ਲੰਡਨ ''ਚ ਕਰੋੜਾਂ ''ਚ ਨੀਲਾਮ ਹੋਵੇਗਾ ਮੁਹੰਮਦ ਗੌਰੀ ਦੇ ਸਮੇਂ ਦਾ ਇਹ ਸਿੱਕਾ

10/07/2020 12:55:04 PM

ਲੰਡਨ- ਲੰਡਨ ਵਿਚ 22 ਅਕਤੂਬਰ ਨੂੰ ਇਕ ਸੋਨੇ ਦਾ ਸਿੱਕਾ ਨੀਲਾਮ ਹੋਣ ਜਾ ਰਿਹਾ ਹੈ, ਇਹ ਸਿੱਕਾ 2 ਲੱਖ ਤੋਂ 3 ਲੱਖ ਪੌਂਡ ਵਿਚਕਾਰ ਨੀਲਾਮ ਹੋ ਸਕਦਾ ਹੈ, ਜਿਸ ਦੀ ਭਾਰਤ ਵਿਚ ਕੀਮਤ 2-3 ਕਰੋੜਾਂ ਵਿਚ ਬਣਦੀ ਹੈ।  ਇਹ ਸਿੱਕਾ 1205 ਏ. ਡੀ. ਦੇ ਨੇੜਲੇ ਸਮੇਂ ਦਾ ਹੈ। ਭਾਰਤ ਵਿਚ ਮੁਸਲਿਮ ਸਾਮਰਾਜ ਦੀ ਨੀਂਹ ਰੱਖਣ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਮੁਹੰਮਦ ਗੌਰੀ ਨਾਲ ਇਸ ਸਿੱਕੇ ਦਾ ਸਬੰਧ ਹੈ। 

ਸਿੱਕਾ ਲਗਭਗ 46 ਮਿਲੀਮੀਟਰ (ਡੇਢ ਇੰਚ ਤੋਂ ਵੱਧ) ਦਾ ਹੈ। ਇਸ ਦਾ ਭਾਰ 45 ਗ੍ਰਾਮ ਹੈ ਅਤੇ ਇਹ ਸ਼ੁੱਧ ਸੋਨੇ ਦਾ ਹੈ। ਇਸ ਸਿੱਕੇ 'ਤੇ ਤੱਥ ਇਹ ਹੈ ਕਿ ਉਸ ਦੌਰ ਦੇ ਸ਼ਾਨਦਾਰ ਸਿੱਕਿਆਂ ਵਿਚੋਂ ਇਹ ਇਕਲੌਤਾ ਸਿੱਕਾ ਹੈ। ਇਸੇ ਕਾਰਨ ਇਹ ਬੇਸ਼ਕੀਮਤੀ ਹੋ ਜਾਂਦਾ ਹੈ। ਮੁਈਜ਼ੁਦੀਨ ਮੁਹੰਮਦ ਗੌਰੀ ਦਾ ਜਨਮ ਅਫਗਾਨਿਸਤਾਨ ਵਿਚ ਹੋਇਆ ਸੀ, ਉਸ ਨੇ ਆਪਣੇ ਭਰਾ ਗਿਆਸੁਦੀਨ ਨਾਲ ਮਿਲ ਕੇ ਪੂਰਬ ਵਿਚ ਉੱਤਰੀ ਭਾਰਤ ਤੋਂ ਲੈ ਕੇ ਪੱਛਮ ਵਿਚ ਕੈਸੀਪਿਅਨ ਸਮੁੰਦਰ ਦੇ ਕਿਨਾਰੇ ਤੱਕ ਵੱਡਾ ਸਮਰਾਜ ਖੜ੍ਹਾ ਕੀਤਾ ਸੀ। ਭਾਰਤ ਵਿਚ ਇਸਲਾਮ ਨੂੰ ਫੈਲਾਉਣ ਵਿਚ ਮੁਹੰਮਦ ਗੌਰੀ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਸੁਲਤਾਨ ਨੇ ਕਈ ਮੰਦਰਾਂ ਦੀ ਥਾਂ ਮਸਜਿਦਾਂ ਦਾ ਨਿਰਮਾਣ ਕਰਵਾਇਆ ਸੀ। 

ਨੀਲਾਮੀ ਕਰਨ ਵਾਲੀ ਸੰਸਥਾ ਮਾਰਟਿਨ ਐਂਡ ਈਡਨ ਦੇ ਸਟੀਫਨ ਲਾਇਡ ਨੇ ਸਿੱਕੇ ਦੇ ਮਹੱਤਵ ਨੂੰ ਦੱਸਦੇ ਹੋਏ ਕਿਹਾ ਕਿ ਇਹ ਵਿਲੱਖਣ, ਵੱਡਾ ਸੋਨੇ ਦਾ ਸਿੱਕਾ ਇਸਲਾਮੀ ਦੁਨੀਆ ਤੇ ਭਾਰਤ ਲਈ ਇਤਿਹਾਸਕ ਮਹੱਤਵ ਰੱਖਣ ਵਾਲਾ ਹੈ।
 


Lalita Mam

Content Editor

Related News