'ਰਾਫੇਲ' ਘੋਟਾਲੇ ਨੇ ਮੋਦੀ ਸਰਕਾਰ ਦਾ ਚਿਹਰਾ ਕੀਤਾ ਬੇਨਕਾਬ- ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ

09/27/2018 12:59:15 PM

ਮੈਲਬੌਰਨ (ਮਨਦੀਪ ਸਿੰਘ ਸੈਣੀ)— ਬੀਤੇ ਦਿਨੀਂ ਮੈਲਬੌਰਨ ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਦੀ ਅਹਿਮ ਮੀਟਿੰਗ ਹੋਈ। ਜਿਸ ਵਿਚ ਭਾਰਤ 'ਚ ਮੌਜੂਦਾ ਹੁਕਮਰਾਨ ਪਾਰਟੀ ਭਾਜਪਾ ਵੱਲੋਂ ਕੀਤੇ ਗਏ ਘੁਟਾਲਿਆਂ ਸੰਬੰਧੀ ਅਹਿਮ ਤੱਥ ਪੇਸ਼ ਕੀਤੇ ਗਏ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼ੁਭਮ ਸ਼ਰਮਾ ਨੈਸ਼ਨਲ ਯੂਥ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ (ਚੈਪਟਰ ਪੰਜਾਬ), ਸੱਤੀ ਗਰੇਵਾਲ ਸੀਨੀਅਰ ਉਪ-ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ, ਅਵਨੀਤ ਜੁਗਨੀ ਪ੍ਰਧਾਨ ਵਿਕਟੋਰੀਆ (ਚੈਪਟਰ ਪੰਜਾਬ), ਗਿਲਬਰਟ ਸੋਹਲ ਯੂਥ ਜਨਰਲ ਸਕੱਤਰ ਵਿਕਟੋਰੀਆ (ਚੈਪਟਰ ਪੰਜਾਬ) ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਮੋਦੀ ਸਰਕਾਰ ਨੇ ਦੇਸ਼ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਸਿਰਫ ਆਪਣੇ ਚਹੇਤਿਆਂ ਨੂੰ ਹੀ ਗੱਫੇ ਵੰਡੇ ਹਨ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਦਾ ਪੈਸਾ ਲੁੱਟ ਕੇ ਵਿਜੈ ਮਾਲਿਆ, ਨੀਰਵ ਮੋਦੀ ਵਰਗੇ ਧਨਾਢ ਵਪਾਰੀ ਵਿਦੇਸ਼ਾਂ ਵਿਚ ਐਸ਼ੋ ਅਰਾਮ ਦੀ ਜ਼ਿੰਦਗੀ ਬਸਰ ਕਰ ਰਹੇ ਹਨ ਤੇ ਮੋਦੀ ਸਰਕਾਰ ਇਹਨਾਂ ਬੇਈਮਾਨਾਂ ਨੂੰ ਫੜਨ ਦਾ ਢਕਵੰਜ਼ ਰਚ ਰਹੀ ਹੈ। ਨੋਟਬੰਦੀ ਕਾਰਨ ਭਾਰਤੀ ਅਰਥ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਜਿਸ ਕਰਕੇ ਆਮ ਅਤੇ ਗਰੀਬ ਵਰਗ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਜੋ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੈ।ਮੌਜੂਦਾ ਦੌਰ ਵਿਚ ਆਮ ਜਨਤਾ ਵਧੀਆਂ ਹੋਈਆਂ ਤੇਲ ਕੀਮਤਾਂ ਅਤੇ ਮਹਿੰਗਾਈ ਤੋਂ ਪਰੇਸ਼ਾਨ ਹੈ ਤੇ ਘੱਟ ਗਿਣਤੀ ਵਰਗ ਮੋਦੀ ਰਾਜ ਵਿਚ ਆਪਣੇ ਆਪ ਨੂੰ ਅਸਥਿਰ ਅਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

'ਰਾਫੇਲ' ਘੋਟਾਲੇ ਦੇ ਤੱਥਾਂ ਨੂੰ ਉਜਾਗਰ ਕਰਦਿਆਂ ਅਹੁਦੇਦਾਰਾਂ ਨੇ ਦੱਸਿਆ ਕਿ ਭਾਰਤ ਦੇ ਇਤਿਹਾਸ ਵਿਚ ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਵੱਲੋਂ 1 ਲੱਖ 30 ਹਜ਼ਾਰ ਕਰੋੜ ਰੁਪਏ ਦਾ ਮਹਾਘੁਟਾਲਾ ਕੀਤਾ ਗਿਆ ਹੈ।ਉਹਨਾਂ ਇਸ ਬਾਰੇ ਵਧੇਰੇ ਚਾਨਣਾ ਪਾਉਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ ਕਾਰਜ ਕਾਲ ਵੇਲੇ 'ਰਾਫੇਲ' ਸਮਝੌਤੇ ਤਹਿਤ ਇੱਕ ਜ਼ੰਗੀ ਜ਼ਹਾਜ਼ ਦੀ ਕੀਮਤ 526 ਕਰੋੜ ਮਿੱਥੀ ਗਈ ਸੀ ਪਰ ਮੋਦੀ ਸਰਕਾਰ ਨੇ 'ਹਿੰਦੋਸਤਾਨ ਐਰੋਨਾਟਿਕਸ ਲਿਮਟਿਡ' ਨੂੰ ਪਿਛਾਂਹ ਕਰਦਿਆਂ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਮਹਿਜ਼ ਤੀਹ ਦਿਨ ਪਹਿਲਾਂ ਹੋਂਦ ਵਿਚ ਆਈ ਨਿੱਜੀ ਕੰਪਨੀ ਨੂੰ ਇਸੇ ਜ਼ਹਾਜ਼ ਦੀ ਕੀਮਤ 1670 ਕਰੋੜ ਰੁਪਏ ਨਿਰਧਾਰਤ ਕਰਕੇ ਭਾਈਵਾਲ ਬਣਾਇਆ। ਕੁਝ ਅਮੀਰ ਘਰਾਣਿਆਂ ਦੇ ਹੱਥਾਂ ਵਿਚ ਖੇਡ ਕੇ ਮੋਦੀ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਤੇ ਅਖੰਡਤਾ ਨੂੰ ਛਿੱਕੇ ਟੰਗ ਕੇ ਭਾਰਤੀ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਵੱਲੋਂ ਵਿਖਾਏ ਜਾਂਦੇ ਸਬਜ਼ ਬਾਗਾਂ ਤੋਂ ਅੱਕ ਚੁੱਕੀ ਹੈ ਤੇ ਆਉਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸੁਚੱਜੀ ਅਗਵਾਈ ਵਿਚ ਆਪਣਾ ਫਤਵਾ ਦੇਵੇਗੀ।


Related News