਿਭਾਗ ਦੇ ਇਕ ਪ੍ਰੋਫੈਸਰ ਨੇ ਕਿਹਾ ਕਿ ਬਚਪਨ ਦੇ ਤਜ਼ਰਬਿਆਂ ਦਾ ਬਾਲਗਾਂ ਦੇ ਮਨ ਤੇ ਸਰੀਰ 'ਤੇ ਸਥਾਈ ਪ੍ਰਭਾਵ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਅਮਰੀਕੀ ਬੱਚਿਆਂ ਨੂੰ ਦੁਰਵਿਵਹਾਰ ਤੇ ਪਰਿਵਾਰਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਹਨਾਂ ਦੀ ਪੂਰੀ ਜ਼ਿੰਦਗੀ ਵਿਚ ਸਿਹਤ ਤੇ ਸਮਾਜਿਕ ਕੰਮਕਾਜ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਿਤ ਕਰਦਾ ਹੈ।


Baljit Singh

Content Editor

Related News