ਕੈਨੇਡਾ 'ਚ ਮੀਂਹ ਨੇ ਤੋੜੇ ਰਿਕਾਰਡ, ਜਨਜੀਵਨ ਪ੍ਰਭਾਵਿਤ

Tuesday, Aug 20, 2024 - 05:08 PM (IST)

ਕੈਨੇਡਾ 'ਚ ਮੀਂਹ ਨੇ ਤੋੜੇ ਰਿਕਾਰਡ, ਜਨਜੀਵਨ ਪ੍ਰਭਾਵਿਤ

ਵੈਨਕੂਵਰ- ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਬੇਮੌਸਮੀ ਮੀਂਹ ਨੇ ਟੋਰਾਂਟੋ ਵਿੱਚ 2013 ਵਿੱਚ ਪਏ ਮੀਂਹ ਦਾ ਰਿਕਾਰਡ ਤੋੜ ਦਿੱਤਾ ਹੈ। ਡੇਢ ਘੰਟੇ ਵਿੱਚ 128 ਮਿਲੀਮੀਟਰ ਮੀਂਹ ਪੈਣ ਕਾਰਨ ਹਵਾਈ ਅੱਡੇ ਸਣੇ ਆਸ-ਪਾਸ ਦੇ ਖੇਤਰਾਂ ਵਿੱਚ ਪਾਣੀ ਭਰ ਗਿਆ। ਪਾਣੀ ਦੀ ਨਿਕਾਸੀ ਹੋਣ ’ਚ ਕਈ ਘੰਟੇ ਲੱਗੇ, ਜਿਸ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ।ਉੱਧਰ ਮਿਸੀਸਾਗਾ ਸਣੇ ਜੀ.ਟੀ.ਏ. ਦੇ ਕਈ ਹਿੱਸਿਆਂ ਵਿਚ ਸ਼ਨੀਵਾਰ ਨੂੰ ਪਏ ਰਿਕਾਰਡ ਤੋੜ ਮੀਂਹ ਮਗਰੋਂ ਐਤਵਾਰ ਨੂੰ ਵੀ ਬਾਰਸ਼ ਦਾ ਸਿਲਸਿਲਾ ਜਾਰੀ ਰਿਹਾ।

PunjabKesari

ਸੜਕਾਂ ਅਤੇ ਰਨਵੇਅ ’ਤੇ ਪਾਣੀ ਭਰਨ ਕਾਰਨ ਕਈ ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ ਅਤੇ ਕਈਆਂ ਨੂੰ ਦੇਰੀ ਨਾਲ ਉੱਤਰਨਾ ਪਿਆ। ਹਵਾਈ ਅੱਡੇ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਪਾਣੀ ਭਰਨ ਕਾਰਨ ਕਈ ਯਾਤਰੀ ਰਾਹ ਵਿੱਚ ਹੀ ਫਸ ਗਏ। ਕਈ ਵਾਹਨਾਂ ’ਚ ਪਾਣੀ ਭਰਨ ਕਾਰਨ ਉਹ ਸੜਕਾਂ ’ਤੇ ਹੀ ਬੰਦ ਹੋ ਗਏ। ਘੰਟਿਆਂਬੱ ਧੀ ਸੜਕਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਝੱਲਣੀ ਪਈ।

ਪ੍ਰਾਪਤ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ 2013 ਵਿੱਚ ਟੋਰਾਂਟੋ ’ਚ 126 ਮਿਲੀਮੀਟਰ  ਮੀਂਹ ਪਿਆ ਸੀ। ਪਿਛਲੇ ਮਹੀਨੇ ਵੀ ਟੋਰਾਂਟੋ ਦੇ ਕੁਝ ਇਲਾਕਿਆਂ ਵਿੱਚ 98 ਮਿਲੀਮੀਟਰ  ਮੀਂਹ ਕਾਰਨ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ ਸੀ, ਜਿਸ ਕਾਰਨ 100 ਅਰਬ ਡਾਲਰ ਤੋਂ ਵੱਧ ਦਾ ਵਪਾਰਕ ਨੁਕਸਾਨ ਹੋਇਆ ਸੀ। ਬੀਤੇ ਦਿਨ ਪਈ ਬਾਰਿਸ਼ ਕਾਰਨ ਹੋਏ ਨੁਕਸਾਨ ਦੇ ਅੰਕੜੇ ਜਨਤਕ ਹੋਣ ਨੂੰ ਕਈ ਦਿਨ ਲੱਗ ਸਕਦੇ ਹਨ। ਮੌਸਮ ਵਿਭਾਗ ਅਨੁਸਾਰ ਇਸ ਵਾਰ ਅਨੁਮਾਨ ਤੋਂ ਕਿਤੇ ਵੱਧ ਮੀਂਹ ਪਿਆ ਹੈ। ਵਿਭਾਗ ਨੇ ਦੋ ਦਿਨ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

PunjabKesari
 
ਮਿਸੀਸਾਗਾ ਫਾਇਰ ਨੇ ਦੱਸਿਆ ਕਿ ਹਾਈਵੇਅ 410 ਦੇ ਕਈ ਹਿੱਸਿਆਂ ਨੂੰ ਹੜ੍ਹਾਂ ਵਰਗੇ ਹਾਲਾਤ ਕਾਰਨ ਬੰਦ ਕਰਨਾ ਪਿਆ। ਦੂਜੇ ਪਾਸੇ ਕਈ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਪਾਣੀ ਦਾਖਲ ਹੋਣ ਕਾਰਨ ਭਾਰੀ ਨੁਕਸਾਨ ਹੋਣ ਦੀ ਰਿਪੋਰਟ ਹੈ। ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ 128.3 ਮਿਲੀਮੀਟਰ ਮੀਂਹ ਪਿਆ ਅਤੇ 2013 ਵਿਚ ਬਣੇ 126 ਮਿਲੀਮੀਟਰ ਮੀਂਹ ਦਾ ਰਿਕਾਰਡ ਤੋੜ ਦਿਤਾ। ਹਵਾਈ ਅੱਡੇ ’ਤੇ ਗਰਮੀਆਂ ਦੌਰਾਨ ਵੱਧ ਤੋਂ ਵੱਧ ਬਾਰਸ਼ ਦਾ ਰਿਕਾਰਡ 396 ਮਿਲੀਮੀਟਰ ਦਰਜ ਰਿਹਾ ਪਰ ਇਸ ਵਾਰ ਹੁਣ ਤੱਕ 475 ਮਿਲੀਮੀਟਰ ਬਾਰਸ਼ ਹੋ ਚੁੱਕੀ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰੀ ਮੀਂਹ ਦਾ ਕਹਿਰ, 24 ਘੰਟਿਆਂ 'ਚ 20 ਲੋਕਾਂ ਦੀ ਮੌਤ

ਸੜਕਾਂ ’ਤੇ ਫਸ ਗਏ ਲੋਕ ਫਾਇਰ ਸਰਵਿਸ ਵਾਲਿਆਂ ਨੇ ਕੱਢੇ 

ਮਿਸੀਸਾਗਾ ਦੇ ਡੰਡਾਸ ਸਟ੍ਰੀਟ ਅਤੇ ਕੁਈਨ ਫਰੈਡ੍ਰਿਕਾ ਡਰਾਈਵ ਇਲਾਕੇ ਵਿਚ ਲਗਾਤਾਰ ਦੂਜੇ ਦਿਨ ਹੜ੍ਹਾਂ ਵਰਗੇ ਹਾਲਾਤ ਬਣੇ ਰਹੇ। ਸੜਕਾਂ ਤੋਂ ਲੰਘ ਰਹੇ ਲੋਕਾਂ ਲਈ ਸਭ ਤੋਂ ਵੱਧ ਖਤਰਨਾਕ ਹਾਲਾਤ ਮਿਸੀਸਾਗਾ, ਇਟੋਬੀਕੋ ਅਤੇ ਨੌਰਥ ਯਾਰਕ ਵਿਖੇ ਰਹੇ। ਲੋਕਾਂ ਨੂੰ ਨਦੀਆਂ ਜਾਂ ਕ੍ਰੀਕਸ ਦੇ ਨੇੜੇ ਨਾ ਜਾਣ ਦੀ ਹਦਾਇਤੀ ਦਿਤੀ ਗਈ ਹੈ। ਓਂਟਾਰੀਓ ਵਿਚ ਸਿਰਫ ਮੀਂਹ ਨੇ ਕਹਿਰ ਨਹੀਂ ਢਾਹਿਆ ਸਗੋਂ ਸੂਬੇ ਦੇ ਦੱਖਣ ਪੱਛਮੀ ਇਲਾਕਿਆਂ ਵਿਚ ਵਾਵਰੋਲੇ ਨੇ ਤਬਾਹੀ ਮਚਾ ਦਿਤੀ ਜਿਥੇ ਦਰੱਖਤ ਅਤੇ ਬਿਜਲੀ ਦੇ ਖੰਭੇ ਪੁੱਟੇ ਜਾਣ ਦੀ ਰਿਪੋਰਟ ਹੈ। ਪੈਰੀ ਸਾਊਂਡ ਰੀਜਨ ਵਿਚ ਮੌਸਮ ਦੀ ਖਰਾਬੀ ਕਾਰਨ 11,400 ਘਰਾਂ ਦੀ ਬਿਜਲੀ ਗੁਲ ਹੋ ਗਈ ਅਤੇ ਨੌਰਥ ਬੇਅ ਏਰੀਆ ਵਿਚ ਵੀ ਭਾਰੀ ਮੀਂਹ ਪੈਣ ਦੀ ਰਿਪੋਰਟ ਹੈ। ਇਲਾਕੇ ਵਿਚ ਐਤਵਾਰ ਨੂੰ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News