ਮਹਾਰਾਣੀ ਦਾ ਤਾਬੂਤ ਲਿਜਾਇਆ ਜਾਵੇਗਾ ਲੰਡਨ, ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ''ਚ ਲੋਕ ਜੁਟੇ
Tuesday, Sep 13, 2022 - 04:26 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਤਾਬੂਤ ਮੰਗਲਵਾਰ ਨੂੰ ਸਕਾਟਲੈਂਡ ਦੇ ਐਡਿਨਬਰਗ ਤੋਂ ਲੰਡਨ ਲਿਜਾਇਆ ਜਾਵੇਗਾ। ਇਸ ਦੌਰਾਨ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਰਸਤੇ 'ਚ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੋਮਵਾਰ ਨੂੰ ਮਹਾਰਾਣੀ ਦੇ ਚਾਰ ਬੱਚਿਆਂ- ਪ੍ਰਿੰਸ ਚਾਰਲਸ III, ਰਾਜਕੁਮਾਰੀ ਐਨੀ, ਪ੍ਰਿੰਸ ਐਂਡਰਿਊ ਅਤੇ ਪ੍ਰਿੰਸ ਐਡਵਰਡ ਦੀ ਮੌਜੂਦਗੀ ਵਿੱਚ ਉਹਨਾਂ ਦੇ ਤਾਬੂਤ ਨੂੰ ਐਡਿਨਬਰਗ ਵਿੱਚ ਸੇਂਟ ਗਿਲਜ਼ ਚਰਚ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਲੋਕ ਚਰਚ ਦੇ ਬਾਹਰ ਇਕੱਠੇ ਹੋਏ।
ਲੰਡਨ ਵਿੱਚ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਸੋਮਵਾਰ ਨੂੰ ਵੈਸਟਮਿੰਸਟਰ ਐਬੇ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਸਨ। ਸ਼੍ਰੀਲੰਕਾਈ ਮੂਲ ਦੀ 56 ਸਾਲਾ ਵੈਨੇਸਾ ਨਾਥਕੁਮਾਰਨ ਕਤਾਰ ਵਿੱਚ ਪਹਿਲੀ ਸ਼ਖਸ ਸੀ। ਲੋਕ ਬੁੱਧਵਾਰ ਤੋਂ ਵੈਸਟਮਿੰਸਟਰ ਐਬੇ ਵਿਖੇ ਮਹਾਰਾਣੀ ਨੂੰ ਅੰਤਿਮ ਸ਼ਰਧਾਂਜਲੀ ਦੇ ਸਕਣਗੇ। ਨਾਥਕੁਮਾਰਨ ਦਾ ਪਰਿਵਾਰ ਸ਼ਾਹੀ ਪਰਿਵਾਰ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਉਹਨਾਂ ਨੇ ਕਿਹਾ ਕਿ ਮੈਂ ਯਕੀਨੀ ਤੌਰ 'ਤੇ ਇਸਦਾ ਹਿੱਸਾ ਬਣਨਾ ਚਾਹੁੰਦੀ ਸੀ। ਮੰਗਲਵਾਰ ਸ਼ਾਮ ਨੂੰ ਮਹਾਰਾਣੀ ਦੇ ਤਾਬੂਤ ਨੂੰ ਰਾਇਲ ਏਅਰ ਫੋਰਸ (ਆਰਏਐਫ) ਦੇ ਜਹਾਜ਼ ਰਾਹੀਂ ਐਡਿਨਬਰਗ ਤੋਂ ਲੰਡਨ ਲਿਜਾਇਆ ਜਾਵੇਗਾ। ਰਾਜਕੁਮਾਰੀ ਐਨੀ ਵੀ ਜਹਾਜ਼ ਵਿੱਚ ਸਵਾਰ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਐਲਿਜ਼ਾਬੇਥ ਦੇ ਅੰਤਿਮ ਸੰਸਕਾਰ ਲਈ ਅਮਰੀਕਾ 'ਚ ਬਾਈਡੇਨ ਅਤੇ ਉਹਨਾਂ ਦੀ ਪਤਨੀ ਨੂੰ ਸੱਦਾ
ਪਰੰਪਰਾ ਦੇ ਅਨੁਸਾਰ ਕਿੰਗ ਚਾਰਲਸ III ਅਤੇ ਉਸਦੀ ਪਤਨੀ ਰਾਣੀ ਕੰਸੋਰਟ ਕੈਮਿਲਾ ਉੱਤਰੀ ਆਇਰਲੈਂਡ ਦੇ ਸੋਗ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਲੰਡਨ ਵਿੱਚ ਮਹਾਰਾਣੀ ਦੇ ਤਾਬੂਤ ਦੀ ਅਗਵਾਈ ਕਰਨਗੇ। ਮਹਾਰਾਣੀ ਦੇ ਤਾਬੂਤ ਨੂੰ ਰਾਤ ਭਰ ਬਕਿੰਘਮ ਪੈਲੇਸ ਦੇ ਬੋ ਰੂਮ ਵਿੱਚ ਰੱਖਿਆ ਜਾਵੇਗਾ, ਜਿੱਥੇ ਸ਼ਾਹੀ ਪਰਿਵਾਰ ਦੇ ਮੈਂਬਰ ਉਸ ਨੂੰ ਸ਼ਰਧਾਂਜਲੀ ਦੇਣਗੇ। ਬੁੱਧਵਾਰ ਨੂੰ ਇੱਕ ਅੰਤਿਮ ਸੰਸਕਾਰ ਦੀ ਯਾਤਰਾ ਹੋਵੇਗੀ, ਜਿੱਥੇ ਮਹਾਰਾਣੀ ਦੇ ਤਾਬੂਤ ਨੂੰ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਐਬੇ (ਸੰਸਦ ਕੰਪਲੈਕਸ) ਤੱਕ ਲਿਜਾਇਆ ਜਾਵੇਗਾ। ਅੰਤਿਮ ਸੰਸਕਾਰ ਯੂਕੇ ਦੀ ਰਾਜਧਾਨੀ ਦੇ ਕੁਝ ਸਭ ਤੋਂ ਮਸ਼ਹੂਰ ਸਥਾਨਾਂ ਵਿੱਚੋਂ ਦੀ ਲੰਘੇਗਾ, ਜਿਹਨਾਂ ਵਿਚ ਕਵੀਨਜ਼ ਗਾਰਡਨ, ਦਿ ਮਾਲ, ਹਾਰਸ ਗਾਰਡਜ਼ ਅਤੇ ਹਾਰਸ ਗਾਰਡਜ਼ ਆਰਚ, ਵ੍ਹਾਈਟਹਾਲ, ਪਾਰਲੀਮੈਂਟ ਸਟ੍ਰੀਟ, ਪਾਰਲੀਮੈਂਟ ਸਕੁਏਅਰ ਅਤੇ ਨਿਊ ਪੈਲੇਸ ਯਾਰਡ ਸ਼ਾਮਲ ਹਨ। ਮਹਾਰਾਣੀ ਐਲਿਜ਼ਾਬੈਥ II ਦਾ 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਜਾਵੇਗਾ।