ਕੁਈਨਜ਼ਲੈਂਡ ਯੂਨੀਵਰਸਿਟੀ 'ਚ ਪੰਜਾਬੀ ਸੱਭਿਆਚਾਰਕ ਮੇਲੇ ਨੇ ਬੰਨ੍ਹੇ ਰੰਗ

Wednesday, May 01, 2019 - 11:40 AM (IST)

ਕੁਈਨਜ਼ਲੈਂਡ ਯੂਨੀਵਰਸਿਟੀ 'ਚ ਪੰਜਾਬੀ ਸੱਭਿਆਚਾਰਕ ਮੇਲੇ ਨੇ ਬੰਨ੍ਹੇ ਰੰਗ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ/ ਸਤਵਿੰਦਰ ਟੀਨੂੰ)— ਆਸਟ੍ਰੇਲੀਆ ਦੀ 'ਯੂਨੀਵਰਸਿਟੀ ਆਫ ਕੁਈਨਜ਼ਲੈਂਡ' ਸੱਭਿਆਚਾਰਕ ਮੇਲਾ ਲੱਗਿਆ ਜਿਸ ਦੌਰਾਨ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਨੇ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪੇਸ਼ ਕਰਦੀਆਂ ਸਟਾਲਾਂ ਲਗਾਈਆਂ ਜੋ ਵਿਦੇਸ਼ 'ਚ ਉਨ੍ਹਾਂ ਦੇ ਵਿਰਸੇ ਨੂੰ ਰੂਪਮਾਨ ਕਰ ਰਹੀਆਂ ਸਨ। ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਭਾਰਤੀ ਪਿਛੋਕੜ ਵਾਲੇ ਵਿਦਿਆਰਥੀਆਂ ਨੇ ਆਪਣੇ ਵਿਰਸੇ ਦੀ ਜਾਣਕਾਰੀ ਲਈ ਭਾਰਤੀ ਖਾਣੇ ਅਤੇ ਮਹਿੰਦੀ ਲਗਾਉਣ ਦੀਆਂ ਸਟਾਲਾਂ ਲਗਾਈਆਂ ਹੋਈਆਂ ਸਨ। ਯੂਨੀਵਰਸਿਟੀ ਕੁਈਨਜ਼ਲੈਂਡ ਸਿੱਖ ਐਸੋਸੀਏਸ਼ਨ ਦੇ ਵਿਦਿਆਰਥੀਆਂ ਨੇ ਸਿੱਖ ਧਰਮ ਅਤੇ ਦਸਤਾਰ ਦੀ ਮਹੱਤਤਾ ਦੀ ਜਾਣਕਾਰੀ ਲਈ ਵਿਸ਼ੇਸ਼ ਸਟਾਲ ਲਗਾਇਆ ਜਿਸ ਦੌਰਾਨ ਉਨ੍ਹਾਂ ਨੇ ਕਈਆਂ ਦੇ ਦਸਤਾਰਾਂ ਸਜਾਈਆਂ। ਉਨ੍ਹਾਂ ਨੇ ਸਿੱਖ ਧਰਮ 'ਚ ਦਸਤਾਰ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। 


PunjabKesari

ਇੱਥੇ ਦੌਰਾ ਕਰਦਿਆਂ ਗ੍ਰੀਨ ਪਾਰਟੀ ਦੇ ਰਾਇਨ ਹਲਕੇ ਦੇ ਉਮੀਦਵਾਰ ਜੇਕ ਸ਼ਰਮਰ ਨੇ ਦਸਤਾਰ ਸਜਾਈ ਅਤੇ ਇਸ ਦੀ ਮਹੱਤਤਾ ਵਿੱਚ ਖਾਸ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ  ਆਸਟ੍ਰੇਲੀਅਨ ਯੂਨੀਵਰਸਿਟੀਆਂ ਵਿਚ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਹਨ ਅਤੇ ਜਿਨ੍ਹਾਂ ਵਿੱਚ ਭਾਰਤੀ ਵੀ ਹਨ। ਵਿੱਦਿਅਕ ਅਦਾਰਿਆਂ ਨੂੰ ਹੋਣ ਵਾਲੀ ਆਮਦਨ ਦਾ ਵੱਡਾ ਹਿੱਸਾ ਵਿਦੇਸ਼ੀ ਫ਼ੀਸਾਂ ਦੇ ਰੂਪ ਵਿੱਚ ਆਉਂਦਾ ਹੈ। ਯੂਨੀਵਰਸਿਟੀਆਂ ਵਿੱਚੋਂ ਪੜ੍ਹੇ ਵਿਦਿਆਰਥੀ ਕਾਰੋਬਾਰੀ, ਸਰਕਾਰੀ ਅਤੇ ਗ਼ੈਰ ਸਰਕਾਰੀ ਖੇਤਰਾਂ ਵਿੱਚ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ । ਉਨ੍ਹਾਂ ਦੱਸਿਆ ਕਿ ਗ੍ਰੀਨ ਪਾਰਟੀ ਪ੍ਰਵਾਸੀਆਂ ਵਲੋਂ ਆਸਟ੍ਰੇਲੀਅਨ ਤਰੱਕੀ ਅਤੇ ਹੁਨਰਮੰਦ ਕਾਮਿਆਂ ਦੇ ਰੂਪ ਵਿੱਚ ਦਿੱਤੇ ਖਾਸ ਯੋਗਦਾਨ ਲਈ ਪ੍ਰਵਾਸੀਆਂ  ਦਾ ਧੰਨਵਾਦ ਕਰਦੀ ਹੈ। ਇੱਥੇ ਸੰਬੋਧਨ ਕਰਦਿਆਂ ਗ੍ਰੀਨ ਪਾਰਟੀ ਦੇ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਕਿਹਾ ਕਿ ਗ੍ਰੀਨ ਪਾਰਟੀ ਹਮੇਸ਼ਾ ਹੀ ਘੱਟ ਗਿਣਤੀਆਂ ਅਤੇ ਪਰਵਾਸੀਆਂ ਦੇ ਹੱਕਾਂ ਲਈ ਕੰਮ ਕਰਦੀ ਆਈ ਹੈ ਅਤੇ ਪਾਰਟੀ ਹਮੇਸ਼ਾਂ ਆਪਣੀ ਵਚਨਬੱਧਤਾ 'ਤੇ ਕਾਇਮ ਵੀ ਰਹੇਗੀ।


Related News