ਮਹਿਲਾ ਜੱਜ ਖ਼ਿਲਾਫ਼ ਵਿਵਾਦਤ ਟਿੱਪਣੀ ਲਈ ਮੁਆਫੀ ਮੰਗਣ ਲਈ ਤਿਆਰ ਹਾਂ : ਇਮਰਾਨ ਖਾਨ

09/22/2022 5:39:14 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੀਰਵਾਰ ਨੂੰ ਇਸਲਾਮਾਬਾਦ ਹਾਈਕੋਰਟ ਵਿਚ ਪੇਸ਼ ਹੋਏ ਅਤੇ ਇਕ ਮਹਿਲਾ ਜੱਜ ਖਿਲਾਫ ਆਪਣੀ ਵਿਵਾਦਿਤ ਟਿੱਪਣੀ ਲਈ ਮੁਆਫੀ ਮੰਗਣ ਦੀ ਇੱਛਾ ਜ਼ਾਹਰ ਕੀਤੀ। ਖਾਨ ਵੱਲੋਂ ਆਪਣੀ ਵਿਵਾਦਪੂਰਨ ਟਿੱਪਣੀ ਲਈ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜ਼ੇਬਾ ਚੌਧਰੀ ਤੋਂ ਮੁਆਫ਼ੀ ਮੰਗਣ ਦੀ ਇੱਛਾ ਪ੍ਰਗਟ ਕਰਨ ਤੋਂ ਬਾਅਦ, ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਵਿਰੁੱਧ ਮਾਣਹਾਨੀ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ। ਅਦਾਲਤ 69 ਸਾਲਾ ਖਾਨ ਨੂੰ ਅਧਿਕਾਰਤ ਤੌਰ 'ਤੇ ਮਹਿਲਾ ਜੱਜ ਦੇ ਖਿਲਾਫ ਵਿਵਾਦਿਤ ਟਿੱਪਣੀ ਕਰਨ ਲਈ ਮਾਣਹਾਨੀ ਦੀ ਕਾਰਵਾਈ 'ਚ ਦੋਸ਼ੀ ਠਹਿਰਾ ਸਕਦੀ ਸੀ। 20 ਅਗਸਤ ਨੂੰ ਰਾਜਧਾਨੀ ਵਿੱਚ ਇੱਕ ਰੈਲੀ ਦੌਰਾਨ ਖਾਨ ਨੇ ਆਪਣੇ ਸਹਿਯੋਗੀ ਸ਼ਾਹਬਾਜ਼ ਗਿੱਲ ਨਾਲ ਦੁਰਵਿਵਹਾਰ ਨੂੰ ਲੈ ਕੇ ਉੱਚ ਪੁਲਸ ਅਧਿਕਾਰੀਆਂ, ਚੋਣ ਕਮਿਸ਼ਨ ਅਤੇ ਸਿਆਸੀ ਵਿਰੋਧੀਆਂ ਵਿਰੁੱਧ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਸੀ।

ਗਿੱਲ ਨੂੰ ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਜੱਜ ਜ਼ੇਬਾ ਚੌਧਰੀ ਦੇ ਉਸ ਫੈਸਲੇ 'ਤੇ ਇਤਰਾਜ਼ ਜਤਾਇਆ, ਜਿਸ 'ਚ ਉਨ੍ਹਾਂ ਨੇ ਗਿੱਲ ਨੂੰ ਦੋ ਦਿਨ ਦੀ ਹਿਰਾਸਤ ਵਿਚ ਭੇਜਣ ਦੀ ਪੁਲਸ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਭਾਸ਼ਣ ਦੇ ਕੁਝ ਘੰਟਿਆਂ ਬਾਅਦ, ਖਾਨ 'ਤੇ ਆਪਣੀ ਰੈਲੀ ਵਿਚ ਪੁਲਸ, ਨਿਆਂਪਾਲਿਕਾ ਅਤੇ ਰਾਜ ਦੀਆਂ ਹੋਰ ਸੰਸਥਾਵਾਂ ਨੂੰ ਧਮਕਾਉਣ ਦੇ ਦੋਸ਼ ਵਿਚ ਅੱਤਵਾਦ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਸਟਿਸ ਆਮਿਰ ਫਾਰੂਕ ਨੇ ਗਿੱਲ ਦੇ ਪੁਲਸ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਖਾਨ ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਹਾਈ ਕੋਰਟ ਨੇ ਖਾਨ ਨੂੰ ਅਦਾਲਤ ਨੂੰ ਸੰਤੁਸ਼ਟ ਕਰਨ ਲਈ ਦੋ ਵਾਰ ਲਿਖਤੀ ਜਵਾਬ ਦੇਣ ਦਾ ਮੌਕਾ ਦਿੱਤਾ ਸੀ ਪਰ ਉਹ ਅਦਾਲਤ ਨੂੰ ਸੰਤੁਸ਼ਟ ਕਰਨ ਵਿੱਚ ਅਸਫ਼ਲ ਰਹੇ। ਇਸ ਤੋਂ ਬਾਅਦ ਹਾਈ ਕੋਰਟ ਨੇ ਉਨ੍ਹਾਂ 'ਤੇ ਦੋਸ਼ ਤੈਅ ਕਰਨ ਦਾ ਐਲਾਨ ਕੀਤਾ ਸੀ।
 


cherry

Content Editor

Related News