ਬਰੈਂਪਟਨ ’ਚ ਹੋਏ ਰੈਫਰੈਂਡਮ ਨੂੰ ਲੈ ਕੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਮੁਖੀ ਰਾਮੀ ਰੇਂਜਰ ਨੇ SFJ ’ਤੇ ਚੁੱਕੇ ਸਵਾਲ
Tuesday, Sep 27, 2022 - 02:34 AM (IST)
ਇੰਟਰਨੈਸ਼ਨਲ ਡੈਸਕ : 18 ਸਤੰਬਰ ਨੂੰ ਕੈਨੇਡਾ ਦੇ ਬਰੈਂਪਟਨ ’ਚ ਹੋਏ ਖ਼ਾਲਿਸਤਾਨ ਰੈਫਰੈਂਡਮ ’ਤੇ ਭਾਰਤ ਸਰਕਾਰ ਨੇ ਸਖ਼ਤ ਇਤਰਾਜ਼ ਜਤਾਇਆ। ਇਸ ਦੌਰਾਨ ਸਵਾਲ ਉਠਾਇਆ ਗਿਆ ਕਿ ਕੈਨੇਡਾ ਵਰਗੇ ਮਿੱਤਰ ਦੇਸ਼ ’ਚ ਅੱਤਵਾਦੀ ਅਨਸਰਾਂ ਵੱਲੋਂ ਸਿਆਸੀ ਤੌਰ ’ਤੇ ਪ੍ਰੇਰਿਤ ਹਰਕਤਾਂ ਦੀ ਇਜਾਜ਼ਤ ਕਿਵੇਂ ਦਿੱਤੀ ਜਾਂਦੀ ਹੈ। ਦਰਅਸਲ, ਭਾਰਤ ਵੱਲੋਂ ਐਲਾਨੇ ਗਏ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ’ਤੇ ਭਾਰਤੀ ਮੂਲ ਦੇ ਬ੍ਰਿਟਿਸ਼ ਰਾਜਨੇਤਾ ਤੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਮੁਖੀ ਰਾਮੀ ਰੇਂਜਰ ਨੇ ਨਿਸ਼ਾਨਾ ਵਿੰਨ੍ਹਿਆ।
ਇਹ ਵੀ ਪੜ੍ਹੋ : ਇਟਲੀ ਦੀ ਨਵੀਂ ਸਰਕਾਰ ਵਿਦੇਸ਼ੀਆਂ ਲਈ ਕਰ ਸਕਦੀ ਹੈ ਨਵੇਂ ਸਖ਼ਤ ਕਾਨੂੰਨ ਲਾਗੂ
ਰਾਮੀ ਰੇਂਜਰ ਨੇ ਕਿਹਾ ਕਿ ਬਰੈਂਪਟਨ ’ਚ ਹੋਏ ਖਾਲਿਸਤਾਨ ਰੈਂਫਰੈਂਡਮ ’ਤੇ ਬਰੈਂਪਟਨ ਤੇ ਕੈਨੇਡਾ ’ਚ ਇਕ ਰਾਇਸ਼ੁਮਾਰੀ ਕਰਵਾਈ ਗਈ, ਜਿਸ ’ਚ ਵੱਡੀ ਗਿਣਤੀ ’ਚ ਕੱਟੜਪੰਥੀ ਇਕੱਠੇ ਹੋਏ। ਇਸ ਤੋਂ ਇਲਾਵਾ ਲੰਡਨ, ਇਟਲੀ, ਜੇਨੇਵਾ ਤੇ ਯੂ. ਕੇ. ਦੇ ਕਈ ਸ਼ਹਿਰਾਂ ’ਚ ਵੀ (ਸਿੱਖ ਫਾਰ ਜਸਟਿਸ) ਐੱਸ.ਐੱਫ.ਜੇ. ਅਜਿਹੀਆਂ ਕਾਰਵਾਈਆਂ ਕਰ ਚੁੱਕੀ ਹੈ। ਇਸ ਮੁੱਦੇ ’ਤੇ ਗੱਲਬਾਤ ਕਰਦਿਆਂ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਮੁਖੀ ਰਾਮੀ ਰੇਂਜਰ ਨੇ ਕਿਹਾ ਕਿ ਸਿੱਖ ਗੁਰੂ ਸਭ ਦੇ ਸਾਂਝੇ ਗੁਰੂ ਸਨ, ਜਿਨ੍ਹਾਂ ਨੇ ਸਾਰੇ ਭਾਰਤ ਨੂੰ ਇਕੱਠਾ ਕੀਤਾ, ਜਦਕਿ ਐੱਸ.ਐੱਫ.ਜੇ. ਦੇ ਕੱਟੜਪੰਥੀਆਂ ਕੋਲ ਕੋਈ ਵਿਜ਼ਨ, ਕੋਈ ਟੀਚਾ ਹੈ ਹੀ ਨਹੀਂ।
ਇਹ ਵੀ ਪੜ੍ਹੋ : ਹੈਰਾਨੀਜਨਕ! ਡੇਢ ਸਾਲ ਤੋਂ ਪੁੱਤ ਦੀ ਲਾਸ਼ ਨਾਲ ਰਹਿ ਰਹੇ ਸਨ ਮਾਪੇ, ਕੋਰੋਨਾ ਦੌਰਾਨ ਹੋਈ ਸੀ ਮੌਤ
ਉਨ੍ਹਾਂ ਕਿਹਾ ਕਿ ਬਰੈਂਪਟਨ 'ਚ ਰੈਂਫਰੈਂਡਮ ਹੋਇਆ, ਜਿਸ ’ਚ ਦਾਅਵਾ ਕੀਤਾ ਗਿਆ ਕਿ ਇਕ ਲੱਖ ਤੋਂ ਵੱਧ ਸਿੱਖ ਇਕੱਠ ਹੋਏ, ਬਾਰੇ ਰਾਮੀ ਰੇਂਜਰ ਨੇ ਕਿਹਾ ਕਿ ਇਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈ। ਜੇ ਇਨ੍ਹਾਂ ਨੇ ਰੈਫਰੈਂਡਮ ਕਰਨਾ ਹੈ ਤਾਂ ਭਾਰਤ ਜਾਓ, ਜੋ ਇਕ ਲੋਕਤੰਤਰਿਕ ਦੇਸ਼ ਹੈ, ਸਿਆਸੀ ਪਾਰਟੀ ਬਣਾਓ, ਆਪਣਾ ਲੀਡਰ ਚੁਣੋ। ਫਿਰ ਦੇਖੋ ਲੋਕ ਤੁਹਾਡੇ ਨਾਲ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਾ ਵਿਕ ਰਿਹਾ ਹੈ। ਜੇ ਇਨ੍ਹਾਂ ਕੱਟੜਪੰਥੀਆਂ ਨੇ ਲੜਾਈ ਹੀ ਲੜਨੀ ਹੈ ਤਾਂ ਪੰਜਾਬ ’ਚ ਡਰੱਗਜ਼, ਗਰੀਬੀ ਦੇ ਖ਼ਿਲਾਫ਼ ਲੜੋ, ਅਨਪੜ੍ਹਾਂ ਨੂੰ ਪੜ੍ਹਾਓ। ਵਿਦੇਸ਼ਾਂ ’ਚ ਝੰਡੇ ਲੈ ਕੇ ਜਿੰਨੇ ਮਰਜ਼ੀ ਨਾਅਰੇ ਮਾਰ ਲਓ, ਉਸ ਦਾ ਕੋਈ ਫਾਇਦਾ ਨਹੀਂ ਹੈ। ਰਾਮੀ ਰੇਂਜਰ ਨੇ ਕੁਝ ਸਾਲ ਪਹਿਲਾਂ ਤੱਤਕਾਲੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਾਹਮਣੇ ਵੀ ਇਹ ਮੁੱਦਾ ਚੁੱਕਿਆ ਸੀ। ਗੁਰੂਆਂ ਨੇ ਸਿੱਖ ਧਰਮ ਪੂਰੀ ਦੁਨੀਆ ਨੂੰ ਇਕੱਠਾ ਕਰਨ ਲਈ ਬਣਾਇਆ, ਹਰ ਧਰਮ ਦੀ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ। ਗੁਰੂਆਂ ਨੇ ਲੋਕਾਂ ਨੂੰ ਜੋੜਿਆ, ਜਦਕਿ ਇਹ ਤੋੜਨ ’ਤੇ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਔਰਤ ਸਣੇ 3 ਗ੍ਰਿਫ਼ਤਾਰ, 510 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।