ਰਣਜੀਤ ਸਿੰਘ ਵੀਰ ਦਾ ਨਵਾਂ ਗੀਤ "ਬ੍ਰਿਟਿਸ਼ ਪੰਜਾਬੀ" ਲੋਕ ਅਰਪਣ

Wednesday, Jul 05, 2023 - 05:01 PM (IST)

ਵੈਸਟ ਬਰਾਮਿਚ/ ਵੁਲਵਰਹੈਂਪਟਨ (ਮਨਦੀਪ ਖੁਰਮੀ ਹਿੰਮਤਪੁਰਾ) - ਮਹਿਜ ਕੁਝ ਮਹੀਨੇ ਪਹਿਲਾਂ ਹੀ ਇੱਕ ਬੱਸ ਡਰਾਈਵਰ ਵੱਲੋਂ ਯੂਕੇ ਦੇ ਬੱਸ ਡਰਾਈਵਰਾਂ ਦੀ ਮੁਸ਼ੱਕਤ ਬਾਰੇ ਗੀਤ "ਬੱਸ ਡਰਾਈਵਰ" ਗਾਇਆ ਤਾਂ ਉਸ ਗੀਤ ਦੀ ਧੁੰਮ ਪੂਰੇ ਵਿਸ਼ਵ ਵਿੱਚ ਸੁਣਨ ਨੂੰ ਮਿਲੀ। ਉਸ ਮਾਣਮੱਤੇ, ਬੇਹੱਦ ਨਿਮਰ ਗਾਇਕ ਦਾ ਨਾਂ ਹੈ ਰਣਜੀਤ ਸਿੰਘ ਵੀਰ। ਪੰਜਾਬੀ ਮੀਡੀਆ ਵੱਲੋਂ ਗੀਤ "ਬੱਸ ਡਰਾਈਵਰ" ਨੂੰ ਪਲਕਾਂ 'ਤੇ ਬਿਠਾਉਣਾ ਲਾਜ਼ਮੀ ਸੀ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਅੰਗਰੇਜ਼ੀ ਮੀਡੀਆ ਵੱਲੋਂ ਵੀ ਆਪ ਮੁਹਾਰੇ ਉਸ ਗੀਤ ਨੂੰ ਘਰ-ਘਰ ਪਹੁੰਚਾਉਣ ਵਿੱਚ ਸਾਥ ਦਿੱਤਾ ਗਿਆ। ਅੰਗਰੇਜ਼ੀ ਮੀਡੀਆ ਵੱਲੋਂ ਰਣਜੀਤ ਸਿੰਘ ਵੀਰ ਨੂੰ "ਸਿੰਗਿੰਗ ਬੱਸ ਡਰਾਈਵਰ" (ਗਾਉਂਦਾ ਬੱਸ ਡਰਾਈਵਰ) ਤਖੱਲਸ ਨਾਲ ਐਸਾ ਨਿਵਾਜਿਆ ਕਿ ਉਸਦੀ ਉਡਾਰੀ ਵੈਸਟ ਬਰਾਮਿਚ ਤੋਂ ਵਿਸ਼ਵ ਪੱਧਰੀ ਹੋ ਨਿੱਬੜੀ।

ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕੀਰਤਨੀਏ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਰਣਜੀਤ ਸਿੰਘ ਵੀਰ ਪੇਸ਼ੇ ਵਜੋਂ ਨੈਸ਼ਨਲ ਐਕਸਪ੍ਰੈੱਸ ਵੈਸਟ ਮਿਡਲੈਂਡ ਦੇ ਵੈਸਟ ਬਰਾਮਿਚ ਡਿਪੂ 'ਚ ਬਤੌਰ ਡਰਾਈਵਰ ਕੰਮ ਕਰ ਰਹੇ ਹਨ। ਬੱਸ ਡਰਾਈਵਰ ਗੀਤ ਦੀ ਚਰਚਾ ਤੋਂ ਬਾਅਦ ਉਹਨਾਂ ਦੇ ਅਗਲੇ ਗੀਤ ਦੀ ਵੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਕੌਂਸਲਰ ਪੈਮ ਰੰਧਾਵਾ ਦੇ ਵਿਸ਼ੇਸ਼ ਸਹਿਯੋਗ ਨਾਲ ਰਣਜੀਤ ਸਿੰਘ ਵੀਰ ਦੇ ਨਵੇਂ ਗੀਤ "ਬ੍ਰਿਟਿਸ਼ ਪੰਜਾਬੀ" ਨੂੰ ਲੋਕ ਅਰਪਣ ਕਰਨ ਹਿਤ ਵਿਸ਼ਾਲ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸੈਂਡਵੈਲ ਦੇ ਮੇਅਰ ਕੌਂਸਲਰ ਬਿਲ ਗਵਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਹਨਾਂ ਨੇ ਗੀਤ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਜਿਵੇਂ ਹੀ ਗੀਤ ਦੇ ਬੋਲ ਹਾਲ ਵਿੱਚ ਗੂੰਜੇ, ਆਏ ਹੋਏ ਸਾਰੇ ਮਹਿਮਾਨ ਆਪ ਮੁਹਾਰੇ ਨੱਚ ਉੱਠੇ। ਇਸ ਉਪਰੰਤ ਮੇਅਰ ਬਿਲ ਗਵਨ, ਕੌਂਸਲਰ ਪੈਮ ਰੰਧਾਵਾ, ਡਿਪਟੀ ਲੀਡਰ ਕੌਂਸਲਰ ਸੁਜੈਨ ਹਾਰਟਵੈੱਲ, ਕੌਂਸਲਰ ਜੈਕੀ ਟੇਅਲਰ, ਕੀਥ ਆਲਕੌਕ, ਕੌਂਸਲਰ ਮਿਸ਼ੇਲ ਆਲਕੌਕ, ਵੈਡਨਸਬਰੀ ਸਾਊਥ ਵਾਰਡ ਕੌਂਸਲਰ ਕੁਲਵੰਤ ਸਿੰਘ ਉੱਪਲ, ਕੌਂਸਲਰ ਮੁਹੰਮਦ ਲੋਨ, ਕੌਂਸਲਰ ਡੇਵਿਡ ਫਿਸ਼ਰ, ਅਮਰਿਤਾ ਡੁੰਨ, ਵੈਸਟ ਬਰਾਮਿਚ ਵੈਸਟ ਤੋਂ ਮੈਂਬਰ ਪਾਰਲੀਮੈਂਟ ਸ਼ਾਨ ਬੈਲੇ, ਵੁਲਵਰਹੈਂਪਟਨ ਤੋਂ ਮੈਂਬਰ ਪਾਰਲੀਮੈਂਟ ਜੇਨ ਸਟੈਪਹੈਨਸਨ, ਚੈਨਲ ਸਵਿਮਰ ਤੇ ਕੋਚ ਬਲਜਿੰਦਰ ਸੰਘੇੜਾ, ਸ੍ਰ. ਦਲੇਲ ਸਿੰਘ ਭੰਮਰਾ, ਪੰਜਾਬੀ ਵਿਰਾਸਤ ਯੂ. ਐੱਸ. ਏ. ਦੀ ਤਰਫੋਂ ਬੀਬੀ ਚਰਨਜੀਤ ਕੌਰ, ਪੰਜ ਦਰਿਆ ਯੂਕੇ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਆਦਿ ਨੇ ਸੰਬੋਧਨ ਕਰਦਿਆਂ ਜਿੱਥੇ ਰਣਜੀਤ ਸਿੰਘ ਵੀਰ ਦੀ ਘਾਲਣਾ ਦੀ ਤਾਰੀਫ ਕੀਤੀ, ਉੱਥੇ ਹੀ ਉਹਨਾਂ ਵੱਲੋਂ ਨਿਸ਼ਕਾਮ ਭਾਵਨਾ ਨਾਲ ਗਾਏ ਗੀਤ ਬ੍ਰਿਟਿਸ਼ ਪੰਜਾਬੀ ਲਈ ਸ਼ਾਬਾਸ਼ ਵੀ ਦਿੱਤੀ।

ਇਸ ਸਮਾਗਮ ਦੀ ਖਾਸੀਅਤ ਇਹ ਸੀ ਕਿ ਇਸ ਸਮਾਗਮ ਵਿੱਚ ਵੱਖ-ਵੱਖ ਧਰਮਾਂ, ਫਿਰਕਿਆਂ, ਰੰਗਾਂ ਨਸਲਾਂ ਦੇ ਲੋਕ ਸ਼ਾਮਲ ਹੋਏ। ਇਵੇਂ ਲੱਗਦਾ ਸੀ ਜਿਵੇਂ ਗੀਤ ਦਾ ਲੋਕ ਅਰਪਣ ਸਮਾਗਮ ਨਾ ਹੋ ਕੇ ਕੋਈ ਸਰਬ ਧਰਮ ਇਕੱਤਰਤਾ ਹੋਵੇ। ਇਸ ਗੀਤ ਨੂੰ ਆਰ ਐੱਸ ਵੀ ਰਿਕਾਰਡਜ਼ ਵੱਲੋਂ ਮਿਥੇ ਸਮੇਂ ਚਾਰ ਵਜੇ ਜਿਵੇਂ ਹੀ ਲੋਕ ਕਚਿਹਰੀ 'ਚ ਪੇਸ਼ ਕੀਤਾ ਗਿਆ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਉਪਰੰਤ ਰਣਜੀਤ ਸਿੰਘ ਵੀਰ ਨੇ ਸੰਬੋਧਨ ਦੌਰਾਨ ਦੂਰੋਂ ਨੇੜਿਓਂ ਆਏ ਹਰ ਸਖਸ਼ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬ੍ਰਿਟਿਸ਼ ਪੰਜਾਬੀ ਗੀਤ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਦਾ ਉਲੇਖ ਹੈ। ਬੇਸ਼ੱਕ ਅਸੀਂ ਹੋਰ ਧਰਤੀ ਦੇ ਜੰਮੇ ਜਾਏ ਹਾਂ ਪਰ ਬਰਤਾਨੀਆ ਦੀ ਧਰਤੀ ਨੇ ਸਾਨੂੰ ਆਪਣੇ ਕਲਾਵੇ 'ਚ ਲੈ ਕੇ ਮਾਣ ਬਖਸ਼ਿਆ ਹੈ। ਇਸ ਧਰਤੀ, ਇੱਥੋਂ ਦੇ ਪ੍ਰਬੰਧ ਨੇ ਸਾਡਾ ਹਰ ਸੁਪਨਾ ਸਾਕਾਰ ਕਰਨ ਵਿੱਚ ਮਦਦ ਕੀਤੀ ਹੈ। ਸੋ ਇਸ ਗੀਤ ਰਾਹੀਂ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਬਗੈਰ ਭੇਦਭਾਵ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵਰਨਣ ਸੰਗੀਤ ਦੀ ਮਦਦ ਨਾਲ ਕੀਤਾ ਗਿਆ ਹੈ। ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਿਆਸਤਦਾਨਾਂ ਤੇ ਹੋਰ ਸਖਸ਼ੀਅਤਾਂ ਨੂੰ ਉਹਨਾਂ ਵੱਲੋਂ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤੇ ਗਏ।
 


cherry

Content Editor

Related News