ਬਲਾਤਕਾਰ ਦੇ ਦੋਸ਼ੀ ਨੂੰ ਸ਼ਰੇਆਮ ਪਏ 146 ਕੋਹੜੇ, ਰੋਇਆ ਪਰ ਰਹਿਮ ਨਹੀਂ
Saturday, Nov 28, 2020 - 02:19 AM (IST)
ਜਕਾਰਤਾ - ਇੰਡੋਨੇਸ਼ੀਆ ਵਿਚ ਇਕ ਬੱਚੇ ਨਾਲ ਬਲਾਤਕਾਰ ਦੇ ਦੋਸ਼ੀ 19 ਸਾਲ ਦੇ ਵਿਅਕਤੀ ਨੂੰ ਆਮ ਲੋਕਾਂ ਸਾਹਮਣੇ 146 ਬਾਰ ਕੌੜੇ ਮਾਰੇ ਗਏ। ਇਸ ਦੌਰਾਨ ਉਹ ਰੋਂਦਾ-ਚੀਕਦਾ ਰਿਹਾ ਅਤੇ ਡਾਕਟਰਾਂ ਨੇ ਉਸ ਦਾ ਇਲਾਜ ਵੀ ਕੀਤਾ। ਇਸ ਤੋਂ ਬਾਅਦ ਇਕ ਵਾਰ ਫਿਰ ਉਸ ਨੂੰ ਕੌੜੇ ਮਾਰੇ ਜਾਣ ਲੱਗੇ। ਵਿਅਕਤੀ ਨੂੰ ਪਿਛਲੇ ਸਾਲ ਇਕ ਬੱਚੇ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਦਰਦ ਵਿਚ ਚੀਕਦਾ ਰਿਹਾ
ਇਥੇ ਇਸਲਾਮਕ ਕਾਨੂੰਨਾਂ ਦੇ ਉਲੰਘਣ ਵਿਚ ਜਨਤਕ ਤੌਰ 'ਤੇ ਕੌੜੇ ਮਾਰੇ ਜਾਣਾ ਆਮ ਸਜ਼ਾ ਹੈ ਅਤੇ ਮਾਸਕ ਪਾਈ ਇਕ ਸ਼ਰੀਆ ਅਧਿਕਾਰੀ ਨੇ ਉਸ ਨੂੰ ਇਹ ਸਜ਼ਾ ਦਿੱਤੀ। ਇਸ ਵਿਅਕਤੀ ਨੂੰ ਸਾਰਿਆਂ ਸਾਹਮਣੇ ਕੌੜੇ ਮਾਰੇ ਗਏ ਅਤੇ ਉਹ ਦਰਦ ਵਿਚ ਚੀਕਦਾ ਰਿਹਾ ਅਤੇ ਬੇਹੋਸ਼ ਵੀ ਹੋ ਗਿਆ ਪਰ ਉਸ ਦੀ ਸਜ਼ਾ ਪੂਰੀ ਕੀਤੀ ਗਈ। ਈਸਟ ਅਸੇਹ ਵਿਚ ਸਭ ਤੋਂ ਗੰਭੀਰ ਅਪਰਾਧਾਂ ਲਈ ਇੰਨੇ ਜ਼ਿਆਦਾ ਕੌੜੇ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਹੈ।
ਇਸ ਲਈ ਦਿੱਤੀ ਜਾਂਦੀ ਹੈ ਸਜ਼ਾ
ਅਸੇਹ ਦਫਤਰ ਦੇ ਅਧਿਕਾਰੀ ਇਵਾਨ ਨਨਜਰ ਅਲਾਵੀ ਨੇ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਸਜ਼ਾ ਇਸ ਲਈ ਦਿੱਤੀ ਜਾਂਦੀ ਹੈ ਤਾਂ ਜੋ ਦੂਜਿਆਂ ਨੂੰ ਅਜਿਹਾ ਅਪਰਾਧ ਕਰਨ ਤੋਂ ਪਹਿਲਾਂ ਡਰ ਲੱਗੇ। ਇਹ ਇਕੱਲਾ ਅਜਿਹਾ ਇਲਾਕਾ ਹੈ ਜਿਥੇ ਆਟੋਨਾਮੀ ਦੇ ਤਹਿਤ ਇਸਲਾਮਕ ਕਾਨੂੰਨ ਦਾ ਪਾਲਣ ਕੀਤਾ ਜਾਂਦਾ ਹੈ। ਉਥੇ, ਵੀਰਵਾਰ ਨੂੰ 2 ਲੋਕਾਂ ਨੂੰ ਆਪਣੀ ਉਮਰ ਤੋਂ ਘੱਟ ਦੇ ਪਾਰਟਨਰਸ ਨਾਲ ਸੈਕਸ ਕਰਨ ਲਈ 100 ਕੌੜੇ ਮਾਰੇ ਗਏ ਸਨ।
ਇਨ੍ਹਾਂ ਅਪਰਾਧਾਂ ਲਈ ਸਜ਼ਾ
ਅਸੇਹ ਵਿਚ ਦਿੱਤੀ ਜਾਣ ਵਾਲੀ ਇਸ ਸਜ਼ਾ ਦੀ ਮਨੁੱਖੀ ਅਧਿਕਾਰ ਸੰਗਠਨ ਨਿੰਦਾ ਕਰਦੇ ਹਨ। ਹਾਲਾਂਕਿ, ਇਸ ਨੂੰ ਦੇਖਣ ਜ਼ਿਆਦਾ ਗਿਣਤੀ ਵਿਚ ਲੋਕ ਆਉਂਦੇ ਹਨ ਪਰ ਕੋਰੋਨਾਵਾਇਰਸ ਮਹਾਮਾਰੀ ਕਾਰਣ ਇਸ ਵਿਚ ਕਮੀ ਦੇਖੀ ਗਈ ਹੈ। ਇਥੇ ਜੂਏ, ਧੋਖਾਦੇਹੀ, ਸ਼ਰਾਬ ਪੀਣ, ਸਮਲਿੰਗੀ ਜਾਂ ਵਿਆਹ ਤੋਂ ਪਹਿਲਾਂ ਸਬੰਧ ਬਣਾਉਣ 'ਤੇ ਕੌੜੇ ਮਾਰੇ ਜਾਂਦੇ ਹਨ।