ਪਾਕਿ ''ਚ ਰਾਜ ਕਪੂਰ ਦੇ ਜੱਦੀ ਘਰ ਦੇ ਮਾਲਕ ਵੱਲੋਂ ਇਮਾਰਤ ਵੇਚਣ ਤੋਂ ਇਨਕਾਰ
Wednesday, Jan 27, 2021 - 06:03 PM (IST)
ਪੇਸ਼ਾਵਰ (ਭਾਸ਼ਾ): ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਰਾਜ ਕਪੂਰ ਦੇ ਪੇਸ਼ਾਵਰ ਸਥਿਤ ਜੱਦੀ ਘਰ ਦੇ ਮਾਲਕ ਨੇ ਸੂਬਾਈ ਖੈਬਰ ਪਖਤੂਨਖਵਾ ਸਰਕਾਰ ਦੁਆਰਾ ਨਿਰਧਾਰਤ ਦਰ 'ਤੇ ਇਸ ਇਮਾਰਤ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪ੍ਰਮੁੱਖ ਸਥਾਨ ਦੀ ਜਾਇਦਾਦ ਦਾ ਮੁੱਲ ਬਹੁਤ ਘੱਟ ਦੱਸਿਆ ਗਿਆ ਹੈ।
ਇਸ ਤੋਂ ਪਹਿਲਾਂ ਮਹੀਨੇ ਦੇ ਸ਼ੁਰੂ ਵਿਚ, ਖੈਬਰ ਪਖਤੂਨਖਵਾ ਸਰਕਾਰ ਨੇ ਕਪੂਰ ਦੇ ਜੱਦੀ ਘਰ ਲਈ 1.5 ਕਰੋੜ ਰੁਪਏ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਦਾ ਉਦੇਸ਼ ਇਸ ਫਿਲਮ ਸਟਾਰ ਦੇ ਸਨਮਾਨ ਵਿਚ ਇਮਾਰਤ ਨੂੰ ਅਜਾਇਬ ਘਰ ਵਿਚ ਤਬਦੀਲ ਕਰਨਾ ਸੀ। ਬੁੱਧਵਾਰ ਨੂੰ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਹਵੇਲੀ ਦੇ ਮੌਜੂਦਾ ਮਾਲਕ ਹਾਜੀ ਅਲੀ ਸਾਬਿਰ ਨੇ ਸਾਫ਼ ਤੌਰ 'ਤੇ 1.5 ਕਰੋੜ ਰੁਪਏ ਵਿਚ ਜਾਇਦਾਦ ਵੇਚਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ,"ਇਸ ਖੇਤਰ ਵਿਚ ਅੱਧੀ ਮਰਲਾ ਜ਼ਮੀਨ ਵੀ 1.5 ਕਰੋੜ ਰੁਪਏ ਵਿਚ ਉਪਲਬਧ ਨਹੀਂ ਹੈ। ਮੈਂ ਛੇ ਮਰਲੇ ਦੀ ਜਾਇਦਾਦ 1.5 ਕਰੋੜ ਵਿਚ ਕਿਵੇਂ ਵੇਚ ਸਕਦਾ ਹਾਂ?"
ਪੜ੍ਹੋ ਇਹ ਅਹਿਮ ਖਬਰ- ਪਾਕਿ ਸਰਕਾਰ ਨੇ ਸੈਨੇਟ ਚੋਣਾਂ ਲਈ ਸੰਵਿਧਾਨ 'ਚ ਸੋਧ ਕਰਨ ਦਾ ਲਿਆ ਫ਼ੈਸਲਾ
ਜ਼ਿਕਰਯੋਗ ਹੈ ਕਿ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਵਰਤੇ ਜਾਂਦੇ ਖੇਤਰ ਦੀ ਇੱਕ ਰਵਾਇਤੀ ਇਕਾਈ ਮਰਲਾ ਨੂੰ 272.25 ਵਰਗ ਫੁੱਟ ਜਾਂ 25.2929 ਵਰਗ ਮੀਟਰ ਦੇ ਬਰਾਬਰ ਮੰਨਿਆ ਜਾਂਦਾ ਹੈ। ਸਾਬਿਰ ਨੇ ਕਿਹਾ ਕਿ ਜਾਇਦਾਦ ਦਾ ਸਹੀ ਮੁੱਲ 200 ਕਰੋੜ ਰੁਪਏ ਹੈ। ਇੱਥੇ ਦੱਸ ਦਈਏ ਕਿ ਰਾਜ ਕਪੂਰ ਦਾ ਜੱਦੀ ਘਰ, ਕਪੂਰ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕੀਸਾ ਖਵਾਨੀ ਬਾਜ਼ਾਰ ਵਿਚ ਸਥਿਤ ਹੈ। ਇਹ ਪ੍ਰਸਿੱਧ ਅਦਾਕਾਰ ਦੇ ਦਾਦਾ ਦੀਵਾਨ ਬਾਸ਼ੇਸ਼ਵਰਨਾਥ ਕਪੂਰ ਦੁਆਰਾ 1918 ਅਤੇ 1922 ਦੇ ਵਿਚਕਾਰ ਬਣਾਇਆ ਗਿਆ ਸੀ।ਰਾਜ ਕਪੂਰ ਅਤੇ ਉਸ ਦੇ ਚਾਚੇ ਤ੍ਰਿਲੋਕ ਕਪੂਰ ਦਾ ਜਨਮ ਇੱਥੇ ਹੋਇਆ ਸੀ। ਸੂਬਾਈ ਸਰਕਾਰ ਦੁਆਰਾ ਇਮਾਰਤ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਗਿਆ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।