ਬ੍ਰਿਸਬੇਨ ''ਚ ਭਾਰਤ-ਪਾਕਿ ਸਰੋਤਿਆਂ ਦੇ ਸਿਰ ਚੜ੍ਹ ਬੋਲਿਆਂ ਰਾਹਤ ਫ਼ਤਿਹ ਅਲੀ ਖਾਨ ਦੀ ਗਾਇਕੀ ਦਾ ਜਾਦੂ

08/15/2017 12:55:30 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਸੰਗੀਤ ਦੀ ਦੁਨੀਆਂ 'ਚ ਧਰੂਵ ਤਾਰੇ ਵਾਂਗ ਕਈ ਦਹਾਕਿਆਂ ਤੋਂ ਰਾਜ ਕਰ ਰਿਹਾ ਸੂਫੀਆਨਾਂ ਰੰਗ 'ਚ ਰੰਗਿਆਂ ਉਸਤਾਦ ਰਾਹਤ ਫ਼ਤਿਹ ਅਲੀ ਖਾਨ ਵਲੋਂ ਆਪਣੇ ਪੁਸ਼ਤੈਨੀ ਘਰਾਣੇ ਚੋਂ ਸੰਗੀਤ ਦੀ ਤਰਬੀਅਤ ਉਸਤਾਦ ਅਤੇ ਸੁਰੀਲੀ ਅਵਾਜ਼ ਦੇ ਬੇਤਾਜ ਬਾਦਸ਼ਾਹ ਨੁਸਰਤ ਫ਼ਤਿਹ ਅਲੀ ਖਾਨ ਤੋਂ ਪ੍ਰਾਪਤ ਕਰ ਬਹੁਤ ਹੀ ਮਕਬੂਲੀਅਤ ਖੱਟੀ ਹੈ। ਉਸਤਾਦ ਨੁਸਰਤ ਫ਼ਤਿਹ ਅਲੀ ਖਾਨ ਦੀ ਨਿੱਘੀ ਯਾਦ ਨੂੰ ਸਮਰਪਿਤ 'ਦੀ ਟ੍ਰਿਬਊਟ ਟੂਰ' ਵਿਸ਼ਵ ਭਰ 'ਚ ਆਯੋਜਨ ਦੇ ਸਫਲਤਾਪੂਰਵਕ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਉਸੇ ਕੜੀ ਦੇ ਤਹਿਤ ਬ੍ਰਿਸਬੇਨ ਦੇ ਚੈਂਡਲਰ ਥੀਏਟਰ ਵਿਖੇ ਮੁੱਖ ਪ੍ਰਬੰਧਕ ਸੁਨੀਲ ਰਾਜ ਓਬਰਾਏ ਦੀ ਅਗਵਾਈ 'ਚ ਸ਼ੋਅ ਮਿੱਥੇ ਦਿਨ ਤੋਂ ਪਹਿਲਾਂ ਹੀ ਸਾਰੀਆ ਟਿਕਟਾਂ ਵਿੱਕਣ ਨਾਲ ਸਫਲਤਾ ਦੀ ਇਤਿਹਾਸਕ ਇਬਾਰਤ ਸਿਰਜਦਾ ਹੋਇਆਂ ਸ਼ੁਰੂ ਹੋਇਆ। ਹਰਦਿਲ ਅਜੀਜ਼ ਅਤੇ ਬੁਲੰਦ ਅਵਾਜ਼ ਦਾ ਮਾਲਕ ਪ੍ਰਸਿੱਧ ਪਾਕਿਸਤਾਨੀ ਲੋਕ ਗਾਇਕ ਰਾਹਤ ਫ਼ਤਿਹ ਅਲੀ ਖਾਨ ਨੇ ਜਦੋਂ ਮੰਚ 'ਤੇ ਸੰਗੀਤਕ ਧੁਨਾ ਨਾਲ ਸਰੋਤਿਆਂ ਦੀ ਭਰਵੀ ਹਾਜ਼ਰੀ ਵਿੱਚ ਦਸਤਕ ਦਿੱਤੀ ਤਾਂ ਸਾਰਾ ਹਾਲ ਤਾੜੀਆਂ ਦੀ ਗੜ-ਗੜਾਹਟ ਵਿਚ ਗੂਜ ਉੱਠਿਆ। ਉਨ੍ਹਾਂ ਆਪਣੇ ਪ੍ਰਸਿੱਧ ਗੀਤ 'ਤੂੰ ਨਾ ਜਾਨੇ ਆਸ ਪਾਸ ਹੈ ਖੁਦਾ, ਨਾਲ ਮਰਹੂਮ ਉਸਤਾਦ ਨੁਸਰਤ ਫ਼ਤਿਹ ਅਲੀ ਖਾਨ ਨੂੰ ਨਿੱਘੀ ਸਰਧਾਂਜਲੀ ਭੇਟ ਕਰਨ ਉਪਰੰਤ 'ਜੱਗ ਘੁਮਿਆਂ ਥਾਰੇ ਜੈਸਾ ਨਾ ਕੋਈ, ਗਜ਼ਲ 'ਮੇਰੇ ਰਸ਼ਕੇ ਕਮਰ', ਆਦਿ ਨਾਲ ਮਾਹੌਲ ਨੂੰ ਸੂਫੀਆਨਾ ਰੰਗ ਵਿੱਚ ਰੰਗਦਿਆਂ ਆਪਣੇ ਸੁਰੀਲੇ ਅਤੇ ਮਿੱਠੇ ਬੋਲਾਂ ਨਾਲ ਸੁਰ ਅਤੇ ਸੰਗੀਤ ਦੀ ਅਜਿਹੀ ਤਾਲ ਨਾਲ ਤਾਲ ਮਿਲਾਈ ਤਾਂ ਸਾਰੀ ਮਹਿਫ਼ਲ ਦੀ ਫ਼ਿਜਾ ਰਿਹਬਰੀ ਨਾਲ ਆਬਸ਼ਾਰ ਹੋ ਗਈ।
'ਤੇਰੀ ਆਖੋ ਕੇ ਦਰੀਆਂ ਕਾ ਉਤਰਨਾ ਭੀ ਜਰੂਰੀ ਥਾ', 'ਮੈ ਜਹਾਂ ਰਹੂ, 'ਮੈ ਕਹੀ ਭੀ ਰਹੂੰ ਤੇਰੀ ਯਾਦ ਸਾਥ ਹੈ', 'ਮੈ ਤੈਨੂੰ ਸਮਝਾਵਾਂ ਕੀ ਨਾ ਤੇਰੇ ਵਾਜੋ ਲੱਗਦਾ ਜੀਅ' ਗੀਤਾਂ ਨਾਲ ਸਰੋਤਿਆ ਨੂੰ ਬਹੁਤ ਹੀ ਭਾਵੁਕ ਕਰਦਿਆਂ ਅਤੀਤ ਦੀਆਂ ਯਾਦਾਂ ਦੇ ਸਮੁੰਦਰ ਵਿੱਚ ਮੋਹ ਭਿੱਜਾ ਕਰ ਦਿੱਤਾ ਅਤੇ ਮਾਹੋਲ ਨੂੰ ਫਿਰ ਰੰਗੀਨ ਬਣਾਉਣ ਲਈ ਫਿਲਮੀ ਗੀਤਾਂ, ਸ਼ੇਅਰੋ-ਸ਼ਾਇਰੀ ਅਤੇ ਕੱਵਾਲੀਆਂ ਦਾ ਦੌਰ ਸ਼ੁਰੂ ਕੀਤਾ ਜਿਨ੍ਹਾਂ 'ਚ 'ਸੁਰੀਲੀ ਅੱਖੀਓ ਵਾਲੇ, 'ਇਹ ਪੀਆਂ ਰੇ ਪੀਆਂ ਰੇ, 'ਤੂਮਹੇ ਦਿਲਲਗੀ ਭੂਲ ਜਾਨੀ ਪੜੇਗੀ' ਆਦਿ ਗੀਤ ਗਾਏ ਤਾਂ ਸਰੋਤੇ ਦੁਨੀਆਂਵੀ ਸਰੋਕਾਰਾਂ ਨੂੰ ਭੁੱਲ ਤਾੜੀਆਂ ਦੀ ਤਾਲ ਨਾਲ ਰੂਹਾਨੀ ਵੇਗ ਵਿੱਚ ਸਮਾਂ ਝੂਮਣ ਲਗਾ ਦਿੱਤੇ। ਇਸ ਤਿੰਨ ਘੰਟੇ ਚੱਲੀ ਸੂਫੀਆਨਾ ਮਹਿਫ਼ਲ ਦੌਰਾਨ ਬਾਲੀਵੁੱਡ, ਕਲਾਸੀਕਲ ਅਤੇ ਪੁਰਾਤਨ ਰਵਾਇਤੀ ਗੀਤ ਅਤੇ ਸੰਗੀਤ ਦੇ ਸੁਰਮਈ ਸੁਮੇਲ ਦਾ ਵੱਖਰਾ ਹੀ ਨਜ਼ਾਰਾਂ ਆਨੰਦਮਈ ਕਰਦਾ ਹੋਇਆ ਦਿਲੋ ਦਿਮਾਗ ਨੂੰ ਸਕੂਨ ਦੇ ਗਿਆਂ। ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਫੀਜ਼ੀ ਆਦਿ ਦੇਸ਼ਾਂ ਦੇ ਮੂਲ ਨਿਵਾਸੀ ਸਰੋਤਿਆਂ ਦੇ ਹਜਾਰਾਂ ਦੀ ਗਿਣਤੀ ਦੇ ਭਰਵੇ ਇਕੱਠ ਨੇ ਇਹ ਦਰਸਾ ਦਿੱਤਾ ਕਿ ਸਾਫ-ਸੁਥਰਾਂ ਅਤੇ ਵਧੀਆਂ ਗੀਤ ਅਤੇ ਸੰਗੀਤ ਸਾਡੀ ਰੂਹ ਦੀ ਖੁਰਾਕ ਹੈ, ਭਾਵੇ ਉਹ ਕਿਸੇ ਵੀ ਮੁਲਕ ਦਾ ਹੋਵੇ ਸਰਹੱਦਾਂ ਸਾਡੀਆਂ ਭਾਈਚਾਰਕ ਸ਼ਾਂਝ ਨੂੰ ਕਦੇ ਵੀ ਰੋਕ ਨਹੀ ਸਕਦੀਆਂ। ਇਸ ਤਰਾਂ ਇਹ ਸੂਫੀਆਨਾ ਮਹਿਫ਼ਲ ਆਪਸੀ ਪਿਆਰ, ਏਕਤਾਂ ਅਤੇ ਸਦਭਾਵਨਾ ਦੀ ਸ਼ਾਂਝ ਨੂੰ ਹੋਰ ਵੀ ਪਰਿਪੱਕ ਕਰਦੀ ਹੋਈ ਅਮਿੱਟ ਯਾਦਾਂ ਛੱਡਦੀ ਹੋਈ ਨਵੀਂ ਤਵਾਰੀਖ਼ ਸਿਰਜ ਗਈ।


Related News