ਕੁਰੈਸ਼ੀ ਤੇ ਲਾਵਰੋਵ ਨੇ ਰੱਖਿਆ, ਅੱਤਵਾਦ ਰੋਕੂ ਮਾਮਲਿਆਂ ’ਚ ਸਹਿਯੋਗ ਦੀ ਕੀਤੀ ਸਮੀਖਿਆ
Wednesday, Apr 07, 2021 - 04:54 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਉਸ ਦੇ ਰੂਸੀ ਹਮ-ਅਹੁਦੇਦਾਰ ਸਰਗੇਈ ਲਾਵਰੋਵ ਨੇ ਇਥੇ ਬੁੱਧਵਾਰ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਅੱਤਵਾਦ ਵਿਰੋਧੀ ਕਦਮਾਂ, ਸੁਰੱਖਿਆ ਅਤੇ ਊਰਜਾ ਦੇ ਖੇਤਰਾਂ ’ਚ ਦੋ-ਪੱਖੀ ਸਹਿਯੋਗ ਦੀ ਸਮੀਖਿਆ ਕੀਤੀ। ਪਾਕਿਸਤਾਨੀ ਵਿਦੇਸ਼ ਮੰਤਰਾਲਾ ’ਚ ਕੁਰੈਸ਼ੀ ਨੇ ਲਾਵਰੋਵ ਦਾ ਸਵਾਗਤ ਕੀਤਾ। ਲਾਵਰੋਵ 2012 ਤੋਂ ਬਾਅਦ ਪਾਕਿਸਤਾਨ ਆਉਣ ਵਾਲੇ ਪਹਿਲੇ ਰੂਸੀ ਵਿਦੇਸ਼ ਮੰਤਰੀ ਹਨ। ਲਾਵਰੋਵ ਨੇ ਮੰਤਰਾਲਾ ਦੇ ਕੰਪਲੈਕਸ ’ਚ ਪੌਦਾ ਲਾਇਆ ਤੇ ਇਸ ਤੋਂ ਬਾਅਦ ਉਹ ਸਾਂਝੀ ਫੋਟੋ ਖਿਚਵਾਉਣ ਲਈ ਇਮਾਰਤ ਦੇ ਅੰਦਰ ਗਏ। ਇਸ ਤੋਂ ਬਾਅਦ ਵਫ਼ਦ ਪੱਧਰੀ ਗੱਲਬਾਤ ਹੋਈ। ਕੁਰੈਸ਼ੀ ਨੇ ਟਵੀਟ ਕੀਤਾ, ‘‘ਸ਼ਾਨਦਾਰ ਮੀਟਿੰਗਾਂ ਲਈ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦਾ ਸਵਾਗਤ ਕਰ ਕੇ ਅੱਜ ਬਹੁਤ ਖੁਸ਼ੀ ਹੋਈ। ਰੂਸ ਨਾਲ ਬਹੁਪੱਖੀ ਸਬੰਧ ਸਥਾਪਿਤ ਕਰਨਾ ਪਾਕਿਸਤਾਨ ਦੀ ਅਹਿਮ ਪਹਿਲਕਦਮੀ ਹੈ ਅਤੇ ਸਾਡਾ ਮੰਨਣਾ ਹੈ ਕਿ ਇਕ ਮਜ਼ਬੂਤ ਸਬੰਧ ਖੇਤਰੀ ਸਥਿਰਤਾ ਅਤੇ ਵਿਸ਼ਵ ਪੱਧਰੀ ਸੁਰੱਖਿਆ ’ਚ ਯੋਗਦਾਨ ਦਿੰਦੇ ਹਨ।’’
ਉਨ੍ਹਾਂ ਗੱਲਬਾਤ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਆਰਥਿਕ ਕੂਟਨੀਤੀ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਪਾਕਿਸਤਾਨ ਸਟ੍ਰੀਮ ਗੈਸ ਪਾਈਪਲਾਈਨ ਯੋਜਨਾ ਸਮੇਤ ਊਰਜਾ ਸਹਿਯੋਗ ਦੇ ਖੇਤਰ ’ਚ ਤਰੱਕੀ ਉੱਤੇ ਚਰਚਾ ਕੀਤੀ। ਕੁਰੈਸ਼ੀ ਨੇ ਕਿਹਾ, ‘‘ਅਸੀਂ ਅੱਤਵਾਦ ਰੋਕੂ ਕਦਮਾਂ ਸਮੇਤ ਸੁਰੱਖਿਆ ਦੇ ਖੇਤਰ ’ਚ ਸਹਿਯੋਗ ਦੀ ਸਮੀਖਿਆ ਕੀਤੀ।’’ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ’ਚ ਸਹਿਯੋਗ ਲਈ ਲੋਕਾਂ ਦਰਮਿਆਨ ਆਪਸੀ ਸੰਪਰਕ ਵਧਾਉਣ ਦੀ ਲੋੜ ’ਤੇ ਸਹਿਮਤੀ ਪ੍ਰਗਟਾਈ। ਅਸੀਂ ਸ਼ੰਘਾਈ ਸਹਿਯੋਗ ਸੰਗਠਨ ਦੀ ਰੂਪ-ਰੇਖਾ ਦੇ ਅਧੀਨ ਆਪਸੀ ਸਹਿਯੋਗ ਨੂੰ ਵਧਾਵਾਂਗੇ।ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਅਤੇ ਰੂਸ, ਅਫ਼ਗਾਨਿਸਤਾਨ ’ਚ ਸ਼ਾਂਤੀ ਤੇ ਸਥਿਰਤਾ ਸਮੇਤ ਕਈ ਮਾਮਲਿਆਂ ’ਤੇ ਸਾਂਝਾ ਰੁਖ਼ ਰੱਖਦੇ ਹਨ।
ਉਨ੍ਹਾਂ ਵਿਦੇਸ਼ ਮੰਤਰੀ ਸਾਹਮਣੇ ਕਸ਼ਮੀਰ ਦਾ ਮਾਮਲਾ ਵੀ ਚੁੱਕਿਆ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੱਖਣੀ ਏਸ਼ੀਆ ’ਚ ਸ਼ਾਂਤੀ ਅਤੇ ਸੁਰੱਖਿਆ ਦੇ ਮਾਮਲਿਆਂ ਅਤੇ ‘ਜੰਮੂ-ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਸਬੰਧੀ ਹਾਲਾਤ’ ਨੂੰ ਲੈ ਕੇ ਆਪਣਾ ਨਜ਼ਰੀਆ ਲਾਵਰੋਵ ਨਾਲ ਸਾਂਝਾ ਕੀਤਾ। ਉਨ੍ਹਾਂ ਟਵੀਟ ਕੀਤਾ, ‘‘ਸਾਨੂੰ ਉਮੀਦ ਹੈ ਕਿ ਇਹ ਯਾਤਰਾ ਸਾਡੀ ਮਿੱਤਰਤਾ ਨੂੰ ਹੋਰ ਗੂੜ੍ਹੀ ਕਰੇਗੀ ਅਤੇ ਅਸੀਂ ਉੱਚ ਪੱਧਰੀ ਸੰਪਰਕ ਰਾਹੀਂ ਵੱਖ-ਵੱਖ ਖੇਤਰਾਂ ’ਚ ਸਾਡੇ ਸਬੰਧਾਂ ਨੂੰ ਵਿਸਤਾਰ ਦੇਣ ਲਈ ਪ੍ਰਤੀਬੱਧ ਹਾਂ।’’ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਵਿਦੇਸ਼ ਮੰਤਰੀਆਂ ਨੇ ਬਹੁ-ਆਯਾਮੀ ਸਬੰਧਾਂ ’ਚ ਵਿਸਤਾਰ ਦੇਣ ਦੇ ਟੀਚੇ ਨਾਲ ਦੋਹਾਂ ਪੱਖਾਂ ਦੇ ਹਿੱਤਾਂ ਦੇ ਵੱਖ-ਵੱਖ ਵਿਸ਼ਿਆਂ ’ਤੇ ਡੂੰਘਾਈ ਨਾਲ ਚਰਚਾ ਕੀਤੀ। ਰੂਸੀ ਵਿਦੇਸ਼ ਮੰਤਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਹੋਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰੇਗਾ। ਉਹ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਰੂਸੀ ਵਿਦੇਸ਼ ਮੰਤਰਾਲਾ ਨੇ ਲਾਵਰੋਵ ਦੀ ਇਸਲਾਮਾਬਾਦ ਯਾਤਰਾ ਸਬੰਧੀ ਅਧਿਕਾਰਤ ਬਿਆਨ ’ਚ ਕਿਹਾ ਕਿ ਪਾਕਿਸਤਾਨ ਰੂਸ ਦਾ ਮਹੱਤਵਪੂਰਨ ਭਾਈਵਾਲ ਹੈ ਅਤੇ ਅੰਤਰਰਾਸ਼ਟਰੀ ਸੰਗਠਨਾਂ, ਮੁੱਖ ਤੌਰ ’ਤੇ ਸੰਯੁਕਤ ਰਾਸ਼ਟਰ ਅਤੇ ਉਸ ਦੀਆਂ ਏਜੰਸੀਆਂ ’ਚ ਉਸ ਦੇ ਨਾਲ ਮਹੱਤਵਪੂਰਨ ਗੱਲਬਾਤ ਹੋਈ। ਲਾਵਰੋਵ ਭਾਰਤ ਦੀ ਯਾਤਰਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਦੋ ਦਿਨਾ ਯਾਤਰਾ ’ਤੇ ਪਾਕਿਸਤਾਨ ਪਹੁੰਚੇ।