ਰਾਜ ਗਰੇਵਾਲ ਨੇ RCMP ਤੇ ਓਂਟਾਰੀਓ ਸਰਕਾਰ ਤੋਂ ਮੰਗਿਆ 50 ਮਿਲੀਅਨ ਡਾਲਰ ਦਾ ਹਰਜਾਨਾ

Tuesday, Feb 13, 2024 - 11:54 AM (IST)

ਬਰੈਂਪਟਨ: ਕੈਨੇਡਾ ਤੋਂ ਸਾਬਕਾ ਲਿਬਰਲ ਐਮ.ਪੀ. ਰਾਜ ਗਰੇਵਾਲ ਨੇ ਆਰ.ਸੀ.ਐਮ.ਪੀ. ਅਤੇ ਓਂਟਾਰੀਓ ਦੇ ਅਟਾਰਨੀ ਜਨਰਲ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ 5 ਕਰੋੜ ਡਾਲਰ ਦਾ ਹਰਜਾਨਾ ਮੰਗਿਆ ਹੈ। ਰਾਜ ਗਰੇਵਾਲ ਵੱਲੋਂ ਇਹ ਕਾਰਵਾਈ ਉਸ ਮੁਕੱਦਮੇ ਵਿਚੋਂ ਬਰੀ ਹੋਣ ਮਗਰੋਂ ਕੀਤੀ ਗਈ, ਜਿਸ ਤਹਿਤ ਪੰਜਾਬੀ ਮੂਲ ਦੇ ਸਿਆਸਤਦਾਨ ’ਤੇ ਨਿਜੀ ਫ਼ਾਇਦੇ ਲਈ ਐਮ.ਪੀ. ਦੇ ਅਹੁਦੇ ਦੀ ਦੁਰਵਰਤੋਂ ਅਤੇ ਫਰੌਡ ਕਰਨ ਦੇ ਦੋਸ਼ ਲਾਏ ਗਏ। ਆਉਣ ਵਾਲੇ ਸਮੇਂ ਦੌਰਾਨ ਇਹ ਮੁਕੱਦਮਾ ਪੂਰੇ ਮੁਲਕ ਵਿਚ ਚਰਚਾ ਦਾ ਮੁੱਦਾ ਬਣ ਸਕਦਾ ਹੈ। ਬਰੈਂਪਟਨ ਈਸਟ ਤੋਂ ਐਮ.ਪੀ. ਰਹਿ ਚੁੱਕੇ ਰਾਜ ਗਰੇਵਾਲ ਨੇ 2018 ਵਿਚ ਅਸਤੀਫ਼ਾ ਦੇ ਦਿੱਤਾ ਸੀ ਅਤੇ 2020 ਵਿਚ ਉਨ੍ਹਾਂ ਵਿਰੁੱਧ ਭਰੋਸਾ ਤੋੜਨ ਦੇ ਚਾਰ ਦੋਸ਼ ਅਤੇ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ ਦਾ ਇਕ ਦੋਸ਼ ਲਾਇਆ ਗਿਆ।

ਬਗੈਰ ਸਬੂਤਾਂ ਤੋਂ ਮੁਕੱਦਮਾ ਚਲਾਉਣ ਦਾ ਦੋਸ਼ 

ਮੁਕੱਦਮੇ ਦਾ ਆਧਾਰ ਉਨ੍ਹਾਂ ਦੋਸ਼ਾਂ ਨੂੰ ਬਣਾਇਆ ਗਿਆ ਜਿਨ੍ਹਾਂ ਵਿਚ ਕਿਹਾ ਗਿਆ ਕਿ ਰਾਜ ਗਰੇਵਾਲ ਨੇ ਆਪਣੇ ਹਲਕੇ ਦੇ ਲੋਕਾਂ ਤੋਂ ਕਰਜ਼ਾ ਲਿਆ ਅਤੇ ਇਕ ਕੰਪਨੀ ਲਈ ਸਰਕਾਰੀ ਠੇਕੇ ਹਾਸਲ ਕਰਨ ਲਈ ਸਿਆਸੀ ਰਸੂਖ ਦੀ ਵਰਤੋਂ ਕੀਤੀ। ਓਂਟਾਰੀਓ ਦੀ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਸਬੂਤਾਂ ਦੀ ਘਾਟ ਨੂੰ ਵੇਖਦਿਆਂ ਰਾਜ ਗਰੇਵਾਲ ਨੂੰ ਬਰੀ ਕਰ ਦਿਤਾ। ਰਾਜ ਗਰੇਵਾਲ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਕ੍ਰਾਊਨ ਪ੍ਰੌਸੀਕਿਊਟਰ ਉਨ੍ਹਾਂ ਦੇ ਮੁਵੱਕਲ ਵਿਚ ਕਿਸੇ ਵੀ ਕਿਸਮ ਦੀ ਦੁਰਭਾਵਨਾ ਸਾਬਤ ਨਹੀਂ ਕਰ ਸਕੇ ਅਤੇ ਰਹੀ ਗੱਲ ਕਰਜ਼ੇ ਦੀ ਤਾਂ ਉਹ ਦੋਸਤਾਂ ਨਾਲ ਹੋਇਆ ਰਕਮ ਦਾ ਲੈਣ-ਦੇਣ ਸੀ। ਰਾਜ ਗਰੇਵਾਲ ਦੇ ਵਕੀਲ ਮਾਈਕਲ ਲੇਸੀ ਨੇ ਕਿਹਾ ਕਿ ਆਰ.ਸੀ.ਐਮ.ਪੀ. ਵੱਲੋਂ ਲਾਪ੍ਰਵਾਹੀ ਨਾਲ ਕੀਤੀ ਪੜਤਾਲ ਅਤੇ ਕ੍ਰਾਊਨ ਵੱਲੋਂ ਸਬੂਤਾਂ ਤੋਂ ਬਗੈਰ ਮੁਕੱਦਮਾ ਦਾਇਰ ਕੀਤੇ ਜਾਣ ਕਰ ਕੇ ਉਨ੍ਹਾਂ ਦੇ ਮੁਵੱਕਲ ਦੇ ਰੁਤਬੇ ਅਤੇ ਸਿਆਸੀ ਵੱਕਾਰ ਨੂੰ ਵੱਡੀ ਢਾਹ ਲੱਗੀ। ਹਰਜਾਨੇ ਰਾਹੀਂ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ-UAE ’ਚ ਭਾਰੀ ਮੀਂਹ ਕਾਰਨ ਘੱਟ ਹੋਇਆ ‘ਅਹਲਾਨ ਮੋਦੀ’ ਪ੍ਰੋਗਰਾਮ ਦਾ ਸਮਾਂ, ਦੇਖੋ ਪੂਰਾ ਸ਼ੈਡਿਊਲ

ਕੀਤੀ ਹਰਜਾਨੇ ਦੀ ਮੰਗ

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰਾਜ ਗਰੇਵਾਲ ਵੱਲੋਂ ਸਾਧਾਰਣ ਹਰਜਾਨੇ ਦੇ ਰੂਪ ਵਿਚ 25 ਮਿਲੀਅਨ ਡਾਲਰ, ਬਤੌਰ ਸਜ਼ਾ ਹਰਜਾਨੇ ਦੇ ਰੂਪ ਵਿਚ 20 ਮਿਲੀਅਨ ਡਾਲਰ ਅਤੇ ਖਾਸ ਹਰਜਾਨੇ ਦੇ ਰੂਪ ਵਿਚ 5 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਹੈ। ਸਾਬਕਾ ਐਮ.ਪੀ. ਨੇ ਦੋਸ਼ ਲਾਇਆ ਹੈ ਕਿ ਮੁਕੱਦਮਾ ਅੱਗੇ ਵਧਾਉਣ ਲਈ ਆਰ.ਸੀ.ਐਮ.ਪੀ. ਤੇ ਕ੍ਰਾਊਨ ਵੱਲੋਂ ਗ਼ਲਤ ਕਦਮ ਉਠਾਏ ਗਏ। ਮਾਈਕਲ ਲੇਸੀ ਨੇ ਅੱਗੇ ਕਿਹਾ ਕਿ ਬੇਬੁਨਿਆਦ ਦੋਸ਼ਾਂ ਕਾਰਨ ਉਨ੍ਹਾਂ ਦੇ ਮੁਵੱਕਲ ਦਾ ਨਿਜੀ ਅਤੇ ਪੇਸ਼ੇਵਰ ਨੁਕਸਾਨ ਹੋਇਆ ਅਤੇ ਸਾਡਾ ਮੰਨਣਾ ਹੈ ਕਿ ਆਰ.ਸੀ.ਐਮ.ਪੀ. ਤੇ ਕ੍ਰਾਊਨ ਨੂੰ ਵੀ ਜਵਾਬਦੇਹ ਠਹਿਰਾਇਆ ਜਾਵੇ। ਦੂਜੇ ਪਾਸੇ ਰਾਜ ਗਰੇਵਾਲ ਵੱਲੋਂ ਲਾਏ ਦੋਸ਼ਾਂ ਬਾਰੇ ਆਰ.ਸੀ.ਐਮ.ਪੀ. ਅਤੇ ਓਂਟਾਰੀਓ ਦੇ ਅਟਾਰਨੀ ਜਨਰਲ ਵੱਲੋਂ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News