ਰਾਵਤ ਦਾ ਬਿਆਨ ਗੈਰ-ਜ਼ਿੰਮੇਵਾਰਾਨਾ ਅਤੇ ਭੜਕਾਊ : ਪਾਕਿ

01/20/2018 12:01:52 AM

ਇਸਲਾਮਾਬਾਦ— ਚੋਰੀ ਅਤੇ ਉਸ 'ਤੇ ਸੀਨਾਜ਼ੋਰੀ ਵਾਲਾ ਕਥਨ ਪਾਕਿਸਤਾਨ 'ਤੇ ਸਟੀਕ ਬੈਠਦਾ ਹੈ। ਸਰਹੱਦ ਪਾਰੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕਰਨ ਵਾਲਾ ਪਾਕਿਸਤਾਨ ਹੁਣ ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਦੇ ਬਿਆਨ ਨਾਲ ਬੌਖਲਾ ਗਿਆ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਦਾ ਟਕਰਾ ਵਾਲਾ ਰੁਖ 'ਰਣਨੀਤਿਕ ਤੌਰ 'ਤੇ ਗਲਤ ਮੁਲਾਂਕਣ' ਸਾਬਿਤ ਹੋ ਸਕਦਾ ਹੈ ਅਤੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਘਟੀਆ ਹਰਕਤ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਦਰਅਸਲ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ 12 ਜਨਵਰੀ ਨੂੰ ਕਿਹਾ ਸੀ ਕਿ ਜੇਕਰ ਸਰਕਾਰ ਕਹੇ ਤਾਂ ਫੌਜ ਪਾਕਿਸਤਾਨ ਦੇ ਪ੍ਰਮਾਣੂ ਝਾਂਸਿਆਂ ਨੂੰ ਟਿਚ ਜਾਣਨ ਅਤੇ ਕਿਸੇ ਵੀ ਮੁਹਿੰਮ ਲਈ ਸਰਹੱਦ ਪਾਰ ਕਰਨ ਲਈ ਤਿਆਰ ਹੈ। ਇਸ 'ਤੇ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ, ''ਭਾਰਤੀ ਫੌਜ ਮੁਖੀ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਅਤੇ ਭੜਕਾਊ ਬਿਆਨ ਅਫਸੋਸਨਾਕ ਹਨ ਅਤੇ ਇਹ ਭਾਰਤ ਦੇ ਜੰਗ ਪ੍ਰੇਮੀ ਰੁਖ ਨੂੰ ਦਰਸਾਉਂਦੇ ਹਨ, ਜਿਸ ਨਾਲ ਪਹਿਲਾਂ ਤੋਂ ਹੀ ਦੂਸ਼ਿਤ ਮਾਹੌਲ ਹੋਰ ਖਰਾਬ ਹੋ ਸਕਦਾ ਹੈ।'' ਉਨ੍ਹਾਂ ਕਿਹਾ ਕਿ ਹਾਲਾਤ ਖਰਾਬ ਕਰਨ ਦਾ ਪਾਕਿਸਤਾਨ ਦਾ ਕੋਈ ਇਰਾਦਾ ਨਹੀਂ, ਸਗੋਂ ਭਾਰਤ ਦਾ ਟਕਰਾਅ ਵਾਲਾ ਰੁਖ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਹੈ।


Related News