ਇਸ ਦੇਸ਼ ਦਾ ਰਾਸ਼ਟਰਪਤੀ ਬਣਿਆ ਭਾਰਤੀ ਵਿਅਕਤੀ, ਪੀ. ਐੱਮ. ਮੋਦੀ ਨੇ ਦਿੱਤੀ ਵਧਾਈ
Monday, Oct 26, 2020 - 11:16 AM (IST)
ਵਿਕਟੋਰੀਆ- ਭਾਰਤਵੰਸ਼ੀ ਵੈਵੇਲ ਰਾਮਕਲਾਵਨ ਹਿੰਦ ਮਹਾਸਾਗਰ ਦੇ ਟਾਪੂ ਦੇਸ਼ ਸੇਸ਼ੇਲਸ ਦੇ ਰਾਸ਼ਟਰਪਤੀ ਚੁਣੇ ਗਏ ਹਨ। 43 ਸਾਲ ਬਾਅਦ ਵਿਰੋਧੀ ਧਿਰ ਦਾ ਕੋਈ ਨੇਤਾ ਸੇਸ਼ੇਲਸ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਰਾਮਕਲਾਵਨ ਦੀਆਂ ਜੜ੍ਹਾਂ ਬਿਹਾਰ ਨਾਲ ਜੁੜੀਆਂ ਹਨ। ਉਹ ਪਾਦਰੀ ਵੀ ਰਹਿ ਚੁੱਕੇ ਹਨ। ਰਾਮਕਲਾਵਨ ਨੂੰ 54 ਫੀਸਦੀ ਵੋਟਾਂ ਮਿਲੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਕਲਾਵਨ ਨੂੰ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ- ਬੀ. ਸੀ. 'ਚ ਮੁੜ ਬਣੀ NDP ਦੀ ਸਰਕਾਰ, 8 ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ
ਪੂਰਬੀ ਅਫਰੀਕੀ ਦੇਸ਼ ਸੇਸ਼ੇਲਸ ਦੀ ਆਬਾਦੀ ਇਕ ਲੱਖ ਤੋਂ ਘੱਟ ਹੈ। ਰਾਸ਼ਟਰਪਤੀ ਚੋਣਾਂ ਵਿਚ ਵੀਰਵਾਰ ਤੋਂ ਸ਼ਨੀਵਾਰ ਤੱਕ ਹੋਏ ਮਤਦਾਨ ਵਿਚ 75 ਫੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸੇਸ਼ੇਲਸ ਵਿਚ 1977 ਦੇ ਬਾਅਦ ਪਹਿਲੀ ਵਾਰ ਵਿਰੋਧੀ ਧਿਰ ਦਾ ਕੋਈ ਨੇਤਾ ਰਾਸ਼ਟਰਪਤੀ ਚੁਣਿਆ ਗਿਆ ਹੈ। ਫਾਰੇ ਦੀ ਯੁਨਾਈਟਡ ਸੇਸ਼ੇਲਸ ਪਾਰਟੀ ਪਿਛਲੇ 43 ਸਾਲਾਂ ਤੋਂ ਸੱਤਾ ਵਿਚ ਸੀ। ਰਾਮਕਲਾਵਨ ਦੀ ਪਾਰਟੀ ਦਾ ਨਾਂ ਲਿਨਓਨ ਡੈਮੋਕ੍ਰੇਟਿਕ ਸੇਸਲਵਾ ਪਾਰਟੀ ਹੈ।
ਦੱਸ ਦਈਏ ਕਿ ਆਮ ਤੌਰ 'ਤੇ ਅਫਰੀਕੀ ਦੇਸ਼ਾਂ ਦੀ ਸੱਤਾ ਵਿਚ ਸ਼ਾਮਲ ਹੋਣਾ ਸਾਧਾਰਣ ਨਹੀਂ ਹੁੰਦਾ। ਰਾਮਕਲਾਵਨ ਨੇ ਜਿੱਤ ਮਗਰੋਂ ਕਿਹਾ ਕਿ ਉਹ ਅਤੇ ਫਾਰੇ ਚੰਗੇ ਦੋਸਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਿਸੇ ਦੀ ਹਾਰ-ਜਿੱਤ ਨਹੀਂ ਹੋਈ ਸਗੋਂ ਉਹ ਮੰਨਦੇ ਹਨ ਕਿ ਇਹ ਦੇਸ਼ ਦੀ ਜਿੱਤ ਹੈ।